Back ArrowLogo
Info
Profile

ਸੂਰਜ ਮਨੁੱਖ ਨੂੰ ਹਕੀਕਤ ਦੇ ਨੇੜੇ ਲਿਆਉਂਦਾ ਹੈ। ਦਿਨ ਦੀ ਰੌਸ਼ਨੀ ਵਿੱਚ ਅਗਨੀ ਦਾ ਇਹ ਕਲਪਤ ਸ਼ਹਿਰ ਨਸ਼ਟ ਹੋਇਆ ਜਾਪਦਾ ਹੈ ਅਤੇ ਚਿੱਟੀਆਂ ਇਮਾਰਤਾਂ ਦਾ ਇੱਕ ਸੰਗ੍ਰਹਿ ਵਿਖਾਈ ਦੇਂਦਾ ਹੈ।

ਮਹਾਂਸਾਗਰ ਦੇ ਸਾਹ ਦੀ ਨੀਲੀ ਧੁੰਦ ਸ਼ਹਿਰ ਦੇ ਸੰਘਣੇ ਭੂਰੇ ਧੂੰਏਂ ਵਿੱਚ ਘੁਲਮਿਲ ਜਾਂਦੀ ਹੈ। ਨਾਜ਼ਕ ਸਫੈਦ ਢਾਂਚੇ ਇੱਕ ਪਾਰਦਰਸ਼ੀ ਪਰਦੇ ਵਿੱਚ ਲਪੇਟੇ ਜਾਂਦੇ ਹਨ ਅਤੇ ਇਹ ਇੱਕ ਨਜ਼ਰ ਦੇ ਧੋਖੇ ਵਾਂਗ ਕਿਸੇ ਖੂਬਸੂਰਤ ਤੇ ਸੁਖਾਵੀਂ ਚੀਜ਼ ਲਈ ਭਰਮਾਉਂਦੇ, ਸੈਨਤਾਂ ਨਾਲ ਬੁਲਾਉਂਦੇ ਇਕਰਾਰ ਕਰਦੇ, ਥਰਥਰਾਉਂਦੇ ਹਨ।

ਧੂੰਏਂ ਤੇ ਧੂੜ ਘੱਟੇ ਦੇ ਬੱਦਲਾਂ ਵਿਚਾਲੇ, ਪਿਛੋਕੜ ਵਿੱਚ ਸ਼ਹਿਰ ਦੀਆਂ ਚੌਰਸ ਇਮਾਰਤਾਂ ਦੁੱਬਕੀਆਂ ਹੋਈਆਂ ਹਨ, ਸ਼ਹਿਰ ਹਵਾ ਨੂੰ ਆਪਣੀ ਅਤ੍ਰਿਪਤ, ਭੁੱਖੜ-ਲੋਭੀ ਗੜਗੜਾਹਟ ਨਾਲ ਪੈਰੀਂ ਪੈਣਾ ਕਰਦਾ ਹੈ। ਇਹ ਤਿੱਖਾ ਰੌਲਾ ਜੋ ਹਵਾ ਤੇ ਰੂਹ ਨੂੰ ਕੰਬਾਅ ਰਿਹਾ ਹੈ, ਤਣੀਆਂ ਹੋਈਆਂ ਫੌਲਾਦੀ ਤਾਰਾਂ ਦੀ ਇਹ ਨਿਰੰਤਰ ਹੂਕ, ਸੋਨੇ ਦੇ ਪੈਰਾਂ ਵਿੱਚ ਲਿਤਾੜੀਆਂ ਜਾ ਰਹੀਆਂ ਜੀਵਨ ਸ਼ਕਤੀਆਂ ਦਾ ਦਰਦੀਲਾ ਵਰਲਾਪ, ਪੀਲੇ ਦੈਂਤ ਦੀ ਰੁੱਖੀ ਖਿਝਾਉਣੀ ਚੀਕ-ਇਹ ਆਵਾਜ਼ਾਂ ਹਰ ਕਿਸੇ ਨੂੰ ਮਿੱਟੀ ਘੱਟੇ ਨਾਲ ਲਿਬੜੇ ਪਲੀਤ ਹੋਏ ਸ਼ਹਿਰ ਦੇ ਬੂ ਮਾਰਦੇ ਜੁੱਸੇ ਤੋਂ ਪਰਾਂ ਦੂਰ ਧੱਕੀ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਲੋਕ ਮਹਾਂਸਾਗਰ ਦੇ ਕੰਢੇ ਵੱਲ ਜਾਂਦੇ ਹਨ ਜਿੱਥੇ ਇਹ ਖੂਬਸੂਰਤ ਸਫੇਦ ਇਮਾਰਤਾਂ ਅਮਨ ਤੇ ਚੈਨ ਦੇ ਇਕਰਾਰ ਲਈ ਖਲ੍ਹੋਤੀਆਂ ਹਨ।

ਹਨ੍ਹੇਰੇ ਪਾਣੀਆਂ ਵਿੱਚ ਡੂੰਘੀ ਖੁੱਭੀ ਹੋਈ ਤਲਵਾਰ ਵਾਂਗ ਪਾਣੀ ਵਿੱਚ ਦੂਰ ਧਸੀ ਹੋਈ ਰੇਤ ਦੀ ਨੋਕ ਉੱਤੇ ਏਥੇ ਇਹ ਇਮਾਰਤਾਂ ਨੇੜੇ ਨੇੜੇ ਢੁੱਕ ਕੇ ਖਲੋਤੀਆਂ ਹਨ। ਸੂਰਜ ਦੀ ਰੋਸ਼ਨੀ ਵਿੱਚ ਤਪਦੀ ਹੋਈ ਰੇਤ ਚਮਕਦੀ ਹੈ ਅਤੇ ਪਾਰਦਰਸ਼ੀ ਇਮਾਰਤਾਂ ਪੀਲੀ ਮਖਮਲ ਉੱਤੇ ਅਤਿ ਸੁੰਦਰ ਚਿੱਟੀ ਸਿਲਕ ਦੀ ਕਸੀਦਾਕਾਰੀ ਵਾਂਗ ਵਿਖਾਈ ਦਿੰਦੀਆਂ ਹਨ। ਇੰਝ ਜਾਪਦਾ ਹੈ ਜਿਵੇਂ ਕੋਈ ਦੇਵਤਾ ਅਸਮਾਨੋਂ ਉੱਤਰ ਕੇ ਰੇਤ ਦੀ ਇਸ ਪਤਲੀ ਕਾਤਰ ਉੱਤੇ ਉੱਤਰ ਆਇਆ ਹੋਵੇ ਅਤੇ ਉਸ ਨੇ ਪਾਣੀਆਂ ਵਿੱਚ ਛਾਲ ਕੱਢ ਮਾਰੀ ਹੋਵੇ ਤੇ ਆਪਣੇ ਕੀਮਤੀ ਕੱਪੜੇ ਪਾਣੀਆਂ ਦੀ ਛਾਤੀ ਉੱਤੇ ਉਛਾਲ ਰਿਹਾ ਹੋਵੇ।

ਇਹ ਜ਼ੋਰਦਾਰ ਖਾਹਿਸ਼ ਪੈਦਾ ਹੁੰਦੀ ਹੈ ਕਿ ਇਹਨਾਂ ਨਰਮ, ਲਾਡ ਲਡਾਉਂਦੇ ਕੱਪੜਿਆਂ ਨੂੰ ਜਾ ਕੇ ਛੂਹਿਆ ਜਾਏ, ਉਹਨਾਂ ਦੇ ਵਿਲਾਸਮਈ ਵੱਟਾਂ ਉੱਤੇ ਚੌਫਾਲ ਲੇਟਿਆ ਜਾਵੇ ਅਤੇ ਆਪਣੀਆਂ ਅੱਖਾਂ ਵਿੱਚ ਵਿਸ਼ਾਲ ਚੌੜਿਤਣ ਦੇ ਅਨੰਦ ਨੂੰ ਭਰ ਲਿਆ ਜਾਏ, ਜਿਵੇਂ ਚਿੱਟੇ ਪੰਛੀ ਬਿਨਾਂ ਕਿਸੇ ਸ਼ੋਰ ਦੇ ਤੇਜ਼ੀ ਨਾਲ ਏਧਰ ਉੱਧਰ ਉੱਡਦੇ ਹਨ, ਜਿੱਥੇ ਮਹਾਂਸਾਗਰ ਤੇ ਅੰਬਰ ਸੂਰਜ ਦੀ ਤੇਜ਼ ਚਮਕਦੀ ਧੁੱਪ ਵਿੱਚ ਊਂਘ ਰਹੇ ਹਨ।

ਇਹ ਕੋਨੀ ਟਾਪੂ ਹੈ।

ਹਰ ਸੋਮਵਾਰ ਅਖ਼ਬਾਰਾਂ ਬੜੇ ਮਾਣ ਨਾਲ ਆਪਣੇ ਪਾਠਕਾਂ ਨੂੰ ਸੂਚਤ ਕਰਦੀਆਂ ਹਨ:

"ਕੱਲ੍ਹ 3,00,000 ਲੋਕ ਕੋਨੀ ਟਾਪੂ ਦੀ ਸੈਰ ਕਰਨ ਗਏ । 23 ਬੱਚੇ ਗਵਾਚ ਗਏ।

22 / 162
Previous
Next