

"ਕਰੋ-ਕਰੋ ਜ਼ਰਾ ਚੰਗੀ ਤਰ੍ਹਾਂ ਕਰੋ ਚੈਕਅੱਪ-ਇਥੇ ਕਹਿੜਾ ਜਲਦੀ ਹੈ....।" ਮੈਂ ਚਾਹੁੰਦਾ ਹੋਇਆ ਕੁਝ ਵੀ ਨਾ ਕਹਿ ਸਕਿਆ ਤੇ ਚੁੱਪ-ਚਾਪ ਰੋਹ ਭਰੀਆ ਅੱਖਾਂ ਨਾਲ ਪਰਦੇ ਹੇਠੋਂ ਨਜ਼ਰ ਆਉਂਦੇ ਬੂਟਾ ਵੱਲ ਵੇਖਦਾ ਰਿਹਾ।
ਕੁਝ ਦੇਰ ਮਗਰੋਂ ਪਰਦਾ ਪੂਰੀ ਤਰ੍ਹਾਂ ਹਿਲਿਆ। ਪਿੱਛੇ ਕੋਈ ਹਲਚਲ ਜਿਹੀ ਹੋਈ। ਪਹਿਲੋਂ ਡਾਕਟਰ ਬਾਹਰ ਆ ਕੇ ਆਪਣੀ ਸੀਟ 'ਤੇ ਬੈਠ ਗਿਆ। ਮੇਰੇ ਨਾਲ ਬਿਨਾਂ ਅੱਖਾਂ ਮਿਲਾਇਆਂ ਤੇ ਬੋਲਿਆ, ਚੁੱਪ-ਚਾਪ ਡੱਬੀਆਂ 'ਚੋਂ ਰੰਗ-ਬਰੰਗੀਆਂ ਗੋਲੀਆਂ ਤੇ ਕੈਪਸੂਲ ਕੱਢ ਕੇ ਪੁੜੀਆਂ ਬਣਾਉਣ ਲੱਗ ਪਿਆ। ਕੁਝ ਹੀ ਪਲਾਂ 'ਚ ਆਪਣੇ ਕੱਪੜੇ ਠੀਕ ਕਰਦੀ ਕਮਲ ਵੀ ਪਰਦੇ ਪਿੱਛਿਉਂ ਨਿਕਲ ਕੇ ਡਾਕਟਰ ਸਾਹਮਣੇ ਆ ਖੜ੍ਹੀ ਹੋਈ। ਉਸ ਨੇ ਮੇਰੇ ਵੱਲ ਚੋਰ ਨਜ਼ਰਾਂ ਨਾਲ ਵੇਖਿਆ। ਉਸ ਦਾ ਜ਼ੋਰ-ਜ਼ੋਰ ਨਾਲ ਧੜਕਦਾ ਸੀਨਾ, ਸਮੁੰਦਰ ਦੇ ਜਵਾਰ ਭਾਟੇ ਵਾਂਗ ਉੱਚਾ-ਨੀਵਾਂ ਹੋ ਰਿਹਾ ਸੀ। ਚਿਹਰਾ ਤੰਦੂਰ ਵਾਂਗ ਤਪਿਆ ਹੋਇਆ ਸੀ। ਝੁਕੀਆਂ ਹੋਈਆਂ ਪਲਕਾਂ ਹੇਠਿਉਂ ਸਰੂਰ ਅਜੇ ਵੀ ਪਹਾੜੀ ਝਰਨੇ ਵਾਂਗ ਡਿੱਗਦਾ ਪਿਆ ਸੀ। ਡਾਕਟਰ ਨੇ ਉਸ ਨੂੰ ਪੁੜੀਆਂ ਦੇ ਕੇ, ਦਵਾਈ ਲੈਣ ਦੇ ਢੰਗ ਦੀ ਹਿਦਾਇਤ ਦਿੱਤੀ। ਕਮਲੇ ਨੇ ਪੁੜੀਆਂ ਆਪਣੇ ਪੁਰਾਣੇ ਜਿਹੇ ਦੁਪੱਟੇ ਦੇ ਲੜ ਨਾਲ ਬੰਨ੍ਹ ਲਈਆਂ ਤੇ ਬਿਨਾਂ ਕੋਈ ਫੀਸ ਦਿੱਤਿਆਂ ਦੁਕਾਨ ਤੋਂ ਬਾਹਰ ਆਈ ਤੇ ਆਪਣਾ ਖਾਲੀ ਘੜਾ ਚੁੱਕ ਕੇ ਤੇਜ਼ੀ ਨਾਲ ਆਪਣੇ ਖੂਹ ਵੱਲ ਵਧ ਗਈ।
ਡਾਕਟਰ ਉੱਤੋਂ-ਉੱਤੋਂ ਬੇਸ਼ੱਕ ਸ਼ਾਂਤ ਦਿਸਣ ਦੀ ਕੋਸ਼ਿਸ ਕਰ ਰਿਹਾ ਸੀ ਪਰ ਉਹ ਅੰਦਰੋਂ-ਅੰਦਰੀ ਸਮੁੰਦਰ ਵਾਂਗ ਪੂਰੀ ਤਰ੍ਹਾਂ ਅਸ਼ਾਂਤ ਨਜ਼ਰ ਆਉਂਦਾ ਸੀ। ਉਸ ਦੀ ਅਸੰਤੁਲਤ ਹਾਲਤ ਦਾ ਪਤਾ ਉਸਦੀ ਤੇਜ਼ੀ ਨਾਲ ਹਿਲਦੀ ਲੱਤ ਅਤੇ ਸਰਦੀ ਵਿਚ ਵੀ ਮੱਥੇ 'ਤੇ ਆਏ ਮੁੜ੍ਹਕੇ ਤੋਂ ਲੱਗ ਰਿਹਾ ਸੀ। ਉਸ ਨੇ ਝੱਟ ਸਿਗਰਟ ਸੁਲਗਾ ਲਈ ਸੀ।
"ਚਾਹ ਆਵੇ ਮਾਸਟਰ ਜੀ?” ਉਸ ਨੇ ਮੈਨੂੰ ਪੁਛਿਆ ਸੀ। ਤਦ ਨੂੰ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੱਜ ਗਈ ਸੀ।
"ਥੈਂਕ ਯੂ-ਚੱਲੀਏ ਹੁਣ-ਪੀਰਡ ਲਾਉਣਾ ਹੈ"। ਕਹਿ ਕੇ ਮੈਂ ਉਥੋਂ ਉਠ ਆਇਆ ਸੀ। ਪਰ ਉਸ ਦਿਨ ਮੈਂ ਬਾਕੀ ਦੇ ਪੀਰਡ ਢੰਗ ਨਾਲ ਪੜ੍ਹਾ ਨਾ ਸਕਿਆ। ਅੱਖਾਂ ਮੂਹਰੇ ਪਰਦੇ ਦੇ ਪਿੱਛੇ ਵਾਲਾ ਸੀਨ ਕਿਸੇ ਫਿਲਮ ਵਾਂਗ ਆਉਂਦਾ-ਜਾਂਦਾ ਸੀ। ਡਾਕਟਰ ਪ੍ਰਤੀ ਮੇਰੇ ਮਨ ਵਿਚ ਜੋ ਇਜ਼ਤ ਸੀ, ਉਹ ਹੁਣ ਖ਼ਤਮ ਹੋ ਗਈ ਸੀ। ਡਾਕਟਰ ਨੂੰ 'ਦੂਸਰਾ ਰੱਬ' ਕਿਹਾ ਜਾਂਦਾ ਹੈ, ਪਰ ਉਸ ਨੇ ਆਪਣੇ ਪੇਸ਼ੇ ਨੂੰ ਕਲੰਕਿਤ ਕਰ ਛੱਡਿਆ ਸੀ।
ਦੂਸਰੇ ਦਿਨ ਜਦੋਂ ਮੈਂ ਬਿੱਲੇ ਮਾਸਟਰ ਨੂੰ ਡਾਕਟਰ ਦੀ ਕਰਤੂਤ ਦੱਸੀ ਤਾਂ ਉਹ ਗੁੱਸੇ ਨਾਲ ਬੇਕਾਬੂ ਹੋ ਗਿਆ ਸੀ, "ਤੂੰ ਵੀ ਕੁਝ ਨੀ ਯਾਰ। ਮੈਂ ਤੇਰੀ ਥਾਂ ਹੁੰਦਾ ਤਾਂ ਉਸ ਡਾਕਟਰ ਦੇ ਬੱਚੇ ਦਾ ਜਲੂਸ ਕੱਢ ਦੇਣਾ ਸੀ। ਸ਼ੋਰ ਮਚਾ ਕੇ ਰੰਗੇ ਹੱਥੀਂ ਫੜਾ ਦਿੰਦਾ ਸਾਲੇ ਨੂੰ... ।"
"ਫਿਰ ?" ਮੈਂ ਪੁੱਛਿਆ ਸੀ