ਉੱਧਰ ਰੌਸ਼ਨੀਆਂ ਟਿਮਟਮਾਉਂਦੀਆਂ ਹਨ। ਉਹਨਾਂ ਅਦਭੁੱਤ ਵਹਿਸ਼ੀ ਜਾਨਵਰਾਂ ਦੀਆਂ ਪੀਲੀਆਂ ਅੱਖਾਂ ਚਮਕਦੀਆਂ ਹਨ ਜਿਨ੍ਹਾਂ ਨੂੰ ਇਹਨਾਂ ਕਬਰਾਂ ਵਿੱਚ ਭੰਡਾਰ ਕੀਤੀ ਮੁਰਦਾ ਦੌਲਤ ਦੀ ਸਾਰੀ ਰਾਤ ਰਾਖੀ ਕਰਨੀ ਹੈ।
ਲੋਕਾਂ ਨੇ ਦਿਨ ਦਾ ਕੰਮ ਮੁਕਾ ਲਿਆ ਹੈ ਅਤੇ ਕਦੇ ਵੀ ਦਿਨ ਬਾਰੇ ਨਾ ਸੋਚਦਿਆਂ ਕਿ ਇਹ ਕਿਉਂ ਕੀਤਾ ਗਿਆ ਹੈ ਜਾਂ ਕੀ ਇਹ ਉਹਨਾਂ ਲਈ ਕੋਈ ਲਾਹੇਵੰਦ ਵੀ ਹੈ—ਤੇਜ਼ੀ ਨਾਲ ਘਰਾਂ ਨੂੰ ਪਰਤਣ ਲਈ ਦੌੜੀ ਜਾਂਦੇ ਹਨ। ਪਾਸੇ ਦੀਆਂ ਪਟੜੀਆਂ ਉੱਤੇ ਮਨੁੱਖਾਂ ਦੇ ਕਾਲੇ ਵਹਿਣਾਂ ਦਾ ਹੜ੍ਹ ਆਇਆ ਹੋਇਆ ਹੈ। ਸਾਰੇ ਸਿਰ ਉਹਨਾਂ ਹੀ ਕਾਲੇ ਟੋਪਾਂ ਨਾਲ ਕੱਜੇ ਹੋਏ ਹਨ ਅਤੇ ਸਾਰੇ ਦਿਮਾਗ-ਜਿਵੇਂ ਕਿ ਉਹ ਅੱਖਾਂ ਨਾਲ ਵੇਖੇ ਜਾ ਸਕਦੇ ਹੋਣ ਪਹਿਲਾਂ ਹੀ ਸੁੱਤੇ ਹੋਏ ਹਨ। ਬੱਸ ਕੰਮ ਹੋ ਗਿਆ ਹੈ, ਇਸ ਤੋਂ ਬਿਨਾਂ ਹੋਰ ਕੁਝ ਵੀ ਸੋਚੇ ਜਾਣ ਲਈ ਨਹੀਂ ਹੈ। ਉਹਨਾਂ ਦੀ ਸੋਚਣੀ ਉਹਨਾਂ ਦੇ ਮਾਲਕਾਂ ਦੇ ਹੱਥ ਵਿੱਚ ਹੈ, ਆਪਣੇ ਬਾਰੇ ਕੁਝ ਸੋਚਣ ਲਈ ਉਹਨਾਂ ਕੋਲ ਹੈ ਹੀ ਕੀ? ਜੇ ਕੰਮ ਹੈ ਤਾਂ ਰੋਟੀ ਤੇ ਜੀਵਣ ਲਈ ਸਸਤੇ ਮੌਜ ਮੇਲੇ ਵੀ ਹੋਣਗੇ, ਇਸ ਤੋਂ ਵੱਧ, ਇਸ ਪੀਲੇ ਦੈਂਤ ਦੇ ਸ਼ਹਿਰ ਵਿੱਚ ਬੰਦੇ ਨੂੰ ਹੋਰ ਸੋਚਣ ਦੀ ਲੋੜ ਵੀ ਕੀ ਹੈ?
ਲੋਕ ਆਪਣੇ ਮੰਜਿਆਂ 'ਤੇ ਆਪਣੀਆਂ ਔਰਤਾਂ ਕੋਲ, ਆਪਣੇ ਮਰਦਾਂ ਕੋਲ ਜਾਂਦੇ ਹਨ ਅਤੇ ਉਹ ਮੁੜਕੇ ਨਾਲ ਭਿੱਜੇ ਉਹਨਾਂ ਬਦਬੂਦਾਰ ਕੱਪੜਿਆਂ ਵਿੱਚ ਰਾਤ ਨੂੰ ਪਿਆਰ ਕਰਨਗੇ, ਤਾਂ ਜੋ ਸ਼ਹਿਰ ਲਈ ਨਵੇਂ ਤਾਜ਼ੇ ਭੋਜਨ ਨੂੰ ਜਨਮਿਆ ਜਾਵੇ...।
ਉਹ ਜਾਂਦੇ ਹਨ, ਕੋਈ ਹਾਸਾ ਜਾਂ ਟਹਿਕਵੀਂ ਗੱਲਬਾਤ ਸੁਣਾਈ ਨਹੀਂ ਦੇਂਦੀ, ਇੱਥੇ ਮੁਸਕਣੀਆਂ ਉੱਕਾ ਨਹੀਂ ਲਿਸ਼ਕਦੀਆਂ।
ਇੰਜਣ ਚੀਕਦੇ ਹਨ, ਚਾਬਕਾਂ ਕੜਕਦੀਆਂ ਹਨ, ਬਿਜਲੀ ਦੀਆਂ ਤਾਰਾਂ ਭਿਣਭਿਣਾਉਂਦੀਆਂ ਹਨ, ਰੇਲਗੱਡੀਆਂ ਖੜਖੜ ਕਰਦੀਆਂ ਹਨ। ਹਾਂ, ਕਿਤੇ ਦੂਰੋਂ ਸੰਗੀਤ ਦੀ ਆਵਾਜ਼ ਜ਼ਰੂਰ ਆਉਂਦੀ ਹੈ...।
ਅਖ਼ਬਾਰਾਂ ਵੇਚਣ ਵਾਲੇ ਮੁੰਡੇ ਚੀਕ ਚੀਕ ਕੇ ਅਖ਼ਬਾਰਾਂ ਦੇ ਨਾਂ ਪੁਕਾਰਦੇ ਹਨ। ਕਿਸੇ ਅਣਘੜ੍ਹ ਸਾਜ਼ ਦੀ ਦਰਦੀਲੀ ਅਵਾਜ਼ ਅਤੇ ਕਿਸੇ ਦੀ ਕਿਲਕਾਰੀ ਕਾਤਲ ਤੇ ਮੰਡੂਏ ਦੇ ਬਾਹਰ ਖਲ੍ਹੋਤੇ ਮਸਖੇਰ ਦੀ ਦੁੱਖ ਸੁਖਾਵੀਂ ਗਲਵੱਕੜੀ ਵਿੱਚ ਇੱਕਮਿਕ ਹੋ ਰਹੀਆਂ ਹਨ। ਛੋਟੇ ਲੋਕ ਪਹਾੜੀ ਤੋਂ ਹੇਠਾਂ ਵੱਲ ਰਿੜ੍ਹਦੇ ਗੀਟਿਆਂ ਵਾਂਗ ਅਣਗੌਲੇ ਤੁਰੇ ਜਾ ਰਹੇ ਹਨ....।
ਵਧੇਰੇ ਤੋਂ ਵਧੇਰੇ ਪੀਲੀਆਂ ਬੱਤੀਆਂ ਜਗਦੀਆਂ ਹਨ-ਬੀਅਰ, ਵਿਸਕੀ, ਸਾਬਣ, ਨਵੇਂ ਰੇਜ਼ਰ, ਹੈਟ, ਸਿਗਾਰ ਅਤੇ ਖੇਡ ਤਮਾਸੇ ਜਿਹੇ ਭੜਕੀਲੇ ਸ਼ਬਦਾਂ ਨਾਲ ਪੂਰੀਆਂ ਦੀਆਂ ਪੂਰੀਆਂ ਕੰਧਾਂ ਲਟ ਲਟ ਬਲ ਉੱਠਦੀਆਂ ਹਨ। ਲੋਹੇ ਦੀ ਟੁਣਕਾਰ, ਜਿਸ ਨੂੰ ਸੋਨੇ ਦੀ ਭੁੱਖੜ ਹੁੱਝ ਹਰ ਥਾਂ ਤੇ ਗਲੀਆਂ ਵਿੱਚ ਹਿੱਕੀ ਜਾ ਰਹੀ ਹੈ—ਕਦੇ ਵੀ ਚੁੱਪ ਨਹੀਂ ਹੁੰਦੀ । ਹੁਣ, ਜਦ ਕਿ ਬੱਤੀਆਂ ਹਰ ਪਾਸੇ ਜਗਮਗਾਉਂਦੀਆਂ ਹਨ ਇਸ ਨਿਰੰਤਰ ਚਾਂਗਰ ਦੀ ਮਹੱਤਤਾ ਪਸਰੀ ਜਾਂਦੀ ਹੈ, ਇਸ ਨੂੰ ਨਵੇਂ ਅਰਥ ਨਵੀਂ ਤੇ ਵਧੇਰੇ ਤਾਕਤ ਪ੍ਰਾਪਤ ਹੁੰਦੀ ਜਾ ਰਹੀ ਹੈ। ਘਰਾਂ ਦੀਆਂ ਕੰਧਾਂ ਵਿੱਚੋਂ, ਦੁਕਾਨਾਂ ਦੇ ਫੱਟਿਆਂ ਅਤੇ ਰੈਸਤੋਰਾਂ ਦੀਆਂ ਖਿੜਕੀਆਂ