ਅਤੇ ਆਪਣੇ ਆਲੇ ਦੁਆਲੇ ਘਬਰਾਈਆਂ ਅੱਖਾਂ ਨਾਲ ਇਤਨੀ ਤੀਖਣਤਾ ਤੇ ਗੰਭੀਰਤਾ ਨਾਲ ਝਾਕ ਰਹੇ ਹਨ ਕਿ ਕੋਈ ਵੀ ਉਹਨਾਂ ਲਈ ਤਰਸ ਨਾਲ ਪੀੜਤ ਹੋ ਉੱਠਦਾ ਹੈ ਕਿਉਂ ਜੋ ਉਹ ਆਪਣੀਆਂ ਰੂਹਾਂ ਨੂੰ ਕਰੂਪਤਾ ਉੱਤੇ ਪਾਲਦੇ ਹਨ, ਜਿਸ ਨੂੰ ਉਹ ਗਲਤੀ ਨਾਲ ਖੂਬਸੂਰਤੀ ਸਮਝਦੇ ਹਨ। ਆਦਮੀਆਂ ਦੇ ਸਫਾ ਚੱਟ ਚਿਹਰੇ ਜੋ ਅਜੀਬ ਤੌਰ 'ਤੇ ਇੱਕ ਤਰ੍ਹਾਂ ਦੇ ਵਿਖਾਈ ਦੇਂਦੇ ਹਨ, ਉਤਸ਼ਾਹਹੀਨ ਤੇ ਨਿਰਾਸ਼ ਹਨ। ਉਹਨਾਂ ਵਿੱਚੋਂ ਬਹੁਤਿਆਂ ਨੇ ਆਪਣੇ ਨਾਲ ਆਪਣੀਆਂ ਵਾਹੁਟੀਆਂ ਤੇ ਬੱਚੇ ਵੀ ਲਿਆਂਦੇ ਹੋਏ ਹਨ। ਅਤੇ ਉਹ ਆਪਣੇ ਟੱਬਰਾਂ ਦੇ, ਉਹਨਾਂ ਨੂੰ ਕੇਵਲ ਰੋਟੀ ਹੀ ਨਹੀਂ ਸਗੋਂ ਸ਼ਾਨਦਾਰ ਨਜ਼ਾਰੇ ਪ੍ਰਦਾਨ ਕਰ ਕੇ ਆਪਣੇ ਆਪ ਨੂੰ ਦਾਤੇ ਸਮਝਦੇ ਹਨ। ਉਹ ਆਪ ਇਸ ਚਮਕ ਦਮਕ ਨੂੰ ਪਸੰਧ ਕਰਦੇ ਹਨ, ਪਰ ਉਹ ਇਤਨੇ ਗੰਭੀਰ ਹਨ ਕਿ ਆਪਣੇ ਜਜ਼ਬਿਆਂ ਨੂੰ ਪ੍ਰਗਟ ਨਹੀਂ ਕਰ ਸਕਦੇ ਅਤੇ ਇਸ ਲਈ ਇਹ ਸਾਰੇ ਆਪਣੇ ਪਤਲੇ ਹੋਠਾਂ ਨੂੰ ਝਪੀਟਦੇ ਅਤੇ ਆਪਣੀਆਂ ਅੱਖਾਂ ਨੂੰ ਮੀਚਦੇ ਹਨ ਅਤੇ ਅਜਿਹੇ ਵਿਅਕਤੀ ਦੇ ਅੰਦਾਜ਼ ਨਾਲ ਮੱਥੇ ਤੇ ਵੱਟ ਪਾਉਂਦੇ ਹਨ ਜਿਸ ਨੂੰ ਕੋਈ ਵੀ ਸ਼ੈਅ ਪ੍ਰਭਾਵਤ ਨਹੀਂ ਕਰ ਸਕਦੀ। ਫਿਰ ਵੀ ਹਰ ਕੋਈ ਪ੍ਰੌਢ ਤਜ਼ਰਬੇ ਤੋਂ ਜਨਮੀ ਇਸ ਬਾਹਰੋਂ ਵਿਖਾਈ ਦੇਂਦੀ ਤਸੱਲੀ ਤੇ ਠਰਮੇ ਦੇ ਪਿੱਛੇ ਜਾਦੁਈ ਸ਼ਹਿਰ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਸਾਰੀਆਂ ਖੁਸ਼ੀਆਂ ਦਾ ਸੁਆਦ ਚਖਣ ਦਾ, ਇੱਕ ਪ੍ਰਚੰਡ ਉਤਾਵਲਾਪਣ ਮਹਿਸੂਸ ਕਰਦਾ ਹੈ ਅਤੇ ਇਸ ਤਰ੍ਹਾਂ ਇਹ ਇਜ਼ਤਦਾਰ ਉਸ ਖੁਸ਼ੀ ਦੀ ਚਮਕ ਨੂੰ ਲੁਕਾਉਣ ਲਈ ਜਿਹੜੀ ਉਹਨਾਂ ਦੀਆਂ ਅੱਖਾਂ ਨੂੰ ਰੁਸ਼ਨਾਉਂਦੀ ਹੈ ਗਿਣੀਆਂ ਮਿੱਥੀਆਂ ਪ੍ਰਤੀਕੂਲ ਪ੍ਰਗਟਾਅ ਵਾਲੀਆਂ ਮੁਸਕਾਨਾਂ ਨਾਲ ਬਿਜਲੀ ਨਾਲ ਚੱਲਣ ਵਾਲੇ ਝੂਲਿਆਂ ਦੇ ਲੱਕੜੀ ਦੇ ਬਣੇ ਘੋੜਿਆਂ ਤੇ ਹਾਥੀਆਂ ਦੀਆਂ ਪਿੱਠਾਂ ਉੱਤੇ ਚੜ੍ਹਦੇ ਹਨ, ਰੇਲਾਂ ਉੱਤੇ ਘੁਮੋਟੀਆਂ ਖਾਣ, ਉਤਾਂਹ ਨੂੰ ਉਛਲਣ ਦੀ ਤੇ ਫਿਰ ਹਵਾ ਵਿੱਚ ਸੀਟੀਆਂ ਵਜਾਉਂਦਿਆਂ ਹੇਠਾਂ ਆਉਣ ਦੀ ਤੀਬਰ ਖੁਸ਼ੀ ਦੀ ਉਤੇਜਤ ਸੰਭਾਵਨਾ ਵਿੱਚ ਉਡੀਕਦੇ ਹਨ। ਜਿਵੇਂ ਹੀ ਇਹ ਹੁਝਕੋਲਿਆਂ ਤੇ ਠੇਡਿਆਂ ਵਾਲਾ ਸਫਰ ਪੂਰਾ ਹੁੰਦਾ ਹੈ, ਉਹ ਆਪਣੇ ਚਿਹਰਿਆਂ ਉੱਤੇ ਚਮੜੀ ਨੂੰ ਮੁੜ ਕਸ ਕੇ ਤਾਣ ਲੈਂਦੇ ਹਨ ਤੇ ਹੋਰਨਾਂ ਖੁਸ਼ੀਆਂ ਵੱਲ ਤੁਰ ਪੈਂਦੇ ਹਨ...।
ਮਨੋਰੰਜਨ ਅਣਗਿਣਤ ਹਨ : ਲੋਹੇ ਦੇ ਇੱਕ ਮੀਨਾਰ ਉੱਤੇ ਦੋ ਸਫੈਦ ਖੰਭ ਹੌਲੀ ਹੌਲੀ ਘੁੰਮ ਰਹੇ ਹਨ ਤੇ ਉਹਨਾਂ ਦੇ ਸਿਰਿਆਂ ਨਾਲ ਪਿੰਜਰੇ ਲਟਕਦੇ ਹਨ ਜਿਨ੍ਹਾਂ ਵਿੱਚ ਲੋਕ ਬੈਠੇ ਹਨ। ਜਦੋਂ ਇੱਕ ਖੰਭ ਉਤਾਂਹ ਨੂੰ ਜਾਂਦਾ ਹਵਾ ਵਿੱਚ ਤੈਰਦਾ ਹੈ ਤਾਂ ਪਿੰਜਰੇ ਵਿੱਚ ਬੈਠੇ ਲੋਕਾਂ ਦੇ ਚਿਹਰਿਆਂ ਉੱਤੇ ਪੀੜਤ ਗੰਭੀਰਤਾ ਪਸਰ ਜਾਂਦੀ ਹੈ ਅਤੇ ਇੱਕੋ ਜਿਹੇ ਪ੍ਰਗਟਾਅ ਨਾਲ ਉਹ ਖਾਮੋਸ਼ੀ ਨਾਲ ਅੱਖਾਂ ਅੱਡੀ ਤਣਾਅ ਪੂਰਨ ਹਾਲਤ ਵਿੱਚ ਦੂਰ ਹੁੰਦੀ ਜਾਂਦੀ ਧਰਤੀ ਵੱਲ ਝਾਕਦੇ ਹਨ ਅਤੇ ਦੂਜੇ ਖੰਭ ਦੇ ਪਿੰਜਰਿਆਂ ਵਿੱਚ, ਜੋ ਉਸੇ ਸਮੇਂ ਬੜੀ ਸਾਵਧਾਨੀ ਨਾਲ ਹੇਠਾਂ ਨੂੰ ਆ ਰਿਹਾ ਹੈ, ਲੋਕਾਂ ਦੇ ਚਿਹਰੇ ਮੁਸਕਰਾਉਂਦੇ ਖਿੜ ਉੱਠਦੇ ਹਨ ਅਤੇ ਖੁਸ਼ੀ ਦੀਆਂ ਅਵਾਜ਼ਾਂ ਸੁਣਾਈ ਦੇਂਦੀਆਂ ਹਨ। ਇਹ ਅਵਾਜ਼ਾਂ ਸਾਨੂੰ ਉਸ ਕਤੂਰੇ ਦੀ ਖੁਸ਼ੀਪੂਰਨ ਚੀਕ ਦਾ ਚੇਤਾ ਦਿਵਾਉਂਦੀਆਂ ਹਨ ਜਦੋਂ ਉਸ ਨੂੰ ਗਿੱਚੀ ਤੋਂ ਪਕੜ ਕੇ ਹਵਾ ਵਿੱਚ ਲਟਕਾਈ ਰੱਖਣ ਮਗਰੋਂ ਫ਼ਰਸ਼ ਉੱਤੇ ਰੱਖ ਦਿੱਤਾ ਜਾਂਦਾ ਹੈ।