ਜਿਨ੍ਹਾਂ ਦੇ ਖੁੱਲ੍ਹੇ ਹੋਏ ਜਬਾੜੇ ਉਂਘਲਾਉਂਦੇ ਹੋਏ ਉਬਾਸੀਆਂ ਭਰ ਰਹੇ ਹਨ। ਕਿਤੇ ਪਰ੍ਹਾਂ ਦੂਰ ਜਿਹੇ ਇੱਕ ਕਾਰ ਖੜਾਕ ਕਰਦੀ ਕੁਰਲਾਉਂਦੀ ਹੈ । ਗਲੀਆਂ ਦੇ ਡੂੰਘੇ ਪਿੰਜਰਿਆਂ ਵਿੱਚ ਰਾਤ ਦਾ ਸਾਹ ਘੁੱਟਿਆ ਜਾ ਰਿਹਾ ਹੈ, ਰਾਤ ਦਾ ਅੰਤ ਹੋ ਗਿਆ ਹੈ।
ਆਦਮੀ ਆਪਣੇ ਲੰਮੇ ਝੁਕੇ ਹੋਏ ਢਾਂਚੇ ਨੂੰ ਝੁਲਾਉਂਦਿਆਂ ਜਚਵੀਆਂ ਤੁਲਵੀਆਂ ਪੁਲਾਂਘਾ ਪੁੱਟ ਰਿਹਾ ਹੈ। ਉਸ ਦੇ ਮਨ ਵਿੱਚ ਕੁਝ ਵਾਪਰ ਰਿਹਾ ਹੈ, ਕੁਝ ਜਿਸ ਬਾਰੇ ਉਹ ਦੁਚਿੱਤੀਆਂ ਵਿੱਚ ਹੈ, ਜਿਸ ਬਾਰੇ ਅਜੇ ਉਸ ਨੇ ਕੋਈ ਫੈਸਲਾ ਕਰਨਾ ਹੈ...।
ਮੇਰੇ ਖਿਆਲ ਵਿੱਚ ਉਹ ਚੋਰ ਹੈ।
ਇੱਕ ਅਜਿਹੇ ਬੰਦੇ ਨੂੰ ਵੇਖਣਾ ਕਿਤਨਾ ਚੰਗਾ ਜਾਪਦਾ ਹੈ ਜਿਹੜਾ ਸ਼ਹਿਰ ਦੇ ਹਨੇਰੇ ਜਾਲ ਵਿੱਚ ਆਪਣੇ ਆਪ ਨੂੰ ਜਿਊਂਦਾ ਮਹਿਸੂਸ ਕਰਦਾ ਹੈ।
ਖੁੱਲ੍ਹੀਆਂ ਖਿੜਕੀਆਂ ਆਪਣੇ ਅੰਦਰੋਂ ਮਨੁੱਖੀ ਮੁੜ੍ਹਕੇ ਦੀ ਘਿਨਾਉਣੀ ਬਦਬੂ ਉਗਲੱਛ ਰਹੀਆਂ ਹਨ।
ਸਾਹ ਘੋਟੂ, ਡਰਾਉਣੇ ਹਨ੍ਹੇਰੇ ਵਿੱਚ, ਅਜੀਬ, ਉਦਾਸ ਅਵਾਜ਼ਾਂ ਊਂਘ ਰਹੀਆਂ ਹਨ...।
ਆਪਣੀ ਨੀਂਦਰ ਵਿੱਚ ਘੂਕ ਸੁੱਤੇ ਅਤੇ ਅਚੇਤ ਤੌਰ 'ਤੇ ਬੁੜਬੜਾਉਂਦੇ ਪੀਲੇ ਦੈਂਤ ਦਾ ਇਹ ਡਰਾਉਣਾ ਸ਼ਹਿਰ ਹੈ।