

ਉਏ ਭੋਲਿਉ, ਇਹ ਬਾਬਾ ਉਨ੍ਹਾਂ 'ਚੋਂ ਨਹੀ ਐ। ਮੈਂ ਆਪਣੇ ਆਪ ਨੂੰ ਇਸ ਲਾਇਕ ਛੱਡਿਆਂ ਈ ਨੀ। ਜੇ ਸੱਚਮੰਚ ਦੇ ਬਾਬੇ ਬਣਨਾ ਐ ਨਾ ਤਾਂ ਆਪਣੀਆਂ ਇੰਦਰੀਆਂ ਨੂੰ ਵੱਸ ਵਿਚ ਕਰਨਾ ਪੈਂਦੇ। ਇਹ ਰਾਹ ਇੰਨਾ ਸੋਖਾ ਨੀ। ਜਿਹੜੇ ਬਾਬੇ ਇੰਜ ਨਹੀਂ ਕਰਦੇ, ਉਹ ਛੇਤੀ ਹੀ ਬਦਨਾਮ ਵੀ ਹੋ ਜਾਂਦੇ ਨੇ ਤੇ ਕਈ ਵਾਰੀ ਉਨ੍ਹਾਂ ਦੇ ਕਤਲ ਵੀ ਹੋ ਜਾਂਦੇ ਨੇ। ਜਦੋਂ ਮੈਂ ਬਾਬਾ ਬਣਿਆ ਸੀ, ਉਦੋਂ ਮੇਰੀ ਉਮਰ ਤੀਹ ਕੁ ਵਰ੍ਹਿਆਂ ਦੀ ਹੋਵੇਗੀ। ਭਰਿਆ-ਪੂਰਿਆ ਜਵਾਨ ਸੀ। ਬੱਸ ਸਭ ਤੋਂ ਪਹਿਲਾ ਕੰਮ ਮੈਂ ਇਹੋ ਕੀਤਾ ਸੀ, ਆਪਣੀ ਇੰਦਰੀ ਨੂੰ ਨਾਕਾਮ ਕਰ ਦਿੱਤਾ ਸੀ।"
"ਅੱਛਾ। ਉਹ ਕਿਵੇਂ ?" ਬਿੱਲੇ ਨੇ ਹੈਰਾਨੀ ਨਾਲ ਪੁੱਛਿਆ ਸੀ।
"ਮੈਂ ਵੀਹ-ਵੀਹ ਕਿਲੋ ਦੇ ਪੱਥਰ ਰੱਸੀ ਜਰੀਏ ਆਪਣੀ ਇੰਦਰੀ ਨਾਲ ਬੰਨ੍ਹ ਕੇ ਚੁੱਕੇ। ਬੱਸ ਸ਼ਕਤੀ ਹੀ ਨਾਕਾਮ ਕਰ ਛੱਡੀ। ਨਾ ਹੁਣ ਰਿਹਾ ਬਾਂਸ ਤੇ ਨਾ ਵਜਦੀ ਹੈ ਬੰਸਰੀ।"
"ਇੰਝ ਕਿਵੇਂ ਹੋ ਸਕਦਾ ਹੈ ਬਾਬਾ ਜੀ, ਯਕੀਨ ਨਹੀਂ ਹੁੰਦਾ।" ਬਿੱਲੇ ਦੀ ਹੇਰਾਨੀ ਪੂਰੇ ਸਿਖ਼ਰਾਂ 'ਤੇ ਪੁੱਜ ਗਈ ਸੀ। ਫਿਰ ਬਾਬੇ ਨੇ ਸੱਚਮੁੱਚ ਹੀ ਉਹ ਕ੍ਰਿਸ਼ਮਾ ਕਰਕੇ ਵਿਖਾਇਆ ਤਾਂ ਬਿੱਲੇ ਨੂੰ ਵਿਸ਼ਵਾਸ ਹੋ ਗਿਆ ਸੀ।
"ਪਰ ਬਾਬਾ ਜੀ ਤੁਸੀਂ ਇੰਝ ਕਿਉਂ ਕੀਤਾ? ਤੁਸੀਂ ਬਾਬੇ ਕਿਉਂ ਬਣੇ ? ਇੰਝ ਨਾ ਕਰਦੇ ਤਾਂ ਤੁਸੀਂ ਵੀ ਇਸ ਇਲਾਕੇ ਵਿਚ ਮੌਜਾਂ ਕਰਦੇ।" ਕੁਝ-ਕੁਝ ਮਜ਼ਾਕ ਦੇ ਲਹਿਜ਼ੇ ਵਿਚ ਬਿੱਲੇ ਨੇ ਪੁੱਛਿਆ ਸੀ, “ਪਰ ਬਾਬਾ ਤੁਰੰਤ ਸਮਝ ਗਿਆ ਸੀ ਕਿ ਉਸ ਨੂੰ ਕੁਰੇਦਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਨੇ ਝਟਪਟ ਗੱਲ ਬਦਲਦਿਆਂ ਕਿਹਾ ਸੀ, "ਭਲਿਉ, ਚੱਲੀਏ ਵੇਖੀਏ ਬੱਕਰੀਆਂ ਕੀ ਕਰਦੀਆਂ ਨੇ, ਜ਼ਰਾ ਉਨ੍ਹਾਂ ਨੂੰ ਵੀ ਥਾਪੀ ਦੇ ਦੇਈਏ ਨਹੀਂ ਤਾਂ ਓਦਰ ਜਾਣਗੀਆਂ। ਸੋਚਣਗੀਆਂ ਬਾਬਾ ਖ਼ਬਰੇ ਕਿੱਥੇ ਚਲਿਆ ਗਿਆ।" ਕਹਿੰਦਾ ਹੋਇਆ ਬਾਬਾ ਬੱਕਰੀਆਂ ਦੇ ਬਾੜੇ ਵੱਲ ਹੋ ਗਿਆ ਸੀ ਤੇ ਬਿੱਲੇ ਦਾ ਸੁਆਲ ਹਵਾ 'ਚ ਹੀ ਤੈਰਦਾ ਰਹਿ ਗਿਆ ਸੀ।