ਹੁੰਦੀ ਹੈ ਉਸ ਤੋਂ ਵਧੇਰੇ ਮੋੜ ਜਾਂਦੇ ਹਨ ਤੇ ਅਗਲੀ ਸਵੇਰ ਸੋਨੇ ਦਾ ਢੇਲਾ ਹੋਰ ਵੱਡਾ ਹੋ ਜਾਂਦਾ ਹੈ, ਉਹ ਪਹਿਲਾਂ ਤੋਂ ਤੇਜ਼ ਰਫਤਾਰ ਨਾਲ ਘੁੰਮਦਾ ਹੈ ਅਤੇ ਇਸ ਦਾ ਗੁਲਾਮ ਲੋਹੇ ਦੀ ਬਾਘੀਆਂ ਪਾਉਂਦੀ ਚੀਕ, ਇਸ ਦੀਆਂ ਗੁਲਾਮ ਬਣਾਈਆਂ ਸਾਰੀਆਂ ਤਾਕਤਾਂ ਦਾ ਖੜਾਕ ਪਹਿਲਾਂ ਤੋਂ ਵਧੇਰੇ ਉੱਚੀ ਅਵਾਜ਼ ਵਿੱਚ ਸੁਣਾਈ ਦੇਂਦਾ ਹੈ।
ਫਿਰ ਅਗਲੇ ਦਿਨ, ਪਿਛਲੇ ਦਿਨ ਤੋਂ ਵੀ ਬਹੁਤੀ ਹਾਬੜ ਨਾਲ, ਵਧੇਰੇ ਚਸਕੇ ਨਾਲ ਲੋਕਾਂ ਦਾ ਲਹੂ ਤੇ ਦਿਮਾਗ ਚੂਸਦਾ ਹੈ ਤਾਂ ਜੋ ਤਰਕਾਲਾਂ ਤੱਕ ਇਹੋ ਲਹੂ ਤੇ ਦਿਮਾਗ ਠੰਡੀ ਯਖ ਪੀਲੀ ਧਾਤ ਵਿੱਚ ਬਦਲ ਜਾਵੇ । ਸੋਨੇ ਦਾ ਢੇਲਾ ਸ਼ਹਿਰ ਦਾ ਦਿਲ ਹੈ। ਸ਼ਹਿਰ ਦੀ ਸਾਰੀ ਜ਼ਿੰਦਗੀ ਇਸ ਦੇ ਧੜਕਣ ਵਿੱਚ ਹੈ, ਜ਼ਿੰਦਗੀ ਦੇ ਸਾਰੇ ਅਰਥ ਇਸ ਦੇ ਵਾਧੇ ਵਿੱਚ ਸਮਾਏ ਹੋਏ ਹਨ।
ਇਹੋ ਹੀ ਹੈ, ਜਿਸ ਲਈ ਲੋਕ ਹਰ ਦਿਹਾੜੀ ਮਿੱਟੀ ਪੁੱਟਦੇ ਹਨ, ਲੋਹਾ ਢਾਲਦੇ ਹਨ, ਘਰ ਉਸਾਰਦੇ ਹਨ, ਫੈਕਟਰੀਆਂ ਦੇ ਧੂੰਏ ਵਿੱਚ ਸਾਹ ਲੈਂਦੇ ਹਨ, ਆਪਣੇ ਜੁੱਸਿਆਂ ਦੇ ਮੁਸਾਮਾਂ ਰਾਹੀਂ ਪਲੀਤ ਹੋਈ ਹਵਾ ਦੀ ਗੰਦਗੀ ਨਿਗਲਦੇ ਹਨ, ਇਹੋ ਹੀ ਹੈ ਜਿਸ ਲਈ ਲੋਕ ਆਪਣੇ ਸੁੰਦਰ ਸਰੀਰ ਵੇਚਦੇ ਹਨ।
ਵੈਲੀ ਜਾਦੂਗਰੀ ਉਹਨਾਂ ਦੀਆਂ ਰੂਹਾਂ ਨੂੰ ਲੋਰੀਆਂ ਦੇ ਕੇ ਸੁਆ ਦੇਂਦੀ ਹੈ, ਪੀਲੇ ਦੈਂਤ ਦੇ ਹੱਥਾਂ ਵਿੱਚ ਉਹਨਾਂ ਨੂੰ ਲਚਕੀਲੇ ਔਜ਼ਾਰ ਬਣਾ ਦੇਂਦੀ ਹੈ, ਜਿਸ ਵਿੱਚੋਂ ਨਿਰੰਤਰ ਪਿਘਲ ਪਿਘਲ ਕੇ ਨਿਕਲ਼ਦਾ ਸੋਨਾ ਉਸ ਦਾ ਲਹੂ ਤੇ ਮਾਸ ਹੈ।
ਮਹਾਂਸਾਗਰ ਦੇ ਥਲ ਤੋਂ ਰਾਤ ਆਉਂਦੀ ਹੈ ਅਤੇ ਸ਼ਹਿਰ ਉੱਤੇ ਇੱਕ ਠੰਡੇ, ਸਲੂਣੇ ਸਾਹ ਦੇ ਫਰਾਟੇ ਛੱਡਦੀ ਹੈ। ਠੰਡੀ ਰੌਸ਼ਨੀ ਆਪਣੇ ਹਜ਼ਾਰਾਂ ਤੀਰਾਂ ਨਾਲ ਇਸ ਨੂੰ ਵਿੰਨ੍ਹਦੀ ਹੈ। ਆਪਣੇ ਕਾਲੇ ਕੱਪੜਿਆਂ ਦੀ, ਬਦਸੂਰਤੀ ਤੇ ਤੰਗ ਗਲੀਆਂ ਦੀ ਭਿਆਨਕਤਾ ਨੂੰ ਰਹਿਮ- ਦਿਲੀ ਨਾਲ ਲੁਕਾਉਂਦਿਆ ਅਤੇ ਕੰਗਾਲੀ ਦੇ ਘਿਨਾਉਣੇ ਚੀਥੜਿਆਂ ਉੱਤੇ ਪਰਦਾ ਪਾਉਂਦਿਆਂ ਇਹ ਸਹਿਜੇ ਸਹਿਜੇ ਤੁਰਦੀ ਜਾਂਦੀ ਹੈ । ਲੋਭੀ ਪਾਗਲਪਣ ਦੀ ਇੱਕ ਵਹਿਸ਼ੀ ਹੁਕ ਇਸ ਦੀ ਖਾਮੋਸ਼ੀ ਨੂੰ ਚੀਰਦੀ ਹੋਈ ਇਸ ਨੂੰ ਧਾ ਕੇ ਮਿਲਦੀ ਹੈ, ਗੁਲਾਮ ਹੋਈ ਰੌਸ਼ਨੀ ਦੀ ਗੁਸਤਾਖ ਚਮਕ ਨੂੰ ਸਹਿਜੇ ਸਹਿਜੇ ਧੁੰਦਿਆਉਂਦੀ ਅਤੇ ਆਪਣੇ ਨਰਮ ਹੱਥ ਨਾਲ ਸ਼ਹਿਰ ਦੇ ਪੀਕ ਨਾਲ ਰਿਸਦੇ ਫੋੜਿਆਂ ਨੂੰ ਕੱਜਦੀ ਹੋਈ ਇਹ ਫਿਰ ਵੀ ਤੁਰੀ ਜਾ ਰਹੀ ਹੈ।
ਪਰ ਜਿਵੇਂ ਹੀ ਇਹ ਗਲੀਆਂ ਦੀਆਂ ਭੂਲ-ਭੁਲੱਈਆਂ ਵਿੱਚ ਪ੍ਰਵੇਸ਼ ਕਰਦੀ ਹੈ ਇਹ ਆਪਣੇ ਸਜਰੇ ਸਾਹ ਨਾਲ ਸ਼ਹਿਰ ਦੀ ਵਿਹੁਲੀ ਹਵਾੜ ਨੂੰ ਦੂਰ ਤੇ ਖੇਰੂੰ ਖੇਰੂੰ ਕਰਨ ਵਿੱਚ ਬੇਬਸ ਮਹਿਸੂਸ ਕਰਦੀ ਹੈ। ਇਹ ਕਲਾ ਦੇ ਪੱਥਰਾਂ ਨਾਲ ਸਹਿਜੇ ਸਹਿਜੇ ਟਕਰਾਉਂਦੀ ਹੈ, ਸੂਰਜ ਇਸ ਨੂੰ ਗਰਮਾਉਂਦਾ ਹੈ, ਇਹ ਛੱਤਾਂ ਦੇ ਜੰਗਾਲੇ ਲੋਹੇ ਉੱਤੇ, ਪੱਟੜੀ ਦੀ ਗੰਦਗੀ ਉੱਤੇ ਰੀਂਗਦੀ ਹੈ ਅਤੇ ਵਿਹੁਲੀ ਧੂੜ ਨਾਲ ਤਰਬਤਰ, ਸ਼ਹਿਰ ਦੀ ਬਦਬੂ ਨਾਲ ਨੱਕੋ ਨੱਕ ਤੂੜੀ ਹੋਈ ਇਹ ਆਪਣੇ ਖੰਭ ਫੈਲਾਉਂਦੀ ਹੈ ਅਤੇ ਘਰਾਂ ਦੀਆਂ ਛੱਤਾਂ ਉੱਤੇ ਬਦਰੌਆਂ ਦੇ ਅੰਦਰ ਲੰਗੜਾਉਂਦੀ ਹੋਈ ਸਥਿਰ ਤੌਰ 'ਤੇ ਟਿਕ ਜਾਂਦੀ ਹੈ। ਚਾਰੇ ਪਾਸੇ ਹਨ੍ਹੇਰਾ ਛਾ ਜਾਂਦਾ ਹੈ