Back ArrowLogo
Info
Profile

ਕਿਰਾਇਆ ਦਿੱਤੇ ਬਿਨਾਂ ਆਪਣਾ ਮੋਟਾ-ਮੋਟਾ ਸਮਾਨ ਲੈ ਕੇ ਰਫੂ-ਚੱਕਰ ਹੋ ਗਿਆ ਸੀ। ਸ਼ੱਕ ਦੀ ਸੂਈ ਡਾਕਟਰ ਦੁਆਲੇ ਹੀ ਘੁੰਮਦੀ ਸੀ। ਮੈਂ ਵੀ ਸੌ ਫੀਸਦੀ ਸਹਿਮਤ ਸੀ ਇਸ ਗੱਲ ਨਾਲ। ਬਿੱਲੇ ਨੂੰ ਵੀ ਪੂਰਾ ਵਿਸ਼ਵਾਸ ਸੀ ਕਿ ਦੋਵੇਂ ਰਲ ਕੇ ਨਿਕਲੇ ਹਨ ਪਰ ਉਹ ਮੈਨੂੰ ਝਈ ਲੈ ਕੇ ਪੈਂਦਾ ਸੀ ਕਿ ਇਹ ਸਭ ਮੇਰੇ ਕਾਰਣ ਹੋਇਆ ਹੈ ਕਿ ਜੇ ਮੈਂ ਉਸ ਦਿਨ ਡਾਕਟਰ ਨੂੰ ਰੰਗੇ ਹੱਥੀ ਫੜਵਾ ਦਿੰਦਾ ਤਾਂ ਇਹ ਨੰਬਤ ਸ਼ਾਇਦ ਨਾ ਆਉਂਦੀ।

ਹਾਲਾਂਕਿ ਕਮਲ ਦੇ ਪਿਉ ਨੇ ਪਿੰਡ ਦੀ ਪੰਚਾਇਤ ਵਿਚ ਇਸ ਸੰਬੰਧੀ ਫਰਿਆਦ ਕਰ ਦਿੱਤੀ ਸੀ ਪਰ ਕਮਲੇ ਦੇ ਇੰਝ ਚਲੇ ਜਾਣ ਦਾ, ਸ਼ਾਇਦ ਸਭ ਤੋਂ ਵੱਧ ਦੁੱਖ ਬਿੱਲੇ ਮਾਸਟਰ ਨੂੰ ਹੋਇਆ ਸੀ। ਕਰਮੂ ਨੇ ਕਾਫ਼ੀ ਤਲਾਸ਼ ਕੀਤੀ ਸੀ ਕਮਲੇ ਦੀ। ਹਰੇਕ ਰਿਸ਼ਤੇਦਾਰੀ ਵਿਚ ਪੁੱਛ-ਪੜਤਾਲ ਕੀਤੀ ਪਰ ਕੋਈ ਉਗ-ਸੁਗ ਨਹੀਂ ਸੀ ਮਿਲ ਰਹੀ ਕਿ ਉਸਨੂੰ ਆਸਮਾਨ ਖਾ ਗਿਆ ਸੀ ਜਾ ਧਰਤੀ ਨਿਗਲ ਗਈ ਸੀ। ਕਰਮੂ ਕਿਸੇ 'ਤੇ ਸ਼ੱਕ ਨਾ ਜ਼ਾਹਿਰ ਕਰਦਾ। ਉਂਝ ਸਾਰਾ ਪਿੰਡ ਡਾਕਟਰ ਦਾ ਨਾਂ ਲੈਂਦਾ।

ਬਿੱਲਾ ਮੈਨੂੰ ਵਾਰ-ਵਾਰ ਉਕਸਾਉਂਦਾ, "ਆ ਚੱਲੀਏ ਸਰਪੰਚ ਕੋਲ। ਉਸਨੂੰ ਡਾਕਟਰ ਦੀ ਸਾਰੀ ਕਰਤੂਤ ਦੱਸ ਦਿੰਦੇ ਹਾਂ।" ਪਰ ਮੈਂ ਬਿੱਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, "ਅਜਿਹੇ ਮਸਲਿਆਂ ਵਿਚ ਬੇ-ਮਤਲਬ ਸਾਥੋਂ ਵੀ ਪੁੱਛਗਿੱਛ ਹੋਣੀ ਹੈ। ਗਵਾਹੀਆਂ ਭੁਗਤਦੇ ਫਿਰਾਂਗੇ।" ਮੈਨੂੰ ਤਾਂ ਅਜਿਹੀਆਂ ਗੱਲਾਂ ਤੋਂ ਦੂਰ ਹੀ ਰਹਿਣਾ ਚੰਗਾ ਲਗਦਾ। ਬਿੱਲਾ ਮਾਸਟਰ ਨਾਰਾਜ਼ ਹੁੰਦਾ ਤੇ ਸੌ ਵਾਰ ਹੁੰਦਾ ਰਹੇ। ਮੈਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਸੀ।

ਕਮਲੋ ਦਾ ਦਮ ਭਰਨ ਵਾਲਾ ਬਿੱਲਾ ਮਾਸਟਰ ਹੁਣ ਬੁਝਿਆ-ਬੁਝਿਆ ਜਿਹਾ ਰਹਿੰਦਾ। ਉਸਨੂੰ ਮਨ ਹੀ ਮਨ ਕਮਲ ਦੀ ਉਡੀਕ ਰਹਿੰਦੀ। ਉਸ ਦੀਆਂ ਨਜ਼ਰਾਂ ਖੂਹ ਵੱਲ ਜਾਂਦੇ ਰਸਤੇ 'ਤੇ ਕਮਲੇ ਨੂੰ ਤਲਾਸ਼ ਕਰਦੀਆਂ। ਫਿਰ ਨਿਰਾਸ਼ ਹੋ ਕੇ ਪਰਤ ਆਉਂਦੀਆਂ। ਫਿਰ ਵੀ ਜਿੱਥੇ ਤੇ ਜਦੋਂ ਕਦੇ ਕਮਲੇ ਦਾ ਚਰਚਾ ਸ਼ੁਰੂ ਹੁੰਦਾ, ਉਹ ਬੜੇ ਹੀ ਧਿਆਨ ਨਾਲ ਸੁਣਦਾ ਤੇ ਆਪਣੇ ਵਿਚਾਰ ਦੇਣ ਲਗਦਾ।

ਜਿਉਂ-ਜਿਉਂ ਦਿਨ, ਹਫ਼ਤੇ, ਮਹੀਨੇ ਲੰਘਦੇ ਗਏ, ਹੌਲੀ-ਹੌਲੀ ਕਮਲੇ ਦੇ ਭੱਜ ਜਾਣ ਦਾ ਚਰਚਾ ਵੀ ਘਟਦਾ ਗਿਆ ਸੀ। ਨਾ ਕਮਲ ਮੁੜੀ ਸੀ ਤੇ ਨਾ ਹੀ ਉਸਦਾ ਕੋਈ ਸੁਰਾਗ ਮਿਲਿਆ ਸੀ।

42 / 239
Previous
Next