- ਇਸ ਦੀ ਤਾਜ਼ਗੀ ਤੇ ਠੰਡਕ ਖਤਮ ਹੋ ਗਈ ਹੈ, ਜਿਸ ਨੂੰ ਪੱਥਰਾਂ, ਲੋਹੇ, ਲੱਕੜ ਨੇ ਅਤੇ ਲੋਕਾਂ ਦੇ ਪਲੀਤ ਹੋਏ ਫੇਫੜਿਆਂ ਨੇ ਨਿਗਲ ਲਿਆ ਹੈ। ਹੁਣ ਇਸ ਵਿੱਚ ਕੋਈ ਥਿਰਤਾ, ਨਸ਼ਾ ਜਾਂ ਕਾਵਿਮਈ ਰੰਗਣ ਨਹੀਂ ਰਹੀ...।
ਰਾਤ ਅੱਤਿਆਚਾਰੀ ਹਨ੍ਹੇਰੇ ਵਿੱਚ, ਇੱਕ ਧੜਵੈਲ ਜਾਨਵਰ ਵਾਂਗ ਬੁੜਬੜਾਉਂਦੀ ਸੌਂ ਜਾਂਦੀ ਹੈ। ਇਸ ਨੇ ਦਿਨ ਦੇ ਸਮੇਂ ਚੋਖੀ ਖੁਰਾਕ ਹੜੱਪ ਲਈ ਸੀ, ਹੁਣ ਇਹ ਆਪਣੇ ਆਪ ਨੂੰ ਤਪੀ ਹੋਈ ਤੇ ਬੇਚੇਨ ਮਹਿਸੂਸ ਕਰਦੀ ਹੈ, ਇਸ ਦੀ ਸੁਖਾਵੀਂ ਨੀਂਦ ਨੂੰ ਡਰਾਉਣੇ ਸੁਪਨੇ ਭੰਗ ਕਰਦੇ ਹਨ।
ਟਿਮਟਿਮਾਉਂਦੀ ਰੌਸ਼ਨੀ ਬੁੱਝ ਜਾਂਦੀ ਹੈ, ਇਸ ਦਾ ਨੀਚ ਤੇ ਕਮੀਨੀ ਇਸ਼ਤਿਹਾਰਬਾਜ਼ੀ ਦਾ ਭੜਕਾਊ ਧੰਦਾ ਮੁੱਕ ਗਿਆ ਹੈ । ਘਰ ਲੋਕਾਂ ਨੂੰ ਇੱਕ ਇੱਕ ਕਰ ਕੇ ਆਪਣੇ ਪਥਰੀਲੇ ਮਿਹਦੇ ਵਿੱਚ ਨਿਗਲੀ ਜਾਂਦੇ ਹਨ।
ਇੱਕ ਗਲੀ ਦੀ ਨੁੱਕਰ ਤੇ ਇੱਕ ਪਤਲਾ, ਮਰੀਅਲ ਜਿਹਾ ਲੰਮਾ ਆਦਮੀ ਕੋਡਾ ਖਲੋਤਾ ਹੈ ਅਤੇ ਉਹ ਉਦਾਸ ਬੇਰੰਗ ਅੱਖਾਂ ਨਾਲ ਆਪਣੇ ਸਿਰ ਨੂੰ ਸਹਿਜੇ ਸਹਿਜੇ ਘੁਮਾਂਦਿਆਂ ਆਪਣੇ ਸੱਜੇ ਖੱਬੇ ਵੇਖਦਾ ਹੈ। ਇਹ ਕਿੱਧਰ ਜਾਣਾ ਚਾਹੁੰਦਾ ਹੈ ? ਸਾਰੀਆਂ ਗਲੀਆਂ ਇੱਕੋ ਜਿਹੀਆਂ ਹਨ, ਸਾਰੇ ਦੇ ਸਾਰੇ ਘਰ, ਉਹਨਾਂ ਦੀਆਂ ਧੁੰਦਲੀਆਂ ਤੇ ਬੇਰੌਣਕ ਖਿੜਕੀਆਂ ਇੱਕ ਦੂਜੇ ਵੱਲ ਉਸੇ ਨਿਰਜਿੰਦ ਰੁੱਖੇਪਣ ਨਾਲ ਝਾਕਦੀਆਂ ਹਨ।
ਇੱਕ ਸਾਹ ਘੋਟੂ ਉਦਰੇਵਾਂ ਆਪਣੇ ਤਪਦੇ ਹੱਥ ਨਾਲ ਸੰਘੀ ਨੂੰ ਨਪੀੜਦਾ ਹੈ ਤੇ ਉਸ ਲਈ ਸਾਹ ਲੈਣਾ ਔਖਾ ਬਣਾ ਦੇਂਦਾ ਹੈ। ਘਰਾਂ ਦੀਆਂ ਛੱਤਾਂ ਉੱਤੇ ਇਸ ਘ੍ਰਿਣਤ, ਸਰਾਪੇ ਹੋਏ ਸ਼ਹਿਰ ਦੀ ਹਵਾੜ ਦਾ ਇੱਕ ਧੁੰਦਲਾ ਬੱਦਲ ਮੰਡਲਾ ਰਿਹਾ ਹੈ। ਇਸ ਧੁੰਦਲੇ ਪਰਦੇ ਰਾਹੀਂ ਆਕਾਸ਼ ਦੀ ਦੂਰ ਦੁਰੇਡ ਅਨੰਤਤਾ ਵਿੱਚ ਸ਼ਾਂਤ ਸਿਤਾਰੇ ਮੱਧਮ ਟਿਮਕਦੇ ਵਿਖਾਈ ਦੇਂਦੇ ਹਨ।
ਆਦਮੀ ਆਪਣਾ ਹੈਟ ਉਤਾਰਦਾ ਹੈ ਸਿਰ ਉਤਾਂਹ ਨੂੰ ਚੁੱਕਦਾ ਹੈ ਅਤੇ ਆਕਾਸ਼ ਵੱਲ ਵੇਖਦਾ ਹੈ। ਇਸ ਸ਼ਹਿਰ ਵਿੱਚ ਘਰਾਂ ਦੀ ਅਥਾਹ ਉੱਚੀ ਉਚਾਈ ਨੇ ਆਕਾਸ਼ ਨੂੰ ਉਤਾਂਹ ਵੱਲ ਧਕ ਕੇ ਸੰਸਾਰ ਦੀ ਕਿਸੇ ਵੀ ਹੋਰ ਥਾਂ ਨਾਲੋਂ ਧਰਤੀ ਤੋਂ ਹੋਰ ਪਰ੍ਹਾਂ ਕਰ ਦਿੱਤਾ ਹੈ। ਸਿਤਾਰੇ ਨਿੱਕੇ ਨਿੱਕੇ, ਇਕੱਲੇ ਤੇ ਉਦਾਸ ਧੱਬੇ ਜਾਪਦੇ ਹਨ।
ਕਿਤੋਂ ਦੂਰ ਦੁਰੇਡਿਉਂ ਇੱਕ ਡਰਾਉਣੀ ਤੇ ਗੁਸਤਾਖ ਚਿੰਘਾੜ ਆਉਂਦੀ ਹੈ। ਆਦਮੀ ਦੀਆਂ ਲੱਤਾਂ ਕੰਬਦੀਆਂ ਹਨ ਤੇ ਉਹ ਹੌਲੀ ਹੌਲੀ ਕਦਮ ਪੁੱਟਦਾ ਸਿਰ ਨਿਵਾਈ ਤੇ ਬਾਹਾਂ ਹਿਲਾਉਂਦਾ ਇੱਕ ਗਲੀ ਵਿੱਚ ਮੁੜ ਜਾਂਦਾ ਹੈ। ਚੋਖੀ ਦੇਰ ਹੋ ਗਈ ਹੈ ਤੇ ਗਲੀਆਂ ਵਧੇਰੇ ਤੋਂ ਵਧੇਰੇ ਸੱਖਣੀਆਂ ਹੁੰਦੀਆਂ ਜਾਂਦੀਆਂ ਹਨ। ਉਦਾਸ ਤੇ ਇਕੱਲੇ ਛੋਟੇ ਲੋਕ ਮੱਖੀਆਂ ਵਾਂਗ ਅਲੋਪ ਹੁੰਦੇ ਜਾਂਦੇ ਹਨ ਤੇ ਹਨ੍ਹੇਰਾ ਉਹਨਾਂ ਨੂੰ ਨਿਗਲ ਜਾਂਦਾ ਹੈ। ਪੁਲਸੀਏ ਹੱਥਾਂ ਵਿੱਚ ਡੰਡੇ ਪਕੜੀ, ਸਿਰ 'ਤੇ ਸੂਹੇ ਟੋਪ ਪਾਈ ਗਲੀਆਂ ਦੀਆਂ ਨੁੱਕਰਾਂ 'ਤੇ ਅਹਿਲ ਖਲ੍ਹੋਤੇ ਹਨ। ਉਹ ਤਮਾਕੂ ਚਿੱਥ ਰਹੇ ਹਨ, ਉਹਨਾਂ ਦੇ ਜਬਾੜੇ ਸਹਿਜੇ ਸਹਿਜੇ ਹਿੱਲ ਰਹੇ ਹਨ।
ਆਦਮੀ ਉਹਨਾਂ ਦੇ ਕੋਲੋਂ ਲੰਘ ਜਾਂਦਾ ਹੈ, ਉਹ ਟੈਲੀਫੋਨ ਦੇ ਖੰਭਿਆਂ ਕੋਲੋਂ ਅਤੇ ਘਰਾਂ ਦੀਆਂ ਕੰਧਾਂ ਵਿਚਲੇ ਕਾਲੇ ਦਰਵਾਜ਼ਿਆਂ ਦੇ ਜਮਘਟੇ ਕੋਲੋਂ ਗੁਜ਼ਰ ਜਾਂਦਾ ਹੈ— ਕਾਲੇ ਦਰਵਾਜ਼ੇ,