

ਦੇ ਦਾਅ-ਪੇਚ। ਕੋਈ ਭਾਂਡਿਆਂ ਦੇ ਟਾਂਕੇ ਲਾਉਣ ਦਾ ਕੰਮ ਸਿੱਖਣ ਨੂੰ ਚਾਹੁੰਦਾ ਤੇ ਕੋਈ ਘਰ ਬਾਹਰ ਛੱਡ ਕੇ ਬਾਬੇ ਕੋਲ ਆ ਕੇ ਰਹਿਣ ਦੀ ਜ਼ਿੱਦ ਕਰਨ ਲੱਗਦਾ ਪਰ ਬਾਬਾ ਕਿਸੇ ਨੂੰ ਆਪਣੇ ਲੜ ਨਾ ਫੜਾਉਂਦਾ।
ਬਾਬਾ ਜਦੋਂ ਬੱਕਰੀਆਂ ਲੈ ਕੇ ਰੁੱਖਾਂ ਬਾੜੀਆਂ 'ਚ ਘੁੰਮ ਰਿਹਾ ਹੁੰਦਾ। ਪੱਤੇ ਚਰਦੀਆਂ ਬੱਕਰੀਆਂ ਇੱਧਰ-ਉਧਰ ਖਿੱਲਰ ਜਾਂਦੀਆ ਤਾਂ ਉਨ੍ਹਾਂ ਨੂੰ ਬੁਲਾਉਣ ਲਈ ਖ਼ਾਸ ਕਿਸਮ ਦੀਆਂ ਆਵਾਜ਼ਾਂ ਕੱਢਦਾ "ਹੂਚ ਚ ਹਰੇ..ਲੈ- ਲੇ-ਆ। ਕਦੋਂ ਸੀਟੀ ਵਜਾਉਂਦਾ ਤੇ ਕਈ ਵਾਰ ਬੰਸਰੀ ਵੀ ਵਜਾਉਂਦਾ। ਦੂਰ- ਦੂਰ ਪੱਤਿਆਂ ਨੂੰ ਮੂੰਹ ਮਾਰਦੀਆਂ ਬੱਕਰੀਆਂ ਕ੍ਰਿਸ਼ਨ ਬਣੇ ਬਾਬੇ ਵੱਲ ਗੋਪੀਆਂ ਵਾਂਗ ਖਿੱਚੀਆਂ ਆਉਂਦੀਆਂ।
ਬਾਬਾ ਪੰਜਾਬੀ-ਹਿੰਦੀ ਪੜ੍ਹ ਲੈਂਦਾ ਸੀ। ਜਿੱਥੋਂ ਕਿਤਿਉਂ ਉਸ ਨੂੰ ਕੋਈ ਪੁਰਾਣਾ ਅਖ਼ਬਾਰ ਮਿਲ ਜਾਂਦਾ, ਉਸ ਦੀ ਤਹਿ ਲਾ ਕੇ ਆਪਣੇ ਥੇਲੇ 'ਚ ਰੱਖ ਲੈਂਦਾ ਤੇ ਫੁਰਸਤ ਮਿਲਣ ਤੇ ਉਸ ਦਾ ਅੱਖਰ-ਅੱਖਰ ਚੱਟ ਜਾਂਦਾ। ਉਸ ਨੂੰ ਇਸ ਗੱਲ ਨਾਲ ਕੋਈ ਮਤਲਬ ਨਾ ਹੁੰਦਾ ਕਿ ਅਖ਼ਬਾਰ ਕਿੰਨਾ ਕੁ ਪੁਰਾਣਾ ਹੈ। ਕਿਤਾਬਾਂ ਪੜ੍ਹਨ ਦਾ ਸ਼ੌਕ ਨਹੀਂ ਸੀ ਬਾਬੇ ਨੂੰ।
ਇਕ ਬਹੁਤ ਹੀ ਖ਼ਾਸ ਗੱਲ ਸੀ ਬਾਬੇ ਦੇ ਚਰਿੱਤਰ ਨੂੰ ਲੈ ਕੇ। ਬਾਬਾ ਔਰਤਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ। ਚਾਹੇ ਕੋਈ ਭਾਂਡੇ ਨੂੰ ਟਾਂਕਾ ਲਵਾਉਣ ਜਾਂ ਉਂਝ ਹੀ ਸ਼ਰਧਾਵੱਸ ਕੋਈ ਔਰਤ ਉਸ ਦੇ ਠਿਕਾਣੇ 'ਤੇ ਆਉਂਦੀ ਤਾਂ ਪਹਿਲੀ ਗੱਲ ਉਸ ਨੂੰ ਆਪਣੇ ਕਮਰੇ ਵਿਚ ਪੈਰ ਨਾ ਰੱਖਣ ਦਿੰਦਾ, ਫਿਰ ਉਸ ਨਾਲ ਛੇਤੀ-ਛੇਤੀ ਦੋ ਟੁੱਕ ਗੱਲ ਮੁਕਾ ਕੇ ਭੇਜ ਦਿੰਦਾ। ਲਗਦਾ, ਉਸ ਦੀ ਜ਼ਿੰਦਗੀ ਵਿਚ ਔਰਤ ਦਾ ਪ੍ਰਵੇਸ਼ ਵਰਜਿਤ ਸੀ। ਇਸੇ ਕਰਕੇ ਉਹ ਮੂੰਹ ਹਨੇਰੇ ਤਾਰਿਆਂ ਦੀ ਛਾਂ ਹੇਠ ਹੀ ਖੂਹ ਤੇ ਜਾ ਕੇ ਨਹਾ ਲੈਂਦਾ ਤੇ ਸ਼ਾਮ ਨੂੰ ਵੀ ਜਦੋਂ ਖੂਹ ਸੁੰਨਾ ਪਿਆ ਹੁੰਦਾ, ਉਦੋਂ ਹੀ ਇਸ਼ਨਾਨ ਪਾਣੀ ਕਰਦਾ। ਜਿਵੇਂ ਨਫ਼ਰਤ ਸੀ ਬਾਬੇ ਨੂੰ ਔਰਤ ਜਾਤ ਤੋਂ। ਬਾਬਾ ਠੁਕ-ਠੁਕੀਆ ਮੁੰਡਿਆਂ ਨੂੰ ਅਕਸਰ ਕਹਿੰਦਾ, "ਭਲਿਉ, ਜੇ ਭਲਵਾਨੀ ਕਰਨੀ ਐ ਨਾ, ਨਿਰੋਗ ਰਹਿਣਾ ਐ ਤਾਂ ਇਨ੍ਹਾਂ ਔਰਤਾਂ ਤੋਂ ਬਚ ਕੇ ਰਹਿਣਾ। ਆਪਣੇ ਪਿੰਡੇ 'ਤੇ ਇਨ੍ਹਾਂ ਦੀ ਨਜ਼ਰ ਨਹੀਂ ਪੈਣ ਦੇਣੀ, ਗ੍ਰਹਿਣ ਲੱਗ ਜਾਂਦਾ ਦੇ ਸਰੀਰ ਨੂੰ। ਨਜ਼ਰਾਂ ਨਾਲ ਹੀ ਨਿਚੋੜ ਲੈਂਦੀਆਂ ਨੇ ਇਹ ਸਰੀਰ ਦਾ ਸੱਤ। ਇਹਨਾਂ ਦਾ ਡੰਗਿਆ ਸਾਰੀ ਉਮਰ ਤੜਫ਼ਦਾ ਰਹਿੰਦਾ ਭੋਲਿਉ।"
ਬਾਬੇ ਬਾਰੇ ਇਹ ਗੱਲ ਤਾਂ ਸਾਰੇ ਇਲਾਕੇ ਵਿੱਚ ਮਸ਼ਹੂਰ ਸੀ ਕਿ ਵਰ੍ਹਿਆਂ ਤੋਂ ਫਕੜਾਂ ਵਾਂਗ ਘੁੰਮਦੇ ਬਾਬੇ ਦੇ ਚਰਿੱਤਰ 'ਤੇ ਕਿਸੇ ਨੇ ਉਂਗਲੀ ਨਹੀਂ ਸੀ ਉਠਾਈ। ਇੱਕ ਦਿਨ ਬਿੱਲੇ ਮਾਸਟਰ ਨੇ ਤਾਂ ਬਾਬੇ ਨੂੰ ਪੁੱਛ ਹੀ ਲਿਆ ਸੀ, "ਬਾਬਾ ਜੀ, ਤੁਸੀਂ ਇੰਜ ਹੀ ਇਕੱਲੇ ਘੁੰਮਦੇ ਫਿਰਦੇ ਹੋ। ਜਿਵੇਂ ਕਿ ਆਮ ਸੁਣਦੇ ਹਾਂ ਕਿ ਬੇ-ਔਲਾਦ ਜਾਂ ਆਪਣੀ ਪਤੀ ਤੋਂ ਨਿਰਾਸ਼ ਔਰਤਾਂ ਬਾਬਿਆਂ ਮਗਰ ਘੁੰਮਦੀਆਂ ਨੇ, ਆਪਣੀ ਮਨੋ-ਕਾਮਨਾ ਪੂਰੀ ਕਰਨ ਲਈ। ਤੁਹਾਡੇ ਮਗਰ ਵੀ ਆਉਂਦੀਆਂ ਹੋਣਗੀਆਂ.....।