Back ArrowLogo
Info
Profile

8. ਪੱਥਰ ਚੱਟ ਮਛਲੀ

ਇਸੇ ਦੌਰਾਨ ਤਰਖਾਣਾ ਦੇ ਮੁਹੱਲੇ 'ਚ ਕਿਰਾਏ ਤੇ ਰਹਿੰਦਾ ਸਾਡੇ ਸਕੂਲ ਦਾ ਇਕ ਅਧਿਆਪਕ ਤਬਾਦਲਾ ਕਰਾ ਕੇ ਸ਼ਹਿਰ ਚਲਿਆ ਗਿਆ ਸੀ। ਉਸ ਦਾ ਖਾਲੀ ਹੋਇਆ ਕਮਰਾ ਬਿੱਲੇ ਮਾਸਟਰ ਨੇ ਕਿਰਾਏ ਤੇ ਲੈ ਲਿਆ ਸੀ। ਪਹਿਲੋਂ ਅਸੀਂ ਲੋਕ ਪਿੰਡ ਦੀ ਬਸਤੀ ਤੋਂ ਦੂਰ ਰਹਿੰਦੇ ਸੀ। ਪਿੰਡ ਵਾਲਿਆਂ ਦੇ ਦਖ਼ਲ ਤੋਂ ਪਰੇ। ਆਪਣੀ ਆਜ਼ਾਦੀ ਸੀ। ਆਪਣੀ ਪ੍ਰਾਈਵੇਸੀ ਵੀ ਪਰ ਬਿੱਲਾ ਤਾਂ ਦਿਲੋਂ ਹੀ ਚਾਹੁੰਦਾ ਸੀ ਕਿ ਉਹ ਪਿੰਡ ਵਾਲਿਆਂ ਵਿਚ ਰਹੇ। ਉਨ੍ਹਾਂ ਨਾਲ ਮਿਲੇ ਜੁਲੇ। ਉਹ ਪਹਿਲਾਂ ਵੀ ਉਸ ਮੁਹੱਲੇ ਘੁੰਮ ਆਇਆ ਸੀ। ਉਥੇ ਰਹਿੰਦੇ ਮਾਸਟਰ ਦੇ ਬਹਾਨੇ। ਉਥੋਂ ਪਰਤ ਕੇ ਹਰ ਵਾਰ ਕਹਿੰਦਾ, ਇਥੇ ਕਿੱਥੇ ਪਏ ਆ ਅਸੀਂ ਖੁਸ਼ਕ ਜਿਹੀ ਥਾਂ ਤੇ । ਅੱਖਾਂ ਤਰਸ ਜਾਂਦੀਆਂ ਨੇ ਨੇਚਰਲ ਬਿਊਟੀ ਵੇਖਣ ਲਈ।"

ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, "ਬਿੱਲਿਆ ਅਸੀਂ ਕੁਆਰੇ ਹਾਂ। ਸਾਡਾ ਇਨ੍ਹਾਂ ਲੋਕਾ ਨਾਲ ਜਿਆਦਾ ਘੁਲਣਾ-ਮਿਲਣਾ ਠੀਕ ਨਹੀਂ ਹੈ। ਜਵਾਨੀ ਦੇ ਜੋਸ਼ ਵਿਚ ਕੋਈ ਭੁੱਲ ਹੋ ਗਈ ਤਾਂ ਸਾਡੀ ਨੌਕਰੀ ਹੀ ਕੁਝ ਇਹੋ ਜਿਹੀ ਹੈ। ਬਦਨਾਮ ਹੁੰਦਿਆਂ ਦੇਰ ਨਹੀਂ ਲਗਦੀ। ਸਾਨੂੰ ਸਮਾਜ ਨਹੀਂ ਬਖ਼ਸਦਾ। ਅਜੇ ਤਾਂ ਸਾਡੀ ਨੌਕਰੀ ਦੀ ਸ਼ੁਰੂਆਤ ਹੈ। ਹੁਣ ਸਾਡੀ ਜਿਹੜੀ ਇਮੇਜ ਬਣ ਗਈ, ਉਹੀ ਸਾਰੀ ਉਮਰ ਬਣੀ ਰਹਿਣੀ ਹੈ।" ਪਰ ਮੇਰੀਆਂ ਗੱਲਾਂ ਦਾ ਬਿੱਲੇ ਤੇ ਕੋਈ ਅਸਰ ਨਾ ਹੁੰਦਾ। ਉਹ ਇਨ੍ਹਾਂ ਨੂੰ ਫਜ਼ੂਲ, ਬੈਕਵਰਡ ਤੇ ਆਦਰਸ਼ਵਾਦੀ ਕਹਿ ਕੇ ਮਜਾਕ ਵਿੱਚ ਉਡਾ ਦਿੰਦਾ। ਉਸ ਦਾ ਵਿਚਾਰ ਸੀ। ਖਾਓ ਪੀਓ ਮੋਜ ਕਰੋ। ਇਹ ਜਵਾਨੀ ਮੁੜ ਹੱਥ ਨੀ ਆਉਣੀ। ਜਿੰਨੀ ਐਸ਼ ਲੁੱਟ ਹੁੰਦੀ ਹੈ ਲੁੱਟ ਲਓ।

ਬਿੱਲਾ ਮੈਨੂੰ ਵੀ ਮਜ਼ਬੂਰ ਕਰਦਾ ਪਿਆ ਸੀ ਨਾਲ ਚੱਲਣ ਲਈ। ਮੇਰੇ ਮਨ੍ਹਾਂ ਕਰਨ ਤੇ ਉਹ ਇਹ ਕਹਿ ਕੇ ਤਰਖਾਣਾਂ ਦੇ ਮੁਹੱਲੇ ਸ਼ਿਫਟ ਕਰ ਗਿਆ ਸੀ, "ਠੀਕ ਐ ਜੇ ਤੂੰ ਮੇਰਾ ਸਾਥ ਨਹੀਂ ਦੇਣਾ ਹੈ ਤਾਂ ਮੈਂ ਇਕੱਲਾ ਹੀ ਚਲਿਆ ਜਾਵਾਂਗਾ।" ਮੈਂ ਭਲਾ ਉਸ ਨੂੰ ਕਿਵੇਂ ਰੋਕ ਸਕਦਾ ਸੀ। ਨਾਲ ਦੇ ਸਾਥੀਆਂ ਨੇ ਸੋਚਿਆ ਸੀ ਸ਼ਾਇਦ ਸਾਡੇ ਵਿਚਕਾਰ ਕੋਈ ਲੜਾਈ ਝਗੜਾ ਹੋਇਆ ਹੈ, ਜਿਸ ਕਰਕੇ ਬਿੱਲਾ ਮੈਥੋਂ ਅਲੱਗ ਹੋ ਕੇ ਰਹਿਣ ਲੱਗ ਪਿਆ ਹੈ ਪਰ ਸਕੂਲ 'ਚ ਸਾਨੂੰ ਪਹਿਲਾਂ ਵਾਂਗ ਇਕੱਠਿਆਂ ਮਜ਼ਾਕ ਕਰਦਿਆਂ, ਖਾਂਦਿਆਂ-ਪੀਂਦਿਆਂ ਵੇਖ ਕੇ ਉਨ੍ਹਾਂ ਦਾ ਭਰਮ ਛੇਤੀ ਹੀ ਦੂਰ ਹੋ ਗਿਆ ਸੀ। ਬਿੱਲੇ ਤੋਂ ਜਦੋਂ ਵੀ ਮੈਂ ਉਸ ਦਾ ਹਾਲ-ਚਾਲ ਪੁੱਛਦਾ "ਨਵੀਂ ਥਾਂ ਦਿਲ ਲੱਗ ਗਿਆ" ਤਾਂ ਉਹ ਬੜਾ ਖੁਸ਼ ਹੋ ਕੇ ਕਹਿੰਦਾ, " ਮੌਜਾਂ ਈ ਮੌਜਾਂ ਨੇ ਉਥੇ ਤਾਂ। ਆ ਜਾ ਅਜੇ ਵੀ। ਕੀ ਰੱਖਿਆ ਹੈ ਚੁਬਾਰੇ ਤੇ। ਜ਼ਿੰਦਗੀ ਦੇ ਜਿਹੜੇ ਨਜ਼ਾਰੇ ਉੱਥੇ ਨੇ, ਉਹ ਹੋਰ ਕਿੱਥੇ ਨੇ। ਬਣਿਆ ਬਣਾਇਆ ਖਾਣਾ। ਧੋਤੇ ਧੁਆਏ ਕੱਪੜੇ। ਸਾਫ਼ ਕੀਤਾ ਕਰਾਇਆ ਕਮਰਾ। ਬਸ ਜ਼ਰਾ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾ ਲਿਆ। ਥੋੜ੍ਹਾ

48 / 239
Previous
Next