

ਪਿਆਰ ਨਾਲ ਹੱਸ ਕੇ ਬੋਲ ਲਿਆ। ਹਫ਼ਤੇ ਮਗਰੋਂ ਪਿੰਡ ਜਾਈਦਾ। ਘਰੋਂ ਉਨ੍ਹਾਂ ਲਈ ਕੁਝ ਨਾ ਕੁਝ ਲੈ ਆਈਦਾ। ਇਨ੍ਹੇ 'ਚ ਹੀ ਉਹ ਸਾਰੇ ਖੁਸ਼। ਆਪਾ ਵਾਰਨ ਨੂੰ ਫਿਰਦੇ ਸਾਰੇ ।" ਪਰ ਪਤਾ ਨਹੀਂ ਕਿਉਂ ਮੇਰਾ ਮਨ ਨਹੀਂ ਸੀ ਮੰਨਦਾ। ਇਹ ਨਜ਼ਾਰੇ ਤੈਨੂੰ ਈ ਮੁਬਾਰਕ। ਮੈਂ ਇਥੇ ਹੀ ਠੀਕ ਹਾਂ। ਮੈਂ ਕਹਿੰਦਾ ਤਾਂ ਬਿੱਲਾ ਵੀ ਮੈਨੂੰ ਟਿੱਚਰ ਕਰਦਾ, "ਤੇਰੀ ਕਿਸਮਤ ਵਿਚ ਹੀ ਨਹੀਂ ਪਿਆਰੇ ਇਸ ਵਿਚ ਤੇਰਾ ਕੀ ਦੋਸ਼।"
ਜਦੋਂ ਬਾਬੇ ਠੁਕ-ਠੁਕੀਏ ਨੂੰ ਬਿੱਲੇ ਦੇ ਚਲੇ ਜਾਣ ਦਾ ਪਤਾ ਲੱਗਾ ਸੀ ਤਾਂ ਉਸ ਦੀ ਪ੍ਰਤੀਕਿਰਿਆ ਕੁਝ ਇੰਝ ਸੀ। "ਖ਼ਤਾ ਖਾਵੇਗਾ ਭੇਲਿਉ, ਮੱਛੀ ਪੱਥਰ ਚੈਟ ਕੇ ਛੇਤੀ ਹੀ ਮੁੜ ਆਵੇਗੀ, ਵੇਖ ਲਈ। ਇਹ ਬਾਬਿਆਂ ਦਾ ਤਜ਼ਰਬਾ ਬੋਲਦਾ ਹੈ।" ਮੇਰੇ ਉਥੋਂ ਨਾ ਜਾਣ ਦੇ ਫੈਸਲੇ ਨੂੰ ਬਾਬੇ ਨੇ ਸਲਾਹਿਆ ਸੀ, "ਇਨ੍ਹਾਂ ਲੋਕਾਂ ਤੋਂ ਦੂਰ ਰਹਿਣ ਵਿਚ ਹੀ ਭਲਾਈ ਐ ਭੋਲਿਉ।"
ਹੁਣ ਚੁਬਾਰੇ ਤੇ ਮੈਂ ਇਕੱਲਾ ਰਹਿ ਗਿਆ ਸੀ। ਬਿੱਲੇ ਦੇ ਚਲੇ ਜਾਣ ਨਾਲ ਇਕੱਲਾਪਣ ਥੋੜਾ ਮਹਿਸੂਸ ਹੁੰਦਾ ਸੀ । ਅਸੀਂ ਆਪਣਾ ਰੋਟੀ ਪਾਣੀ ਵੀ ਇਕੱਠੇ ਰਲ-ਮਿਲ ਕੇ ਬਣਾ ਲੈਂਦੇ ਸੀ। ਮੈਂ ਆਟਾ ਗੁੰਨ ਕੇ ਰੋਟੀਆਂ ਸੇਕਦਾ ਤਾਂ ਉਹ ਸਬਜ਼ੀ ਛਿੱਲ ਕੇ ਭਾਜੀ ਬਣਾ ਲੈਂਦਾ। ਇਕ ਦੂਸਰੇ ਨਾਲ ਹੱਥ ਵੰਡਾ ਲੈਂਦੇ। ਪਰ ਹੁਣ ਸਾਰਾ ਕੰਮ ਮੈਨੂੰ ਆਪ ਹੀ ਕਰਨਾ ਪੈਂਦਾ। ਬਿੱਲੇ ਦੇ ਜਾਣ ਮਗਰੋਂ ਮੈਂ ਆਪਣਾ ਸਾਰਾ ਧਿਆਨ ਸਕੂਲ ਦੀ ਛੋਟੀ ਜਿਹੀ ਲਾਇਬਰੇਰੀ ਤੇ ਕੇਂਦਰਤ ਕਰ ਲਿਆ ਸੀ। ਪੰਜਾਬੀ-ਹਿੰਦੀ ਦੀਆਂ ਸੈਂਕੜੇ ਕਿਤਾਬਾਂ ਸਨ ਉੱਥੇ। ਸਾਹਿਤ ਦਾ ਅਨਮੋਲ ਖ਼ਜ਼ਾਨਾ। ਵਿਹਲੇ ਸਮੇਂ ਮੈਂ ਉਹ ਕਿਤਾਬਾਂ ਪੜ੍ਹ ਲੈਂਦਾ। ਟ੍ਰਾਂਜਿਸਟਰ ਤੇ ਖ਼ਬਰਾਂ ਤੇ ਗਾਣੇ ਸੁਣ ਲੈਂਦਾ। ਟੈਲੀਵਿਜਨ ਅਜੇ ਇਧਰ ਆਇਆ ਨਹੀਂ ਸੀ। ਬਿੱਲਾ ਤਾਂ ਸਕੂਲੋਂ ਛੁੱਟੀ ਹੁੰਦਿਆਂ ਸਾਰ ਹੀ ਆਪਣੇ ਮੁਹੱਲੇ ਚਲਿਆ ਜਾਂਦਾ। ਹੁਣ ਕਈ ਵਾਰ ਤਾਂ ਉਹ ਹਫ਼ਤੇ ਮਗਰੋਂ ਸ਼ਨੀ-ਐਤਵਾਰ ਵੀ ਆਪਣੇ ਪਿੰਡ ਨਾ ਜਾਂਦਾ। ਇੰਨਾ ਮਨ ਲੱਗ ਗਿਆ ਸੀ ਉਸਦਾ ਉਸ ਮੁਹੱਲੇ ਵਿਚ।
ਪੰਡਤ ਜੀ ਹਨੇਰਾ ਹੁੰਦਿਆਂ ਸਾਰ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਜਾਂਦੇ। ਠੁਕਠੁਕੀਆ ਬਾਬਾ ਵੀ ਆਮ ਤੌਰ ਤੇ ਕਾਫ਼ੀ ਹਨੇਰਾ ਹੋਣ ਤੇ ਹੀ ਪਰਤਦਾ। ਆਉਂਦਿਆਂ ਹੀ ਉਹ ਉੱਚੀ ਆਵਾਜ਼ ਵਿਚ ਮੈਨੂੰ ਪੁਕਾਰਦਾ-
"ਭੋਲਿਉ, ਸੋ ਗਏ ?"
"ਨਹੀਂ ਬਾਬਾ ਜੀ ਜਾਗਦਾ। ਅੱਜ ਤੁਸੀਂ ਵਾਹਵਾ ਹਨੇਰਾ ਕਰ ਲਿਆ।"
"ਭੋਲਿਓ, ਰਸਤੇ 'ਚ ਇਕ ਭਗਤ ਨੇ ਘੋਰ ਲਿਆ। ਜ਼ਿੰਦ ਕਰਨ ਲੱਗਾ, ਪ੍ਰਸ਼ਾਦੇ ਛੱਕ ਕੇ ਜਾਓ। ਥੋੜਾ ਟੈਮ ਲੱਗ ਗਿਆ ਨਾਲ ਇੱਥੇ ਕਿਹੜਾ ਉਡੀਕਦੀ ਹੈ ਸਾਨੂੰ ਕੋਈ ਝਾਂਡਰਾਂ ਵਾਲੀ।" ਬਾਬਾ ਥੋੜਾ ਮਜ਼ਾਕੀਆ ਲਹਿਜੇ 'ਚ ਬੋਲਦਾ ਤਾ ਮੈਂ ਵੀ ਉਸ ਸੁਰ ਵਿਚ ਉੱਤਰ ਦਿੰਦਾ, "ਝਾਂਜਰਾ ਆਲੀ ਤਾਂ ਕਈ ਤਿਆਰ ਰਹਿੰਦੀਆਂ, ਬਸ ਤੁਸੀਂ ਆਪ ਈ ਲਾਗ ਨੀ ਲੱਗਣ ਦਿੰਦੇ।"