ਹੈ ਅਤੇ ਉਹਨਾਂ ਨੂੰ ਉਹਨਾਂ ਦੇ ਖਿਡੌਣਿਆਂ ਰਾਹੀਂ ਵੀ ਨਿਮਰਤਾ ਤੇ ਸਹਿਣਸ਼ੀਲਤਾ ਸਿਖਾਉਣਾ ਚਾਹੁੰਦਾ ਹੈ। ਇੱਥੇ ਲਗਭਗ ਦਰਜਨਾਂ ਸਫੈਦ ਇਮਾਰਤਾਂ ਦੀ ਇੱਕ ਕਰੂਪ ਵੰਨਗੀ ਹੈ ਅਤੇ ਇਹਨਾਂ ਵਿੱਚੋਂ ਕਿਸੇ ਇੱਕ ਉੱਤੇ ਨਾਂ-ਮਾਤਰ ਵੀ ਖੂਬਸੂਰਤੀ ਨਹੀਂ। ਇਹ ਲਕੜੀ ਦੀਆਂ ਬਣੀਆਂ ਹੋਈਆਂ ਹਨ, ਇਹ ਉੱਖੜ ਉੱਖੜ ਕੇ ਲਹਿ ਰਹੇ ਚਿੱਟੇ ਰੋਗਨ ਨਾਲ ਕੱਜੀਆਂ ਹੋਈਆਂ ਹਨ ਅਤੇ ਇੱਕੋ ਜਿਹੇ ਚਮੜੀ ਰੋਗ ਦੀਆਂ ਸ਼ਿਕਾਰ ਜਾਪਦੀਆਂ ਹਨ। ਉੱਚੇ ਮੀਨਾਰ ਅਤੇ ਨੀਵੇਂ ਖੰਭੇ ਦੋ ਖਤਰਨਾਕ ਸਾਂਵੀਆਂ ਲਾਈਨਾਂ ਵਿੱਚ ਫੈਲੇ ਹੋਏ ਹਨ ਅਤੇ ਬੇਤਰਤੀਬੇ ਰਲਗੱਡ ਹੋਏ ਹੋਏ ਹਨ। ਹਰ ਸ਼ੈਅ ਅਲਫ ਨੰਗੀ ਹੈ ਜਿਸ ਨੂੰ ਰੋਸ਼ਨੀਆਂ ਦੀ ਨਿਰਪੱਖ ਚਮਕ ਨੇ ਲੁੱਟ ਲਿਆ ਹੈ। ਇਹ ਨਿਰਪੱਖ ਚਮਕ ਹਰ ਥਾਂ 'ਤੇ ਮੌਜੂਦ ਤੇ ਕਿਧਰੇ ਵੀ ਪਰਛਾਵਾਂ ਨਹੀਂ। ਹਰ ਇਮਾਰਤ ਇੰਝ ਖਲ੍ਹੋਤੀ ਹੈ ਜਿਵੇਂ ਕੋਈ ਮੂਰਖ ਮੂੰਹ ਅੱਡੀ ਉਬਾਸੀ ਲੈ ਰਿਹਾ ਹੋਵੇ ਅਤੇ ਧੂੰਏਂ ਦੇ ਇੱਕ ਬੱਦਲ ਦੀ ਇੱਕ ਝਲਕ ਵਿੱਚ, ਪਿੱਤਲ ਦੀਆਂ ਭਰੜਾਈਆਂ ਹਵਾਂਕਣੀਆਂ ਅਤੇ ਕਿਸੇ ਸਾਜ਼ ਦੀ ਚਾਂਗਰ ਸੁਣਦੀ ਹੈ ਅਤੇ ਲੋਕਾਂ ਦੇ ਕਾਲੇ ਕਾਲੇ ਅਕਾਰ ਵੇਖਦੀ ਹੈ। ਲੋਕ ਜਿਹੜੇ ਖਾ ਰਹੇ ਹਨ, ਪੀ ਰਹੇ ਹਨ ਤੇ ਸੂਟੇ ਮਾਰ ਰਹੇ ਹਨ।
ਪਰ ਮਨੁੱਖ ਦਾ ਕੁਝ ਵੀ ਸੁਣਾਈ ਨਹੀਂ ਦੇਂਦਾ। ਹਵਾ ਝੂਲਦੀਆਂ ਬੱਤੀਆਂ ਦੀ ਸ਼ੁਕਰ, ਸੰਗੀਤ ਦੇ ਅਸੰਗਤ ਟੁਕੜਿਆਂ, ਲੱਕੜੀ ਦੀ ਬੰਸਰੀ ਦੀ ਪਵਿੱਤਰ ਹੂਕ, ਠਠਿਆਰਾਂ ਦੀ ਫੂਕਣੀ ਦੀ ਇੱਕਸਾਰ ਬਰੀਕ ਸੀਟੀ ਨਾਲ ਭਰੀ ਪਈ ਹੈ। ਇਹ ਸਭ ਕੁਝ ਇੱਕ ਖਿੱਝਵੀਂ ਭਿਣਭਿਣਾਹਟ, ਜਿਵੇਂ ਕਿਸੇ ਮੋਟੀ ਤੇ ਤਣੀ ਹੋਈ ਅਦਿੱਖ ਤਾਰ ਦੀ ਟੁਣਕਾਰ ਵਿੱਚ ਰਲ ਮਿਲ ਜਾਂਦੀ ਹੈ ਅਤੇ ਜਦੋਂ ਇੱਕ ਮਨੁੱਖੀ ਆਵਾਜ਼ ਇਸ ਨਿਰੰਤਰ ਭਿਣਭਿਣਾਹਟ ਉੱਤੇ ਧਾਵਾ ਬੋਲਦੀ ਹੈ, ਇਹ ਇੱਕ ਸਹਿਮੀ ਹੋਈ ਘੁਸਰ ਮੁਸਰ ਵਰਗੀ ਸੁਣਾਈ ਦੇਂਦੀ ਹੈ। ਹਰ ਸ਼ੈਅ ਆਪਣੀ ਬੇ-ਰੌਣਕ ਕਰੂਪਤਾ ਨੂੰ ਨੰਗਾ ਕਰਦੀ ਹੋਈ ਨਿਰਲੱਜਤਾ ਨਾਲ ਚਮਕਦੀ ਹੈ...।
ਰੂਹ ਇੱਕ ਸਜੀਵ, ਲਾਲ ਸੂਹੇ, ਦਗਦਗ ਕਰਦੇ ਸ਼ੋਹਲੇ ਦੀ ਇੱਕ ਭੱਖਵੀਂ ਖਾਹਿਸ਼ ਨਾਲ ਬੇਚੈਨ ਹੈ, ਜੋ ਲੋਕਾਂ ਨੂੰ ਇਸ ਦਾਗਦਾਰ ਅਕੇਵੇਂ ਦੀ ਜਕੜ ਵਿੱਚੋਂ ਅਜ਼ਾਦ ਕਰ ਦੇਵੇਗੀ, ਜਿਹੜਾ ਅਕੇਵਾਂ ਬੋਲਾ ਬਣਾਉਂਦਾ ਹੈ ਤੇ ਅੰਨ੍ਹਾ ਕਰਦਾ ਹੈ...। ਕੋਈ ਵੀ ਇਸ ਸਜਾਵਟ ਨੂੰ ਫੂਕ ਦੇਣਾ ਚਾਹੇਗਾ ਅਤੇ ਵਹਿਸ਼ੀ ਵੇਗ ਵਿੱਚ ਨੱਚਣਾ ਚਾਹੇਗਾ, ਇੱਕ ਦਗਦਗ ਕਰਦੇ ਸੋਹਲੇ ਦੀਆਂ ਭੱਖਦੀਆਂ ਜੀਭਾਂ ਦੀ ਭੜਥੂ ਪਾਉਣ ਵਾਲੀ ਖੇਡ ਵਿੱਚ ਕੂਕਣਾ ਤੇ ਗਾਉਣਾ ਚਾਹੇਗਾ, ਰੂਹਾਨੀ ਗਰੀਬੀ ਦੀ ਨਿਰਜਿੰਦ ਸ਼ਾਨੋ ਸੌਕਤ ਦੀ ਤਬਾਹੀ ਦੇ ਨਸ਼ਈ ਜਸ਼ਨ ਵਿੱਚ ਰੰਗਰਲੀਆਂ ਮਨਾਉਣਾ ਚਾਹੇਗਾ...!
ਕੋਨੀ ਟਾਪੂ ਵਿੱਚ ਨਿਰਸੰਦੇਹ ਹਜ਼ਾਰਾਂ ਲੋਕ ਉਸ ਦੇ ਦਾਸ ਹਨ। ਇਹ ਲੋਕ ਇਸ ਦੇ ਵਿਸ਼ਾਲ ਇਲਾਕੇ ਉੱਤੇ ਕਾਲੀਆਂ ਮੱਖੀਆਂ ਦੇ ਬੱਦਲਾਂ ਵਾਂਗ ਭਿਣਭਿਣਾਉਂਦੇ ਹਨ, ਪਿੰਜਰੇ ਵਰਗੇ ਚਿੱਟੇ ਢਾਂਚਿਆਂ ਵਿੱਚ ਅਤੇ ਇਮਾਰਤਾਂ ਦੇ ਸਾਰੇ ਹਾਲ ਕਮਰਿਆਂ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਤੇ ਤੂੜੇ ਹੋਏ ਹਨ। ਗਰਭਵਤੀ ਔਰਤਾਂ ਨੇ ਬੜੇ ਧੀਰਜ ਨਾਲ ਆਪਣੇ ਪੇਟਾਂ ਦਾ ਬੋਝ ਚੁੱਕਿਆ ਹੋਇਆ ਹੈ। ਬੱਚੇ ਇੱਕ ਦੂਜੇ ਤੋਂ ਥੋੜ੍ਹੀ ਵਿੱਥ 'ਤੇ ਚੁੱਪ ਚਾਪ ਤੁਰ ਰਹੇ ਹਨ