ਉਕਤਸਾਹਟ ਦੀ ਸਲਤਨਤ
ਜਦੋਂ ਰਾਤ ਪੈਂਦੀ ਹੈ, ਰੌਸ਼ਨੀਆਂ ਦਾ ਬੇਤਾਲ ਸ਼ਹਿਰ ਮਹਾਂਸਾਗਰ ਉੱਤੇ ਅਕਾਸ਼ ਵੱਲ ਰੀਂਗਦਾ ਵਿਖਾਈ ਦੇਂਦਾ ਹੈ। ਬੇਅੰਤ ਦਗਦੇ ਹੋਏ ਸੋਹਲੇ ਹਨ੍ਹੇਰੇ ਵਿੱਚ ਜਗਮਗਾਉਂਦੇ ਹਨ, ਇਹ ਆਕਾਸ਼ ਦੇ ਹਨ੍ਹੇਰੇ ਪਿਛੋਕੜ ਵਿੱਚ ਬੜੀ ਪਰਬੀਨ ਸੂਖਮਤਾ ਨਾਲ ਰੰਗ ਬਰੰਗੇ ਸ਼ੀਸ਼ਿਆਂ ਦੇ ਅਦਭੁੱਤ ਕਿਲਿਆਂ, ਮਹੱਲਾਂ ਤੇ ਮੰਦਰਾਂ ਦੇ ਸ਼ਾਨਦਾਰ ਮੀਨਾਰ ਤੇ ਬੁਰਜ ਉਲੀਕਦੇ ਹਨ। ਇੱਕ ਸੁਨਹਿਰੀ ਜਾਲਾ ਹਵਾ ਵਿੱਚ ਕੰਬਦਾ ਹੈ, ਇਹ ਆਪਣੇ ਆਪ ਨੂੰ ਅੱਗ ਦੇ ਪਾਰਦਰਸ਼ੀ ਨਮੂਨੇ ਵਿੱਚ ਊਣੀ ਜਾ ਰਿਹਾ ਹੈ ਅਤੇ ਪਾਣੀ ਵਿੱਚ ਪੈਂਦੇ ਆਪਣੇ ਪਰਛਾਵੇਂ ਦੀ ਸੁੰਦਰਤਾ ਨੂੰ ਸਲਾਹੁੰਦਾ ਅਹਿੱਲ ਲਟਕ ਰਿਹਾ ਹੈ। ਇਹ ਅਗਨੀ ਜੋ ਬਲਦੀ ਹੈ ਪਰ ਸਾੜਦੀ ਨਹੀਂ, ਲੁਭਾਉਣੀ ਤੇ ਅਪਾਰ ਹੈ; ਇਸ ਦੀ ਸੱਜਧਜ ਅਕੱਥ ਤੌਰ 'ਤੇ ਸ਼ਾਨਦਾਰ ਹੈ, ਇਸ ਦੀ ਝਿਲਮਲਾਹਟ ਦਾ ਰਹੱਸ ਮਸਾਂ ਹੀ ਸਮਝ ਆਉਣ ਵਾਲਾ ਹੈ, ਇਹ ਅਕਾਸ਼ ਤੇ ਮਹਾਂਸਾਗਰ ਦੇ ਵਿਸ਼ਾਲ ਪਸਾਰ ਵਿਚਾਲੇ ਅਗਨੀ ਦੇ ਇੱਕ ਸ਼ਹਿਰ ਦਾ ਇੱਕ ਜਾਦੂਮਈ ਨਜ਼ਾਰਾ ਰਚਦਾ ਹੈ। ਇਸ ਦੇ ਉੱਪਰ ਇੱਕ ਲਾਲ ਸੂਹੀ ਚਮਕ ਮੰਡਲਾਉਂਦੀ ਹੈ ਅਤੇ ਪਾਣੀ ਇਸ ਦੇ ਨਕਸ਼ ਪਰਤਾਉਂਦਾ ਹੈ, ਨਕਸ਼ਾਂ ਨੂੰ ਪਿਘਲੇ ਹੋਏ ਸੋਨੇ ਦੇ ਵਿਲੱਖਣ ਛਿਟਿਆਂ ਵਿੱਚ ਘੋਲ ਰਿਹਾ ਹੈ...।
ਰੌਸ਼ਨੀਆਂ ਦੀ ਇਹ ਖੇਡ ਅਜੀਬ ਅਜੀਬ ਵਿਚਾਰਾਂ ਨੂੰ ਜਨਮ ਦੇਂਦੀ ਹੈ: ਕੋਈ ਮਹਿਸੂਸ ਕਰਦਾ ਹੈ ਜਿਵੇਂ ਪਰੀ ਮਹੱਲਾਂ ਦੇ ਹਾਲ ਕਮਰਿਆਂ ਵਿੱਚ, ਭੜਕਵੀਂ ਖੁਸ਼ੀ ਦੀ ਚਮਕੀਲੀ ਰੌਸ਼ਨੀ ਦੇ ਵਿਚਾਲੇ, ਸੰਗੀਤ ਦੀਆਂ ਮੱਧਮ, ਮਾਣਮਤੀਆਂ ਧੁਨਾਂ ਜ਼ਰੂਰ ਸੁਣਾਈ ਦੇ ਰਹੀਆਂ ਹਨ, ਜਿਹੋ ਜਿਹਾ ਸੰਗੀਤ ਪਹਿਲਾਂ ਕਦੇ ਨਾ ਸੁਣਿਆ ਹੋਵੇਗਾ। ਉੱਡਦੇ ਹੋਏ ਤਾਰਿਆਂ ਵਾਂਗ ਧਰਤੀ ਦੇ ਅਤਿ ਉੱਤਮ ਵਿਚਾਰ ਇਸ ਪਿਆਰੀ ਧਨ ਤੇ ਸੁਆਰ ਹੋਏ ਜ਼ਰੂਰ ਉੱਡੀ ਜਾ ਰਹੇ ਹਨ। ਇਸ ਦੈਵੀ ਨਾਚ ਵਿੱਚ ਇੱਕ ਦੂਜੇ ਨੂੰ ਢੂੰਡਦੇ ਹਨ ਅਤੇ ਇੱਕ ਛਿਨ ਭਰ ਦੀ ਗਲਵੱਕੜੀ ਵਿੱਚ ਲਾਟਾਂ ਛੱਡਦੇ, ਇੱਕ ਨਵੀਂ ਰੌਸ਼ਨੀ, ਨਵੇਂ ਵਿਚਾਰਾਂ ਨਾਲ ਗਰਭਿਤ ਹੁੰਦੇ ਹਨ।
ਮਹਿਸੂਸ ਹੁੰਦਾ ਹੈ ਕਿ ਉਸ ਮਖਮਲੀ ਹਨ੍ਹੇਰੇ ਵਿੱਚ ਇੱਕ ਬਹੁਤ ਵੱਡਾ ਪੰਘੂੜਾ, ਜੇ ਸੁਨਹਿਰੀ ਧਾਗਿਆਂ, ਫੁੱਲਾਂ ਤੇ ਸਤਾਰਿਆਂ ਨਾਲ ਚਮਤਕਾਰੀ ਰੂਪ ਵਿੱਚ ਉਣਿਆ ਹੋਇਆ ਹੈ ਮਹਾਂਸਾਗਰ ਦੀ ਹਿਲੋਰੇ ਖਾਂਦੀ ਛਾਤੀ ਉੱਤੇ ਸਹਿਜੇ ਸਹਿਜੇ ਝੂਲ ਰਿਹਾ ਹੈ ਅਤੇ ਇਸ ਵਿੱਚ ਸੂਰਜ ਸਵੇਰ ਹੋਣ ਤੱਕ ਵਿਸਰਾਮ ਕਰ ਰਿਹਾ ਹੈ।