1.ਪ੍ਰਵੇਸ਼
ਬਸੰਤ ਰੁੱਤ ਸੀ। ਹਰ ਪਾਸੇ ਹਰਿਆਲੀ। ਖਿੜੀ ਹੋਈ ਸਰ੍ਹੋਂ ਨੇ ਜਿਵੇਂ ਹਰੇ ਭਰੇ ਖੇਤਾਂ 'ਤੇ ਪੀਲੀ ਸ਼ਨੀਲ ਦੀ ਫੁਲਕਾਰੀ ਵਿਛਾ ਦਿੱਤੀ ਹੋਵੇ। ਗੁਣ- ਗੁਣੀ, ਕੋਸੀ ਕੋਸੀ ਧੁੱਪ। ਕੜਾਕੇ ਦੀ ਠੰਡ ਹੁਣ ਢਲਾਨ 'ਤੇ ਸੀ। ਅਸੀਂ ਦਸੰਬਰ ਮਹੀਨੇ ਹੀ ਆਰਥਕ ਸਰਵੇਖਣ ਦੀ ਡਿਊਟੀ ਤੋਂ ਫਾਰਗ ਹੋਏ ਸੀ। ਇਮਤਿਹਾਨ ਸਿਰ 'ਤੇ ਸਨ। ਅਸੀਂ ਵਿਦਿਆਰਥੀਆਂ ਦੀ ਦੁਹਰਾਈ ਕਰਾਉਣ ਵਿਚ ਰੁੱਝੇ ਹੋਏ ਸੀ ਕਿ ਤਦ ਹੀ ਜਨਗਨਣਾ ਦਾ ਕੰਮ ਦੀ ਸਾਡੇ ਮੱਥੇ ਮੜ੍ਹ ਦਿੱਤਾ ਗਿਆ। ਇਹ ਖ਼ਬਰ ਮਿਲਦਿਆਂ ਸਾਰ ਹੀ ਅਸੀਂ ਸਾਰੇ ਅਧਿਆਪਕ ਖਿਝ ਪਏ ਸੀ।
"ਸਾਨੂੰ ਤਾਂ ਸਰਕਾਰ ਨੇ ਵਿਹਲੇ ਸਮਝਿਆ ਹੋਇਆ ਹੈ, ਜੋ ਵੀ ਜਹਾਨ ਦਾ ਕੰਮ ਹੈ ਉਹ ਸਾਡੇ ਗਲ ਪਾ ਦਿੱਤਾ ਜਾਂਦਾ ਹੈ-ਅਜੇ ਪਿਛਲੇ ਸਾਲ ਹੀ ਤਾਂ ਚੋਣਾਂ ਕਰਾਈਆਂ ਸਨ। ਫਿਰ ਸਾਖ਼ਰਤਾਂ ਦਾ ਸਰਵੇ ਕੀਤਾ ਸੀ। ਉਸ ਮਗਰੋਂ ਵੋਟਰ ਲਿਸਟਾਂ ਦੀ ਸੋਧ ਦਾ ਕੰਮ ਮੁਕਦਿਆਂ ਹੀ ਆਰਥਕ ਸਰਦੇ ਤੇ ਹੁਣ ਮਰਦਮ ਸ਼ੁਮਾਰੀ । ਸਾਨੂੰ ਪੜ੍ਹਾਉਣ ਤਾਂ ਦਿੰਦੇ ਹੀ ਨਹੀਂ। ਫਿਰ ਵੀ ਹਰ ਕੋਈ ਸਾਡੇ ਤੋਂ ਨਾਰਾਜ਼। ਅਸੀਓਂ ਬਦਨਾਮ ਕਿ ਮਾਸਟਰ ਸਕੂਲਾਂ ਵਿਚ ਜਾਂਦੇ ਹੀ ਨਹੀਂ: ਪੜ੍ਹਾਉਂਦੇ ਨਹੀਂ, ਮੁਫ਼ਤ ਦੀਆਂ ਤਨਖਾਹਾਂ ਕੁੱਟਦੇ ਨੇ। ਹੁਣ ਇਨ੍ਹਾਂ ਨੇ ਇਨਾ ਵੀ ਨਹੀਂ ਸੋਚਿਆ ਕਿ ਸਾਲਾਨਾ ਪ੍ਰੀਖਿਆਵਾਂ ਸਿਰ 'ਤੇ ਨੇ। ਬੱਚਿਆਂ ਨਾਲ ਹੁਣੇ-ਹੁਣੇ ਮੁੜ ਸੰਪਰਕ ਜੁੜਿਆ ਹੈ ਫਿਰ ਘੁੰਮੋ ਘਰ-ਘਰ, ਦਰ-ਦਰ ਦੀ ਖ਼ਾਕ ਛਾਣਦੇ ਫਿਰ ਪਿੰਡ-ਪਿੰਡ, ਨਗਰ-ਨਗਰ ।" ਹਰ ਪਾਸਿਓਂ ਅਜਿਹੀਆਂ ਪ੍ਰਤੀਕ੍ਰਿਆਵਾਂ ਹੋਈਆਂ ਸਨ। ਅਖ਼ਬਾਰਾਂ ਵਿਚ ਵੀ ਬਿਆਨ ਛਪੇ ਸਨ ਅਲਗ- ਅਲਗ ਅਧਿਆਪਕ ਜਥੇਬੰਦੀਆਂ ਦੇ। ਪਰ ਕਿਸੇ ਦੇ ਕੰਨ 'ਤੇ ਜੂੰਅ ਨਹੀਂ ਸੀ ਸਰਕੀ। ਸਰਕਾਰ ਜਿਹੜਾ ਵੀ ਕੰਮ ਮਿਥ ਲੈਂਦੀ ਹੈ, ਜੁੱਤੀ ਦੇ ਜ਼ੋਰ ਨਾਲ ਕਰਾ ਲੈਂਦੀ ਹੈ। ਨੌਕਰੀ ਕੀ ਤੇ ਨਖ਼ਰਾ ਕੀ। ਪਰ ਦੁੱਖ ਇਸ ਗੱਲ ਦਾ ਵੀ ਸੀ ਕਿ ਇਹ ਸਾਰੇ ਕੰਮ ਸਰਕਾਰੀ ਮਾਸਟਰਾਂ ਤੋਂ ਹੀ ਲਏ ਜਾਂਦੇ। ਪ੍ਰਾਈਵੇਟ ਤੇ ਸਰਕਾਰ ਤੋਂ ਏਡ ਪ੍ਰਾਪਤ ਕਰਨ ਵਾਲੇ ਸਕੂਲਾਂ ਦੇ ਅਧਿਆਪਕ ਇਨ੍ਹਾਂ ਬਗਾਰਾਂ ਤੋਂ ਬਰੀ ਰਹਿੰਦੇ। ਉਹ ਆਪਣਾ ਸਲੇਬਸ ਮੁਕਾ ਕੇ ਦੁਹਰਾਈ ਤੇ ਟੈਸਟ ਲੈ ਰਹੇ ਹੁੰਦੇ ਤੇ ਅਸੀਂ ਆਪਣੇ ਵਿਦਿਆਰਥੀਆਂ ਤੋਂ ਦੂਰ ਧੱਕੇ ਖਾ ਰਹੇ ਹੁੰਦੇ। ਗੈਰ ਸਰਕਾਰੀ ਸਕੂਲਾਂ ਦੇ ਨਤੀਜੇ ਸਾਥੋਂ ਵਧੀਆ ਆਉਂਦੇ ਤਾਂ ਵੀ ਸਰਕਾਰੀ ਅਧਿਆਪਕਾਂ ਦਾ ਸਮਾਜ ਵਿਚ ਭੰਡੀ ਪ੍ਰਚਾਰ ਹੁੰਦਾ।
ਸਾਨੂੰ ਦੇ ਰਿਹਰਸਲਾਂ ਕਰਾ ਕੇ, ਪਿੰਡ ਅਲਾਟ ਕਰਨ ਮਗਰੋਂ ਕਾਗਜ਼ ਪੱਤਰ ਦੇ ਦਿੱਤੇ ਗਏ ਸਨ ਤੇ ਮਹੀਨੇ ਦੇ ਅੰਦਰ-ਅੰਦਰ ਆਪੋ-ਆਪਣੇ ਪਿੰਡ ਦੀ ਮਰਦਮ ਸ਼ੁਮਾਰੀ ਕਰਨੀ ਸੀ ਤੇ ਮੁਕੰਮਲ ਕਾਗਜ਼ਾਤ ਵਿਭਾਗ ਦੇ ਹਵਾਲੇ ਕਰਨੇ ਸਨ। ਇਹ ਕੰਮ ਮੁਕਦਿਆਂ ਸਾਰ ਹੀ ਨਿਸ਼ਚਤ ਤੌਰ 'ਤੇ ਸਾਲਾਨਾ ਪ੍ਰੀਖਿਆਵਾਂ ਦੀ ਡਿਊਟੀਆਂ 'ਤੇ ਵੀ ਜਾਣਾ ਪੈਣਾ ਸੀ।