ਨੂੰ ਫੜਫੜਾਉਂਦੀ ਹੈ, ਉਹਨਾਂ ਦੇ ਚਿਹਰਿਆਂ ਨੂੰ ਗਰਮ ਸਾਹਘੋਟੂ ਬੁੱਲ੍ਹਿਆਂ ਨਾਲ ਫੰਡਦੀ ਹੈ, ਉਹਨਾਂ ਦੇ ਕੰਨਾਂ ਵਿੱਚ ਹਜ਼ਾਰਾਂ ਅਵਾਜ਼ਾਂ ਤੁੰਨ੍ਹਦੀ ਹੈ, ਉਹਨਾਂ ਦੀਆਂ ਅੱਖਾਂ ਵਿੱਚ ਬੁਰੀ ਤਰ੍ਹਾਂ ਚੁੱਭਵੀਂ ਧੁੰਦ ਦੇ ਛੱਟੇ ਮਾਰਦੀ ਹੈ, ਉਹਨਾਂ ਨੂੰ ਅੰਨ੍ਹਾ ਕਰਦੀ ਹੈ ਅਤੇ ਕੁਰਲਾਉਂਦੀ ਅਮੁੱਕ ਹੁਆਂਕਣੀ ਨਾਲ ਉਹਨਾਂ ਦੇ ਕੰਨਾਂ ਨੂੰ ਪਾੜਦੀ ਹੈ... ।
ਇਕ ਜਿਊਂਦਾ ਮਨੁੱਖ, ਜੋ ਸੋਚਦਾ ਹੈ, ਜੋ ਸੁਪਨੇ ਸਿਰਜਦਾ ਹੈ, ਆਪਣੇ ਮਨ ਵਿੱਚ ਤਸਵੀਰਾਂ ਤੇ ਬਿੰਬ ਰਚਦਾ ਹੈ, ਜਿਸ ਦੇ ਅੰਦਰ ਇਛਾਵਾਂ ਪੈਦਾ ਹੁੰਦੀਆਂ ਹਨ, ਜੋ ਸਧਰਾਉਂਦਾ ਹੈ, ਕੁਝ ਚਾਹੁੰਦਾ ਹੈ, ਕੁਝ ਤਿਆਗਦਾ ਹੈ, ਕੁਝ ਨੂੰ ਉਡੀਕਦਾ ਹੈ—ਇੱਕ ਜਿਊਂਦਾ ਮਨੁੱਖ ਇੱਕ ਵਹਿਸ਼ੀ ਹੁਆਂਕਣੀ ਤੋਂ, ਚੀਕ ਚਿਹਾੜੇ ਤੇ ਗਰਜਣਾਂ ਤੋਂ, ਪਥਰੀਲੀਆਂ ਕੰਧਾਂ ਦੀ ਕੰਬਣੀ ਤੋਂ, ਖਿੜਕੀਆਂ ਵਿੱਚ ਲੱਗੇ ਸ਼ੀਸ਼ਿਆਂ ਦੀ ਡਰਪੋਕ ਥਰਥਰਾਹਟ ਤੋਂ ਜ਼ਰੂਰ ਖਿਝੇਗਾ। ਤਿਰਸਕਾਰਿਆ, ਉਹ ਆਪਣੇ ਘਰ ਵਿੱਚੋਂ ਬਾਹਰ ਨਿਕਲੇਗਾ ਅਤੇ ਇਸ ਧਰਤੀ ਤੋਂ ਉਤਾਂਹ ਬਣਾਏ ਰੇਲ ਦੇ ਘ੍ਰਿਣਤ ਢਾਂਚੇ ਨੂੰ ਭੰਨ ਤੋੜ ਦਏਗਾ ਤੇ ਤਬਾਹ ਕਰ ਦਏਗਾ ਤੇ ਉਹ ਲੋਹੇ ਦੀ ਗੁਸਤਾਖ ਚੀਕ ਦਾ ਮੂੰਹ ਬੰਦ ਕਰ ਦਏਗਾ, ਕਿਉਂ ਜੋ ਉਹ ਜੀਵਨ ਦਾ ਸਿਰਜਕ ਹੈ, ਜੀਵਨ ਉਸੇ ਲਈ ਹੈ ਅਤੇ ਉਹ ਸਭ ਕੁਝ ਜੋ ਉਸ ਦੇ ਜੀਵਨ ਨੂੰ ਰੋਕਦਾ ਹੈ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਹੈ।
ਪੀਲੇ ਦੈਂਤ ਦੇ ਸ਼ਹਿਰ ਦੇ ਘਰਾਂ ਵਿੱਚ ਲੋਕ ਉਸ ਸਭ ਕੁਝ ਨੂੰ ਬੜੇ ਅਰਾਮ ਨਾਲ ਸਹਿੰਦੇ ਹਨ ਜੋ ਮਨੁੱਖ ਨੂੰ ਕਤਲ ਕਰਦਾ ਹੈ।
ਹੇਠਾਂ, ਉਚਾਈ ਉੱਤੇ ਉਸਰੇ ਰੇਲਵੇ ਦੇ ਲੋਹੇ ਦੇ ਜਾਲ ਹੇਠਲੇ ਰਾਹਾਂ ਦੀ ਧੂੜ ਦੇ ਘੱਟੇ ਵਿੱਚ ਬੇ-ਜ਼ਬਾਨ ਬੱਚੇ ਖੇਡ ਰਹੇ ਹਨ-ਬੇ-ਜ਼ਬਾਨ, ਭਾਵੇਂ ਉਹ ਸਾਰੇ ਜਹਾਨ ਦੇ ਬੱਚਿਆਂ ਵਾਂਗ ਹੱਸਦੇ ਤੇ ਚੀਖਦੇ ਹਨ, ਪਰ ਉਹਨਾਂ ਦੀਆਂ ਅਵਾਜ਼ਾਂ, ਸਿਰਾਂ ਉੱਤਲੀ ਹੁੱਲੜਬਾਜ਼ੀ ਵਿੱਚ ਇਸ ਤਰ੍ਹਾਂ ਡੁੱਬ ਜਾਂਦੀਆਂ ਹਨ ਜਿਵੇਂ ਮਹਾਂਸਾਗਰ ਵਿੱਚ ਮੀਂਹ ਦੀਆਂ ਕਣੀਆਂ ਡਿੱਗ ਕੇ ਗੁੰਮ ਹੋ ਜਾਂਦੀਆਂ ਹਨ। ਬੱਚੇ ਉਹਨਾਂ ਫੁੱਲਾਂ ਵਰਗੇ ਹਨ ਜਿਨ੍ਹਾਂ ਨੂੰ ਕਿਸੇ ਕੁਪੱਤੇ ਹੱਥ ਨਾਲ ਖਿੜਕੀ ਵਿੱਚੋਂ ਗਲੀ ਦੇ ਮਿੱਟੀ ਘੱਟੇ ਵਿੱਚ ਵਗਾਹ ਮਾਰਿਆ ਹੈ। ਉਹਨਾਂ ਦੇ ਸਰੀਰ ਸ਼ਹਿਰ ਦੇ ਥਿੰਧੇ ਮੁੜ੍ਹਕੇ ਉੱਤੇ ਪਲਦੇ ਹਨ, ਉਹ ਪੀਲੇ ਭੂਕ ਤੇ ਭੁੱਸੇ ਹਨ, ਉਹਨਾਂ ਦੇ ਲਹੂ ਵਿੱਚ ਜ਼ਹਿਰ ਰਲੀ ਹੋਈ ਹੈ, ਉਹਨਾਂ ਦੇ ਤੰਤੂ ਜੰਗਾਲ ਖਾਧੀ ਧਾਤ ਦੀ ਧਰੋਹੀ ਚੀਕ, ਧੋਖੇ ਨਾਲ ਕੈਦ ਕੀਤੀ ਲਿਸ਼ਕੋਰ ਦੀ ਸੋਗਵਾਨ ਕੁਰਲਾਹਟ ਰਾਹੀਂ ਖਿਝੇ ਹੋਏ ਹਨ।
ਕੀ ਇਹ ਬੱਚੇ ਵੱਡੇ ਹੋ ਕੇ ਸਿਹਤਮੰਦ, ਦਲੇਰ ਤੇ ਮਾਣਮੱਤੇ ਹੋਣਗੇ ? ਕੋਈ ਆਪਣੇ ਆਪ ਨੂੰ ਪੁੱਛਦਾ ਹੈ। ਇਸ ਦਾ ਕੇਵਲ ਉੱਤਰ ਹੈ: ਇੱਕ ਕਰੀਚ, ਇੱਕ ਠਹਾਕਾ ਇੱਕ ਕਰੋਧਵਾਨ ਚੀਕ।
ਰੇਲ ਗੱਡੀਆਂ ਪੂਰਬ ਵੱਲ, ਜਿਧਰ ਸ਼ਹਿਰ ਦੀ ਬਦਰੋ ਹੈ ਤੇ ਜਿੱਥੇ ਗਰੀਬ ਲੋਕ ਵਸਦੇ ਹਨ ਤੇਜ਼ੀ ਨਾਲ ਗੜਗੜਾਉਂਦੀਆਂ ਭੱਜੀਆਂ ਜਾਂਦੀਆਂ ਹਨ। ਇਹ ਗੰਦੇ ਨਾਲੇ ਵਾਂਗ ਡੂੰਘੀਆਂ ਗਲੀਆਂ ਲੋਕਾਂ ਨੂੰ ਕਿਤੇ ਸ਼ਹਿਰ ਦੇ ਐਨ ਵਿਚਕਾਰ ਲਈ ਜਾਂਦੀਆਂ ਹਨ ਜਿਵੇਂ