ਇਸ ਦੇ ਕਰੀਬ ਆਉਂਦਾ ਜਾਂਦਾ ਇਥੋਂ ਦੀ ਜੰਗਲੀ ਦੁਨੀਆ ਵਿਚ ਪ੍ਰਵੇਸ਼ ਕਰਦਾ ਤਾਂ ਲਗਦਾ ਜਿਵੇਂ ਉਹ ਕਿਸੇ ਹਨੇਰੀ ਲੰਮੀ ਗੁਵਾ ਅੰਦਰ ਦਾਖਲ ਹੋ ਰਿਹਾ ਹੋਵੇ। ਇਹ ਸੰਸਾਰ ਹੀ ਵੱਖਰਾ ਸੀ, ਬਾਕੀ ਦੁਨੀਆ ਤੋਂ। ਉਸ ਪਹਾੜੀ ਦੀ ਸਿਖ਼ਰ 'ਤੇ ਚੜ੍ਹਣਾ ਤਾਂ ਔਖਾ ਸੀ ਹੀ ਪਰ ਉਸ ਤੋਂ ਉਤਰਨਾ ਹੋਰ ਵੀ ਕਠਿਨ ਸੀ। ਆਦਮੀ ਜਿਵੇਂ ਪੱਥਰਾਂ 'ਤੇ ਸਕੇਟਿੰਗ ਕਰਦਾ ਵਿਸਲਦਾ ਜਾਂਦਾ ਤੇਜੀ ਨਾਲ ਹੇਠਾਂ ਵੱਲ। ਪੱਥਰਾਂ ਨਾਲ ਪੱਥਰ ਜੋੜ ਕੇ ਚੜ੍ਹਾਈ-ਉਤਰਾਈ ਤੇ ਬਣਾਈਆਂ 'ਘੰਟੀਆਂ' ਬੜ੍ਹੀ ਜਿਹੀ ਲਾਪਰਵਾਹੀ ਨਾਲ ਉਸ 'ਤੇ ਇਕ ਵਾਰੀ ਪੈਰ ਤਿਲਕਿਆ ਨਹੀਂ ਕਿ ਫੁੱਟਬਾਲ ਵਾਂਗ ਰਿੜ੍ਹਦਾ ਬੰਦਾ ਹੇਠਾਂ ਕਾਫੀ ਡੂੰਘਾਈ 'ਤੇ ਜਾ ਕੇ ਹੀ ਰੁਕਦਾ ਤੇ ਹੱਡੀ ਪੋਸਲੀ ਇਕ ਕਰਾ ਬਹਿੰਦਾ।
ਪੰਜ ਫੁੱਲੀ, ਗਰੁਨੇ, ਮਲਹੇ, ਕਾਂਗ, ਕੇਂਡੂ, ਬਨ੍ਹੇ ਬਸੂਟੀਆਂ ਦੀਆਂ ਸੰਘਣੀਆਂ ਝਾੜੀਆਂ ਨਾਲ ਢੱਕੀਆਂ ਪਹਾੜੀਆਂ 'ਚ ਘਿਰਿਆ ਪਿੰਡ। ਪਹਾੜੀ ਢਲਾਨ ਤੇ ਪੌੜੀਆਂ ਵਰਗੇ ਛੋਟੇ-ਛੋਟੇ ਖੇਤ। ਕਿਤੇ-ਕਿਤੇ ਪਹਾੜੀਆਂ ਦੀ ਟੀਸੀ-ਟੀਸੀ 'ਤੇ ਚੀਲ਼ਾਂ ਦੇ ਰੁੱਖ। ਜਿਨ੍ਹਾਂ 'ਚੋਂ ਲੰਘ ਕੇ ਆਉਂਦੀ ਠੰਡੀ ਤੇ ਸ਼ੁੱਧ ਹਵਾ ਸਾਂ-ਸਾਂ ਕਰਦੀ। ਅਜਗਰ ਦੀ ਵਲਦੇਦਾਰ ਦੇਹ ਵਾਂਗ ਹੀ ਪਹਾੜੀ ਵਲਵਿੰਗ। ਸੇਨਾਟਾ ਤੋੜਦੀ ਤੇ ਕਲੋਲ ਕਰਦੇ ਪੰਛੀਆਂ ਦੀਆਂ ਮਨਮੋਹਕ ਆਵਾਜ਼ਾਂ ਫਿਜ਼ਾ 'ਚ ਸੰਗੀਤ ਘੋਲਦੀਆਂ। ਪਿੰਡ ਦੀ ਇਕ ਇੰਚ ਥਾਂ ਵੀ ਪੱਧਰੀ ਨਾ ਜਾਪਦੀ। ਪਿੰਡ ਦੇ ਸਾਰੇ ਘਰ ਇਕ ਥਾਂ ਇਕੱਠੇ ਨਹੀਂ ਸਨ। ਦੂਰ-ਦੂਰ ਪਹਾੜੀਆਂ ਦੀਆਂ ਟੀਸੀਆਂ 'ਤੇ ਮਾਚਸ ਦੀਆਂ ਡੱਬੀਆਂ ਵਾਂਗ ਨਜ਼ਰ ਆਉਂਦੇ। ਕੱਚੀਆਂ ਇੱਟਾਂ ਜਾਂ ਤਰਾਸ਼ੇ ਹੋਏ ਪੱਥਰਾਂ ਨਾਲ ਚਿਣੀਆਂ ਕੰਧਾਂ। ਤਿਕੋਨੀਆਂ ਛੱਤਾਂ, ਜਿਨ੍ਹਾਂ 'ਤੇ ਟੀਨ, ਸਲੇਟ, ਖਪਰੇਲ ਜਾਂ ਖੜ੍ਹ ਪਾਈ ਹੁੰਦੀ। ਉਥੋਂ ਦੀ ਭੂਗੋਲਿਕ ਸਥਿਤੀ ਤੇ ਸਾਧਨਾਂ ਮੁਤਾਬਕ।
ਇਸ ਦੌਰੇ ਵਰਗੀ ਪਹਾੜੀ ਤੋਂ ਦੂਸਰੇ ਪਾਸੇ ਉਤਰਦਿਆਂ ਹੀ, ਤਿੰਨ ਪਾਸਿਓਂ ਹਰੀ-ਭਰੀ ਪਹਾੜੀ ਵਲਵਿੰਗ ਨਾਲ ਘਿਰਿਆ ਪਿੰਡ ਸ਼ੁਰੂ ਹੋ ਜਾਂਦਾ। ਜੇ ਉਸ ਪਹਾੜੀ ਦੇ ਸਿਖ਼ਰ 'ਤੇ ਖੜ ਕੇ ਚਾਰੇ ਪਾਸੇ ਨਜ਼ਰ ਘੁਮਾਈ ਜਾਵੇ ਤਾਂ ਦੂਰ-ਦੂਰ ਤੱਕ ਪਹਾੜੀ ਸਿਖਰਾਂ 'ਤੇ ਟਿਲਿਆ 'ਤੇ ਲਿਸ਼ਕਦੀਆਂ ਤਿਕੋਨੀਆਂ ਛੱਤਾਂ ਵਾਲੇ ਕੁੱਝ ਘਰਾਂ ਦੇ ਸਮੂਹ ਨਜ਼ਰੀ ਪੈਂਦੇ। ਕੁੱਝ ਮਕਾਨ ਦਰਖ਼ਤਾਂ ਉਹਲੇ ਲੁਕੇ ਹੁੰਦੇ। ਢਲਾਨ ਵਾਲੇ ਖੇਤਾਂ 'ਚ ਗੱਦੀ ਆਪਣੀਆਂ ਭੇਡਾਂ-ਬੱਕਰੀਆਂ ਨਾਲ ਘੁੰਮਦੇ ਨਜ਼ਰ ਆਉਂਦੇ। ਉਹ ਰਾਤ ਪੈਣ 'ਤੇ ਧਰਤੀ ਨੂੰ ਬਿਸਤਰ ਬਣਾ ਕੇ ਤੇ ਆਕਾਸ਼ ਦੀ ਚਾਦਰ ਓਢ ਕੇ ਸੋ ਜਾਂਦੇ। ਉਸ ਜੰਗਲੀ ਥਾਂ ਵਿਚ ਵਿਚਰਦੇ ਹਿੰਸਕ ਤੇ ਖੂੰਖਾਰ ਜਾਨਵਰਾਂ ਤੇ ਜੰਤੂਆਂ ਦੀ ਪਰਵਾਹ ਕੀਤੇ ਬਿਨਾਂ। ਉਨ੍ਹਾਂ ਦੇ ਮਾਲ ਦੀ ਰਾਖੀ ਕਰਦੇ ਉਨ੍ਹਾਂ ਦੇ ਹੀ ਪਾਲਤੂ ਤੇ ਬੜੇ ਹੀ ਖੂੰਖਾਰ ਕਿਸਮ ਦੇ ਗੱਦੀ ਕੁੱਤੇ।
ਪਹਾੜੀ ਦੇ ਸਿਖ਼ਰ ਤੋਂ ਹੇਠਾਂ ਵੱਲ ਨੂੰ ਉਤਰਦਿਆਂ, ਕੰਡਿਆਲੀ ਬਾੜ ਨਾਲ ਘਿਰਿਆ ਭੰਗ ਤੇ ਪਥਰੀਲਾ ਰਸਤਾ ਕਈ ਮੋੜ-ਘੋੜ ਕੱਟਦਾ, ਪਿੰਡ ਵਿਚੋਂ ਦੀ ਇਜ ਲੰਘ ਜਾਂਦਾ ਕਿ ਸਾਰਾ ਪਿੰਡ ਲੰਘ ਕੇ ਵੀ ਕਿਧਰੇ ਪਿੰਡ ਵਰਗੀ