

6. ਪੰਛੀ ਉੜ ਗਏ ਨੇ
ਉਸ ਦਿਨ ਬਿੱਲਾ ਮਾਸਟਰ ਛੁੱਟੀ 'ਤੇ ਸੀ। ਆਪਣੇ ਪਿੰਡ ਹੀ ਨਹੀ ਸੀ ਮੁੜਿਆ। ਮੈ ਅੱਧੀ ਛੁੱਟੀ ਸਮੇਂ ਚੁਬਾਰੇ 'ਤੇ ਆਇਆ। ਰੋਟੀ ਖਾ ਕੇ ਹੇਠਾਂ ਉਤਰਿਆ। ਡਾਕਟਰ ਦੀ ਦੁਕਾਨ ਵੱਲ ਵੇਖਿਆ। ਡਾਕਟਰ ਆਪਣੀ ਸੀਟ 'ਤੇ ਨਹੀਂ ਸੀ। ਬਾਹਰ ਵੀ ਵਿਖਾਈ ਨਾ ਦਿੱਤਾ। ਮੈਂ "ਡਾਕਟਰ ਸਾਬ-ਡਾਕਟਰ ਸਾਬ ਪੁਕਾਰਦਾ ਅੰਦਰ ਚਲਿਆ ਗਿਆ। ਦੁਕਾਨ ਅੰਦਰ ਸਾਹਮਣੇ ਹਰੇ ਰੰਗ ਦਾ ਪਰਦਾ ਟੰਗ ਕੇ ਉਸ ਪਿੱਛੇ ਇੱਕ ਲੰਮਾ ਬੈਂਚ ਰੱਖਿਆ ਹੋਇਆ ਸੀ। ਉਸ 'ਤੇ ਦਰੀ ਵਿਛਾਈ ਹੋਈ ਸੀ ਤੇ ਇਕ ਸਰ੍ਹਾਣਾ ਰੱਖਿਆ ਹੋਇਆ ਸੀ, ਜਿਸ 'ਤੇ ਰੋਗੀ ਨੂੰ ਲਿਟਾ ਕੇ ਡਾਕਟਰ ਚੇਕਅੱਪ ਕਰਦਾ ਸੀ। ਮੈਨੂੰ ਉਹ ਪਰਦਾ ਹਿੱਲਦਾ ਜਿਹਾ ਨਜ਼ਰ ਆਇਆ। ਥੋੜ੍ਹੀ ਖੁਸਰ-ਫੁਸਰ ਜਿਹੀ ਵੀ ਮਹਿਸੂਸ ਹੋਈ। ਪਰਦੇ ਹੇਠਿਉ ਮੈਨੂੰ ਡਾਕਟਰ ਦੇ ਕਾਲੇ ਬੂਟ ਵੀ ਨਜ਼ਰ ਆਏ। ਮੇਰੀ ਪੁਕਾਰ ਸੁਣ ਕੇ ਵੀ ਡਾਕਟਰ ਨੇ ਕੋਈ ਜਵਾਬ ਕਿਉਂ ਨਹੀਂ ਦਿੱਤਾ? ਇਸ ਉਤਸੁਕਤਾ ਕਰਕੇ ਮੈਂ ਪੋਲਿਆ ਪੱਬੀ ਪਰਦੇ ਲਾਗੇ ਪੁੱਜ ਗਿਆ। ਫਿਰ ਇਕ ਪਾਸਿਉਂ ਹੌਲੀ ਦੇਣੀ ਪਰਦਾ ਹਟਾ ਕੇ ਅੰਦਰ ਵੱਲ ਡਾਕਿਆ ਤਾਂ ਮੇਰੇ ਪੈਰ ਉੱਥੇ ਹੀ ਜੜ ਹੋ ਗਏ। ਅੱਖਾਂ ਨੂੰ ਵਿਸਵਾਸ਼ ਨਹੀਂ ਸੀ ਹੋਇਆ। ਮੇਰੇ ਵੱਲ ਡਾਕਟਰ ਦੀ ਪਿੱਠ ਸੀ। ਉਹ ਬੈਂਚ 'ਤੇ ਲੰਮੀ ਪਈ ਕਮਲ 'ਤੇ ਝੁਕਿਆ ਹੋਇਆ ਸੀ। ਉਸ ਦਾ ਇੱਕ ਹੱਥ ਕਮਲ ਦੀ ਛਾਤੀ 'ਤੇ ਸੀ ਤੇ ਦੂਸਰਾ ਧੁੰਨੀ ਤੋਂ ਹੇਠਾਂ।
ਕਿਸੇ ਆਲੌਕਿਕ ਅਨੰਦ ਕਰਕੇ ਕਮਲੇ ਦੀਆਂ ਅੱਖਾਂ ਬੰਦ ਸਨ। ਉਨ੍ਹਾਂ ਨੂੰ ਨਾ ਆਪਣੀ ਹੋਸ਼ ਸੀ ਤੇ ਨਾ ਹੀ ਆਪਣੇ ਆਲੇ-ਦੁਆਲੇ ਦਾ। ਉਨ੍ਹਾਂ ਨੂੰ ਇਸ ਹਾਲਤ ਵਿਚ ਵੇਖ ਕੇ ਮੇਰੇ ਸਿਰ ਤੋਂ ਪੈਰਾਂ ਤਾਈਂ ਕਰੰਟ ਜਿਹਾ ਦੌੜ ਗਿਆ। ਮੈਂ ਬਹੁਤ ਦੇਰ ਉਥੇ ਖੜ੍ਹਾ ਨਾ ਰਹਿ ਸਕਿਆ। ਪੁੱਠੇ ਪੈਰੀਂ ਮੈਂ ਬਾਹਰ ਆ ਗਿਆ। ਕਾਫ਼ੀ ਦੇਰ ਖੜੋਤਾ ਰਿਹਾ, ਪਰ ਕੋਈ ਬਾਹਰ ਨਾ ਨਿਕਲਿਆ। ਇਕ ਦਿਲ ਕਰੇ ਬਾਹਰ ਤਾਸ਼ ਖੇਡਦੀ ਟੋਲੀ ਨੂੰ ਦੱਸ ਕੇ ਡਾਕਟਰ ਦੀ ਕਰਤੂਤ ਦਾ ਪਰਦਾਫਾਸ਼ ਕਰ ਦਿਆਂ। ਪੰਡਿਤ ਜੀ ਨੂੰ ਪੁੱਛਾਂ ਕਿ ਇਥੇ ਡਾਕਟਰੀ ਦੇ ਨਾਂ ਹੇਠ ਦੁਕਾਨ ਅੰਦਰ ਕੀ ਹੋ ਰਿਹਾ ਹੈ। ਫਿਰ ਦੂਸਰੇ ਪਲ ਖ਼ਿਆਲ ਆਇਆ ਕਿ ਜੇ ਦੋਹਾਂ ਦੀ ਰਜ਼ਾਮੰਦੀ ਹੋਈ, ਡਾਕਟਰ 'ਚੇਕਅੱਪ' ਦੀ ਆੜ ਲੈ ਕੇ ਮੈਨੂੰ ਹੀ ਝੂਠਾ ਸਾਬਤ ਕਰ ਗਿਆ ਤਾਂ ਫਿਰ, ਮੈਂ ਖਾਮ-ਖਾਹ ਹੀ ਬੁਰਾ ਬਣਾਂਗਾ ਕਿਉਂਕਿ ਉਸ ਪਿੰਡ ਨੂੰ ਡਾਕਟਰ ਦੀ ਲੋੜ ਸੀ ਤੇ ਦੂਸਰੇ ਉਸ ਨੇ ਪਿੰਡ ਵਾਸੀਆਂ ਤੇ ਆਪਣਾ ਪ੍ਰਭਾਵ ਵੀ ਜਮਾ ਲਿਆ ਸੀ। ਬਸ ਅਜਿਹੀ ਮਾਨਸਿਕਤਾ ਦੇ ਚਲਦਿਆਂ ਮੇਰੀ ਸੋਚ ਪੱਥਰ ਹੋ ਗਈ ਸੀ। ਮੇਰੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ ਕਿ ਕੀ ਕਰਾਂ-ਕੀ ਨਾ ਕਰਾਂ। ਫਿਰ ਜਦੋਂ ਕਾਫੀ ਦੇਰ ਦੋਹਾਂ 'ਚੋਂ ਕੋਈ ਬਾਹਰ ਨਾ ਨਿਕਲਿਆ ਤਾਂ ਜੱਕੋ-ਤੱਕੇ ਵਿੱਚ ਮੇਰੇ ਪੈਰ ਮੁੜ ਦੁਕਾਨ ਵੱਲ ਨੂੰ ਮੁੜ ਗਏ। ਮੈਂ ਦਰਵਾਜ਼ੇ ਦੀ ਕੁੰਡੀ ਖੜਕਾਈ, "ਜਨਾਬ ਬੈਠੇ ਜ਼ਰਾ-ਮੇ ਮਰੀਜ਼ ਚੌਂਕ ਕਰਕੇ ਆਇਆ।" ਡਾਕਟਰ ਦੀ ਖੁਮਾਰੀ ਭਰੀ ਆਵਾਜ਼ ਸੀ।