

ਆਪਣਾ ਛੋਟਾ ਜਿਹਾ ਕਲੀਨਿਕ ਖੋਲ੍ਹ ਲਿਆ ਸੀ। ਉਸ ਦੇ ਆਉਣ ਨਾਲ ਪਿੰਡ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਸੀ। ਮੌਕੇ-ਬੇਮੌਕੇ ਪਿੰਡ ਵਾਲਿਆ ਨੂੰ ਡਾਕਟਰੀ ਮਦਦ ਮਿਲਣ ਲੱਗ ਪਈ ਸੀ। ਉਹ ਡਾਕਟਰ ਘੱਟ ਤੇ ਨੀਮ- ਹਕੀਮ ਵੱਧ ਲਗਦਾ ਸੀ। ਦੇਸੀ ਅੰਗਰੇਜ਼ੀ ਤੇ ਕਈ ਚਾਲੂ ਨੁਸਖਿਆਂ-ਟੋਟਕਿਆ ਦੀ ਵਰਤੋਂ ਵੱਧ ਕਰਦਾ। ਉਂਝ ਨਿੱਕੀ-ਮੋਟੀ ਬੀਮਾਰੀ ਤਾਂ ਉੱਥੋਂ ਦੇ ਲੋਕਾਂ ਦੇ ਲਾਗੇ ਨਾ ਫਟਕਦੀ। ਇਕਦਮ ਸ਼ੁੱਧ ਆਬੋ ਹਵਾ। ਮਿਹਨਤੀ ਸੁਭਾਅ। ਮਿਲਾਵਟੀ ਖਾਣਾ ਨਹੀਂ, ਬਿਨਾਂ ਬਣਾਉਟੀ ਖਾਦਾਂ ਤੋਂ ਤਿਆਰ ਫ਼ਸਲਾਂ, ਨਾਲ ਦੀ ਇਹ ਲੋਕ ਹਲਕੀ-ਫੁਲਕੀ ਬੀਮਾਰੀ ਦਾ ਇਲਾਜ ਤਾਂ ਆਪ ਹੀ ਘਰੇਲੂ ਟੋਟਕਿਆਂ ਤੇ ਜੰਗਲੀ ਜੜੀ-ਬੂਟੀਆਂ ਨਾਲ ਕਰ ਲੈਂਦੇ, ਜਿਹੜੇ ਉਨ੍ਹਾਂ ਨੇ ਪੀੜ੍ਹੀ-ਦਰ-ਪੀੜ੍ਹੀ ਆਪਣੇ ਵੱਡੇ ਵਡੇਰਿਆਂ ਤੋਂ ਸਿੱਖੇ ਹੁੰਦੇ।
ਮੈਂ ਤੇ ਬਿੱਲਾ ਕਈ ਵਾਰੀ ਸੋਚਦੇ ਕਿ ਇਹ ਡਾਕਟਰ ਆਪਣੇ ਪਿੰਡ ਦੀ ਦੁਕਾਨ ਛੱਡ ਕੇ ਇਸ ਬਹੁਤ ਹੀ ਪਿਛੜੇ ਤੇ ਗਰੀਬ ਲੋਕਾਂ ਕੋਲ ਕੀ ਲੈਣ ਆਇਆ ਹੈ। ਬਿੱਲਾ ਮਾਸਟਰ ਦਲੀਲ ਦਿੰਦਾ, "ਮੈਨੂੰ ਲਗਦੇ, ਇਸ ਦੇ ਪਿੰਡ 'ਚ ਕੋਈ ਇਸ ਤੋਂ ਵੱਧ ਕਾਬਿਲ ਤੇ ਕੁਆਲੀਫਾਈਡ ਡਾਕਟਰ ਆ ਗਿਆ ਹੋਣੇ, ਇਸ ਦਾ ਕੰਮ ਠੰਡਾ ਪੈ ਗਿਆ ਹੋਣਾ, ਇਧਰ ਕੋਈ ਟੁੱਟਾ-ਭੱਜਾ ਡਾਕਟਰ ਵੀ ਹੈ ਨੀ ਸੀ, ਇਧਰ ਲੋੜ ਸੀ ਸੋ ਬੋਰੀਆ ਬਿਸਤਰਾ ਸਮੇਟ ਕੇ ਇਸ ਪਾਸੇ ਆ ਗਿਆ, ਹੋਰ ਕੀ।"
ਪਰ ਮੈਨੂੰ ਇਸ ਡਾਕਟਰ ਦੇ ਰਹੱਸਮਈ ਵਿਵਹਾਰ ਤੋਂ ਲੱਗਦਾ ਕਿ ਇਸਨੇ ਜ਼ਰੂਰ ਆਪਣੇ ਪਿੰਡ ਵਿਚ ਹੀ ਕੋਈ ਕਾਰਨਾਮਾ ਅੰਜਾਮ ਦਿੱਤਾ ਹੈ, ਜਿਸ ਕਰਕੇ ਇਹ ਆਪਣਾ ਵਰ੍ਹਿਆਂ ਤੋਂ ਚਲਦਾ ਅੱਡਾ ਛੱਡ ਕੇ ਇਧਰ ਆਉਣ ਲਈ ਮਜ਼ਬੂਰ ਹੋਇਆ ਹੈ। ਅਸੀਂ ਆਪੋ ਆਪਣੇ ਅਟਕਲ-ਪੱਚੂ ਮਾਰਦੇ। ਅਸਲੀਅਤ ਦਾ ਸਾਨੂੰ ਕੋਈ ਗਿਆਨ ਨਹੀਂ ਸੀ।
ਚਾਲੀ-ਪੰਜਤਾਲੀ ਸਾਲ ਦੀ ਅਧਖੜ੍ਹ ਉਮਰ ਤੇ ਦਰਮਿਆਨੇ ਜਿਹੇ ਕੱਦ ਵਾਲੇ ਇਸ ਡਾਕਟਰ ਦੇ ਕਣਕਵਿਨੇ ਰੰਗ ਵਾਲੇ ਚਿਹਰੇ 'ਤੇ ਮੋਟੇ ਲੇਂਜ ਦੀ ਐਨਕ, ਜਿਹੜੀ ਵਾਰ-ਵਾਰ ਹੇਠਾਂ ਵੱਲ ਖਿਸਕ ਆਉਂਦੀ। ਉਹ ਸੱਜੇ ਹੱਥ ਦੇ ਅੰਗੂਠੇ ਨਾਲ ਦੀ 'ਸ਼ਰਾਰਤੀ' ਉਂਗਲੀ ਨਾਲ ਉਸ ਨੂੰ ਉਪਰ ਚੁਕਦਾ। ਗੱਲਾਂ ਵਿਚ ਅੰਗਰੇਜ਼ੀ ਦੇ ਸ਼ਬਦਾਂ ਦਾ ਵਧੇਰੇ ਇਸਤੇਮਾਲ ਕਰਦਾ, ਸ਼ਾਇਦ ਪਿੰਡ ਵਾਲਿਆਂ 'ਤੇ ਆਪਣਾ ਪ੍ਰਭਾਵ ਪਾਉਣ ਲਈ। ਧੋਣ ਦੀ ਮੇਲ ਕਰਕੇ ਕਾਲੇ ਕਚੀਟ ਹੋਏ ਕਾਲਰ ਉਤੋਂ ਦੀ ਪੁਰਾਣਾ ਜਿਹਾ ਸਟੇਬਸਕੋਪ ਲਟਕਦਾ। ਉਸ ਪਾਸੋਂ ਅਮਲੀਆਂ ਵਰਗੀ ਭੈੜੀ ਜਿਹੀ ਗੰਧ ਆਉਂਦੀ ਰਹਿੰਦੀ। ਪਨਾਮਾ ਬਾਂਡ ਸਿਗਰਟ ਦਾ ਸ਼ੁਕੀਨ। ਖ਼ਾਸ ਕਰਕੇ ਜਵਾਨ ਔਰਤ ਰੋਗਣਾ ਪਾਸੋਂ, ਉਨ੍ਹਾਂ ਦੀ ਬੀਮਾਰੀ ਨਾਲੋਂ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਵੱਧ ਸੁਆਲ ਪੁੱਛਦਾ। ਕਈ ਵਾਰੀ ਅਜਿਹੇ ਸਵਾਲ ਵੀ, ਜਿਸ ਦਾ ਉਸ ਰੋਗਣ ਦੀ ਬੀਮਾਰੀ ਨਾਲ ਦੂਰ- ਦੂਰ ਦਾ ਵੀ ਕੋਈ ਵਾਸਤਾ ਨਾ ਹੁੰਦਾ।
ਫੁਰਸਤ ਸਮੇਂ ਉਹ ਪਾਕੇਟ ਟ੍ਰਾਂਜਿਸਟਰ ਤੋਂ ਫਿਲਮੀ ਗਾਣੇ ਸੁਣਦਾ