... ਬਰੁਕਲੀਨ ਤੇ ਲੌਂਗ ਟਾਪੂ ਦੀਆਂ ਧੂੜ ਘੱਟੇ ਨਾਲ ਭਰੀਆਂ ਤੇ ਸੋਰੀਲੀਆਂ ਗਲੀਆਂ ਵਿੱਚੋਂ ਦੀ ਕਾਰ ਰਾਹੀਂ ਲੰਘਦਿਆਂ ਚੁੰਧਿਆ ਦੇਣ ਵਾਲੇ ਸ਼ਾਨਦਾਰ ਕੋਨੀ ਟਾਪੂ ਤੱਕ ਇੱਕ ਲੰਮਾ ਪੈਂਡਾ ਹੈ ਅਤੇ, ਜਿਵੇਂ ਹੀ ਇੱਕ ਬੰਦਾ ਰੌਸ਼ਨੀਆਂ ਦੇ ਇਸ ਸ਼ਹਿਰ ਦੇ ਦੁਆਰ 'ਤੇ ਜਾ ਖਲ੍ਹੋਦਾ ਹੈ, ਅਵੱਸ਼ ਹੀ ਉਸ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ। ਇਹ ਸ਼ਹਿਰ ਉਸ ਦੀਆਂ ਅੱਖਾਂ ਵਿੱਚ ਲੱਖਾਂ ਠੰਡੇ ਯਖ ਸਫੈਦ ਚਿੰਗਿਆੜੇ ਵਗਾਹ ਵਗਾਹ ਮਾਰਦਾ ਹੈ ਅਤੇ ਬੜੀ ਦੇਰ ਤੱਕ ਉਸ ਚੁੰਧਿਆਉਂਦੀ ਧੂੜ ਵਿੱਚ ਕੁਝ ਵੀ ਸਮਝ ਨਹੀਂ ਪੈਂਦੀ। ਉਸ ਦੇ ਦੁਆਲੇ ਦੀ ਹਰ ਚੀਜ਼ ਭੱਖਦੀ ਝੱਗ ਦੀ ਇੱਕ ਤੂਫਾਨੀ ਘੁੰਮਣਘੇਰ ਹੈ, ਹਰ ਸ਼ੈਅ ਘੁੰਮਦੀ, ਚਮਕਦੀ ਤੇ ਸੈਨਤਾਂ ਮਾਰਦੀ ਹੈ। ਬੰਦਾ ਤੁਰੰਤ ਬੌਂਦਲਾ ਜਾਂਦਾ ਹੈ, ਉਸ ਦੇ ਮਨ ਵਿੱਚੋਂ ਇਸ ਸਾਰੀ ਚਮਕ ਦਮਕ ਨਾਲ ਸਭ ਕੁਝ ਮਿੱਟ ਜਾਂਦਾ ਹੈ, ਸਾਰੇ ਵਿਚਾਰ ਉਸ ਦੇ ਦਿਮਾਗ ਵਿੱਚੋਂ ਬਾਹਰ ਧੱਕੇ ਜਾਂਦੇ ਹਨ ਅਤੇ ਉਹ ਇਸ ਭੀੜ-ਭੜੱਕੇ ਦਾ ਇੱਕ ਕਿਣਕਾ ਬਣ ਜਾਂਦਾ ਹੈ। ਚਕਰਾਉਂਦੇ ਦਿਮਾਗਾਂ ਨਾਲ ਲੋਕ ਟਿਮਟਿਮਾਉਂਦੀ ਰੋਸ਼ਨੀ ਵਿਚਾਲੇ ਐਵੇਂ ਬਿਨਾਂ ਕਿਸੇ ਮੰਤਵ ਦੇ ਆਵਾਰਾ ਫਿਰਦੇ ਰਹਿੰਦੇ ਹਨ। ਇਕ ਧੁੰਦਲਾ ਸਫੈਦ ਕੁਹਰਾ ਉਹਨਾਂ ਦੇ ਦਿਮਾਗ ਅੰਦਰ ਧੱਸਦਾ ਜਾਂਦਾ ਹੈ, ਇੱਕ ਉਤਾਵਲੀ ਉਡੀਕ ਦੀ ਭਾਵਨਾ ਰੂਹ ਉੱਤੇ ਇੱਕ ਲੇਸਦਾਰ ਉਛਾੜ ਚਾੜ੍ਹਦੀ ਹੈ। ਚਮਕ ਦਮਕ ਨਾਲ ਚੁੰਧਿਆਉਂਦੀ ਲੋਕਾਂ ਦੀ ਭੀੜ, ਇੱਕ ਹਨ੍ਹੇਰੀ ਸ਼ਾਮ ਵਾਂਗ ਰੌਸ਼ਨੀ ਦੇ ਅਹਿੱਲ ਤਲਾਅ ਵਿੱਚ ਡਿੱਗਦੀ ਜਾਂਦੀ ਹੈ, ਇਸ ਤਲਾਅ ਦੇ ਚੌਫੇਰੇ ਰਾਤ ਦੀਆਂ ਹਨ੍ਹੇਰੀਆਂ ਹੱਦਾਂ ਦੀ ਝਾਲਰ ਲੱਗੀ ਹੋਈ ਹੈ।
ਨਿੱਕਚੂ ਨਿੱਕਚੂ ਬੱਤੀਆਂ, ਹਰ ਚੀਜ਼ ਉੱਤੇ ਠੰਡੀ ਰੌਸ਼ਨੀ ਸੁੱਟ ਰਹੀਆਂ ਹਨ। ਇਹ ਸਾਰੇ ਖੰਭਿਆਂ ਤੇ ਕੰਧਾਂ ਨਾਲ, ਖਿੜਕੀਆਂ ਦੇ ਫਰੇਮਾਂ ਤੇ ਇਮਾਰਤਾਂ ਦੇ ਛੱਜਿਆਂ ਨਾਲ ਲੱਗੀਆਂ ਹੋਈਆਂ ਹਨ। ਇਹ ਬਿਜਲੀ ਘਰ ਦੀ ਲੰਮੀ ਚਿਮਨੀ ਦੇ ਆਲੇ ਦੁਆਲੇ ਲਿਪਟੀਆਂ ਲੜੀਆਂ ਵਿੱਚ ਹਨ, ਇਹ ਸਾਰੀਆਂ ਛੱਤਾਂ ਉੱਤੇ ਬਲਦੀਆਂ ਹਨ, ਇਹ ਨਿਰਜਿੰਦ ਚਮਕ ਦੀਆਂ ਤੇਜ਼ ਸੂਈਆਂ ਨਾਲ ਲੋਕਾਂ ਦੀਆਂ ਅੱਖਾਂ ਨੂੰ ਵਲੂੰਧਰਦੀਆਂ ਹਨ—ਲੋਕ ਅੱਖਾਂ ਝਮਕਦੇ ਹਨ ਅਤੇ ਮੂਰਖਾਂ ਵਾਂਗ ਮੁਸਕਰਾਉਂਦਿਆਂ ਇੱਕ ਉਲਝੀ ਹੋਈ ਜ਼ੰਜ਼ੀਰ ਦੀਆਂ ਭਾਰੀਆਂ ਕੜੀਆਂ ਵਾਂਗ ਧਰਤੀ ਉੱਤੇ ਹੌਲੀ ਹੌਲੀ ਆਪਣੇ ਆਪ ਨੂੰ ਧੂਈ ਜਾਂਦੇ ਹਨ...।
ਮਨੁੱਖ ਲਈ ਇੱਕ ਬਹੁਤ ਵੱਡੀ ਹੌਂਸਲੇ ਵਾਲੀ ਕੋਸ਼ਿਸ਼ ਹੈ ਕਿ ਉਹ ਅਜਿਹੀ ਭੀੜ ਵਿੱਚ ਮੌਜੂਦ ਹੈ, ਉਹ ਇੱਕ ਅਜੀਬ ਕੌਤਕ ਰਾਹੀਂ ਕੁਚਲਿਆ ਜਾ ਰਿਹਾ ਹੈ ਜਿਸ ਵਿੱਚ ਨਾ ਕੋਈ ਖੁਸ਼ੀ ਹੈ ਨਾ ਅਨੰਦ ਅਤੇ ਜਿਹੜਾ ਵੀ ਕੋਈ ਇਸ ਭੀੜ ਵਿੱਚ ਮੌਜੂਦ ਹੈ, ਵੇਖਦਾ ਹੈ ਕਿ ਇਹ ਲੱਖਾਂ ਬੱਤੀਆਂ ਇੱਕ ਉਦਾਸ, ਵਸਤਰਹੀਨ ਕਰਨ ਵਾਲੀ ਰੋਸ਼ਨੀ ਖਿਲੇਰਦੀਆਂ ਹਨ, ਜੋ ਇੱਕ ਪਾਸੇ ਸੁੰਦਰਤਾ ਦੀ ਸੰਭਾਵਨਾ ਵੱਲ ਸੰਕੇਤ ਕਰਦੀ ਹੈ ਤਾਂ ਦੂਜੇ ਪਾਸੇ ਆਲੇ ਦੁਆਲੇ ਦੀ ਉਜਾੜ, ਵੀਰਾਨ ਕਰੂਪਤਾ ਨੂੰ ਨੰਗਾ ਕਰਦੀ ਹੈ। ਪਰ ਜਾਦੂਈ ਸ਼ਹਿਰ ਦੇ ਨੇੜੇ ਵਿਖਾਈ ਦੇਂਦਾ ਪਰਛਾਵਾਂ ਜੰਗਲ ਵਿੱਚ ਸਿੱਧੀਆਂ ਲੀਕਾਂ ਦਾ ਇੱਕ ਬੇਅਰਥ ਗੋਰਖ ਧੰਦਾ ਹੈ, ਬੱਚਿਆਂ ਨੂੰ ਖੁਸ਼ ਕਰਨ ਲਈ ਸਸਤੇ, ਕਾਹਲੀ ਵਿੱਚ ਖੜ੍ਹੇ ਕੀਤੇ ਢਾਂਚੇ ਹਨ, ਜੋ ਕਿਸੇ ਘਬਰਾਏ ਹੋਏ ਬੱਚਿਆਂ ਦੇ ਬੁੱਢੇ ਉਸਤਾਦ ਦਾ ਕੰਮ ਜਾਪਦਾ ਹੈ ਜਿਹੜਾ ਬੱਚਿਆਂ ਦੀਆਂ ਖੁੱਲ੍ਹਾਂ ਤੋਂ ਪ੍ਰੇਸ਼ਾਨ