ਹੈ ਜੋ ਗੰਦਗੀ ਵਿੱਚ ਧੱਸਿਆ ਹੋਇਆ ਹੈ।
ਧੂੜ ਘੱਟਾ ਇੱਕ ਅੰਸ਼ ਹੈ, ਇਹ ਹਰ ਥਾਂ ਵਿੱਚ ਧੱਸ ਗਿਆ ਹੈ : ਘਰਾਂ ਦੀਆਂ ਕੰਧਾਂ, ਖਿੜਕੀਆਂ ਦੇ ਸ਼ੀਸ਼ਿਆਂ, ਲੋਕਾਂ ਦੇ ਕੱਪੜਿਆਂ, ਜੁੱਸਿਆਂ ਦੇ ਮੁਸਾਮਾਂ, ਉਹਨਾਂ ਦੇ ਦਿਮਾਗਾਂ, ਇੱਛਾਵਾਂ, ਵਿਚਾਰਾਂ ਵਿੱਚ ਰਚ ਗਿਆ ਹੈ।
ਇਹਨਾਂ ਗਲੀਆਂ ਵਿੱਚ ਦਰਵਾਜ਼ਿਆਂ ਦੇ ਖੁੱਲ੍ਹੇ ਮੂੰਹ ਕੰਧ ਦੇ ਪੱਥਰਾਂ ਵਿੱਚ ਬੋ ਮਾਰਦੇ ਜ਼ਖਮ ਹਨ। ਜਦੋਂ ਕੋਈ ਇਹਨਾਂ ਉੱਤੇ ਝਾਤ ਪਾਉਂਦਾ ਹੈ ਤਾਂ ਉਸ ਨੂੰ ਪੌੜੀਆਂ ਦੇ ਗੰਦੇ ਰੂਹਾਂ ਦੀਆਂ ਹਨ੍ਹੇਰੀਆਂ ਡੂੰਘਾਈਆਂ ਵਿੱਚ ਪ੍ਰਚੰਡ ਵਿਚਾਰ, ਮੱਕਾਰ ਭਾਵਨਾਵਾਂ ਤੇ ਮੁਜ਼ਰਮਾਨਾ ਖਾਹਿਸ਼ਾਂ ਜਨਮ ਲੈਂਦੀਆਂ ਹਨ।
ਇਹ ਸ਼ਹਿਰ ਦੇ ਮਿਹਦੇ ਵਿੱਚ ਰੋਗੀ ਕੀੜਿਆਂ ਵਾਂਗ ਹਨ ਅਤੇ ਸਮਾਂ ਆਵੇਗਾ ਜਦੋਂ ਉਹ ਇਸ ਸ਼ਹਿਰ ਨੂੰ ਉਹਨਾਂ ਹੀ ਘਾਤਕ ਜ਼ਹਿਰਾਂ ਨਾਲ ਰੋਗੀ ਬਣਾ ਦੇਣਗੇ ਜਿਨ੍ਹਾਂ ਨਾਲ ਇਹ ਉਹਨਾਂ ਨੂੰ ਬੜੀ ਖੁੱਲ੍ਹਦਿਲੀ ਨਾਲ ਪਾਲ ਰਿਹਾ ਹੈ।
ਬਿਜਲੀ ਦੇ ਖੰਭੇ ਨਾਲ ਪਿੱਠ ਜੋੜ ਕੇ ਖਲ੍ਹੋਤਾ ਨੌਜਵਾਨ ਕਦੇ ਕਦੇ ਆਪਣਾ ਸਿਰ ਹਿਲਾਉਂਦਾ ਹੈ। ਉਸ ਦੇ ਭੁੱਖੇ ਦੰਦ ਕਰੜਾਈ ਨਾਲ ਮੀਚੇ ਹੋਏ ਹਨ। ਮੇਰਾ ਵਿਸ਼ਵਾਸ ਹੈ, ਜਿਸ ਬਾਰੇ ਉਹ ਸੋਚ ਰਿਹਾ ਹੈ, ਜੋ ਉਹ ਚਾਹੁੰਦਾ ਹੈ ਉਸ ਨੂੰ ਮੈਂ ਜਾਣਦਾ ਹਾਂ-ਮੇਰਾ ਵਿਸ਼ਵਾਸ ਹੈ ਉਹ ਭਿਅੰਕਰ ਸ਼ਕਤੀ ਵਾਲੇ ਅਥਾਹ ਭਾਰੀ ਹੱਥ ਅਤੇ ਆਪਣੀ ਪਿੱਠ ਉੱਤੇ ਖੰਭ ਚਾਹੁੰਦਾ ਹੈ। ਤਾਂ ਜੋ ਉਹ ਇੱਕ ਦਿਨ ਸ਼ਹਿਰ ਦੇ ਉੱਪਰ ਉੱਡਦਾ ਉੱਡਦਾ ਆਪਣੇ ਹੱਥਾਂ ਵਿੱਚ ਫੜੀਆਂ ਫੌਲਾਦੀ ਤੁਲਾਂ ਨਾਲ ਹੇਠਾਂ ਝਪਟ ਪਏ ਅਤੇ ਸਭ ਕੁਝ ਨੂੰ, ਇੱਟਾਂ ਤੇ ਹੀਰਿਆਂ ਨੂੰ, ਸੋਨੇ ਦੇ ਦਾਸਾਂ ਦੇ ਮਾਸ ਨੂੰ, ਸ਼ੀਸ਼ੇ ਤੇ ਕਰੋੜਪਤੀਆਂ ਨੂੰ, ਗੰਦਗੀ, ਮੂਰਖਾਂ, ਮੰਦਰਾਂ, ਮਿੱਟੀ ਘੱਟੇ ਨਾਲ ਵਿਹੁਲੇ ਹੋਏ ਰੁੱਖਾਂ ਨੂੰ ਅਤੇ ਇਹਨਾਂ ਵਲੱਲੀਆਂ, ਅਕਾਸ਼ ਛੂੰਹਦੀਆਂ ਬਹੁ-ਮੰਜ਼ਲੀ ਇਮਾਰਤਾਂ ਨੂੰ, ਹਰ ਚੀਜ਼ ਨੂੰ ਰੌਲਗਡ ਕਰਦਿਆਂ ਢਾਹ-ਢੇਰੀ ਕਰ ਕੇ ਸਾਰੇ ਸ਼ਹਿਰ ਨੂੰ ਕੂੜੇ ਕਰਕਟ ਤੇ ਸੁਆਹ ਦੇ ਢੇਰ ਵਿੱਚ, ਮਿੱਟੀ ਤੇ ਲੋਕਾਂ ਦੇ ਲਹੂ ਦੇ ਗਾਰੇ ਵਿੱਚ-ਇੱਕ ਘ੍ਰਿਣਤ ਧੰਧੂਕਾਰ ਵਿੱਚ ਬਦਲ ਦੇਵੇ। ਇਸ ਨੌਜਵਾਨ ਦੇ ਮਨ ਵਿੱਚ ਇਹ ਭਿਅੰਕਰ ਇੱਛਾ ਇਸੇ ਤਰ੍ਹਾਂ ਕੁਦਰਤੀ ਹੈ ਜਿਵੇਂ ਕਿਸੇ ਬਿਮਾਰ ਬੰਦੇ ਦੇ ਜੁੱਸੇ ਉੱਤੇ ਇੱਕ ਫੋੜਾ । ਜਿੱਥੇ ਕਿੱਥੇ ਵੀ ਦਾਸਾਂ ਲਈ ਅਜਿਹਾ ਕੰਮ ਹੋਵੇਗਾ, ਉੱਥੇ ਸੁਤੰਤਰ ਰਚਨਾਤਮਕ ਵਿਚਾਰ ਲਈ ਕੋਈ ਥਾਂ ਨਹੀਂ ਹੈ, ਉੱਥੇ ਕੇਵਲ ਤਬਾਹੀ ਦੇ ਵਿਚਾਰ, ਬਦਲੇ ਦੇ ਵਿਹੁਲੇ ਫੁੱਲ, ਜ਼ਾਲਮ ਵਹਿਸ਼ੀ ਜਾਨਵਰ ਦਾ ਖੌਲਦਾ ਰੋਸ ਪਰਫੁੱਲਤ ਹੋ ਸਕਦੇ ਹਨ। ਇਹ ਗੱਲ ਸਮਝਣ ਯੋਗ ਹੈ — ਜੇ ਤੁਸੀਂ ਕਿਸੇ ਬੰਦੇ ਦੀ ਆਤਮਾ ਨੂੰ ਮਰੋੜਾ ਚਾੜ੍ਹੋਗੇ ਤਾਂ ਤੁਹਾਨੂੰ ਉਸ ਤੋਂ ਰਹਿਮ ਦੀ ਆਸ ਨਹੀਂ ਕਰਨੀ ਚਾਹੀਦੀ।
ਮਨੁੱਖ ਨੂੰ ਬਦਲਾ ਲੈਣ ਦਾ ਅਧਿਕਾਰ ਹੈ — ਉਹ ਅਧਿਕਾਰ ਉਸ ਨੂੰ ਬੰਦਿਆਂ ਵੱਲੋਂ ਮਿਲਿਆ ਹੋਇਆ ਹੈ।
ਦਿਨ ਉਦਾਸ ਧੁਆਂਖੇ ਅੰਬਰ ਵਿੱਚ ਢਲਦਾ ਜਾਂਦਾ ਹੈ। ਅਥਾਹ ਵੱਡੇ ਘਰ ਵਧੇਰੇ ਗਮਗੀਨ ਤੇ ਬੇਡੌਲ ਹੁੰਦੇ ਜਾਂਦੇ ਹਨ। ਉਹਨਾਂ ਦੀਆਂ ਹਨ੍ਹੇਰੀਆਂ ਡੂੰਘਾਈਆਂ ਵਿੱਚ ਇਧਰ