ਉਤਾਂਹ ਨੂੰ ਝਾਕ ਰਹੀਆਂ ਹਨ। ਹਰ ਘਰ ਵਿੱਚ ਆਪਣੀ ਉਚਾਈ ਬਾਰੇ ਇੱਕ ਘੁਮੰਡੀ ਆਕੜ ਅਤੇ ਇਸ ਦੀ ਕਰੂਪਤਾ ਮਹਿਸੂਸ ਕੀਤੀ ਜਾਂਦੀ ਹੈ। ਖਿੜਕੀ ਵਿੱਚ ਕੋਈ ਫੁੱਲ ਨਹੀਂ ਅਤੇ ਵੇਖਣ ਨੂੰ ਕੋਈ ਬੱਚਾ ਨਹੀਂ...।
ਇਸ ਦੂਰੀ ਤੋਂ ਸ਼ਹਿਰ ਇੱਕ ਚੌੜੇ ਜਬਾੜੇ ਵਾਂਗ ਵਿਖਾਈ ਦੇਂਦਾ ਹੈ, ਜਿਸ ਵਿਚਲੇ ਕਾਲੇ ਦੰਦ ਉੱਘੜ ਦੁੱਘੜੇ ਉੱਚੇ ਨੀਵੇਂ ਹਨ। ਇਹ ਅਸਮਾਨ ਵਿੱਚ ਕਾਲੇ ਧੂੰਏਂ ਦੇ ਬੱਦਲਾਂ ਦੇ ਸਾਹ ਛੱਡਦਾ ਹੈ ਅਤੇ ਇੱਕ ਮੋਟਾਪੇ ਦੇ ਸ਼ਿਕਾਰ ਪੇਟੂ ਵਾਂਗ ਹੌਂਕਦਾ ਹੈ।
ਸ਼ਹਿਰ ਵਿੱਚ ਦਾਖਲ ਹੋਣਾ ਪੱਥਰ ਤੇ ਲੋਹੇ ਦੇ ਪੇਟ ਵਿੱਚ ਦਾਖਲ ਹੋਣ ਵਾਂਗ ਹੈ, ਇੱਕ ਅਜਿਹਾ ਪੇਟ ਜੋ ਲੱਖਾਂ ਲੋਕਾਂ ਨੂੰ ਨਿਗਲ ਗਿਆ ਹੈ ਅਤੇ ਉਹਨਾਂ ਨੂੰ ਪੀਹ ਰਿਹਾ ਹੈ ਤੇ ਹਜ਼ਮ ਕਰ ਰਿਹਾ ਹੈ।
ਗਲੀ ਇੱਕ ਤਿਲਕਵਾਂ ਲੋਭੀ ਗਲਾ ਹੈ ਜਿਸ ਦੀ ਡੂੰਘਾਈ ਵਿੱਚ ਸ਼ਹਿਰ ਦੀ ਖਾਧ ਖੁਰਾਕ ਦੇ ਕਾਲੇ ਭੋਰੇ -ਜੀਉਂਦੇ ਮਨੁੱਖ ਤਰਦੇ ਹਨ । ਹਰ ਥਾਂ 'ਤੇ ਸਿਰ ਉੱਤੇ, ਪੈਰਾਂ ਹੇਠ, ਆਲੇ ਦੁਆਲੇ ਲੋਹੇ ਦੀ ਟੁਣਕਾਰ ਆਪਣੀ ਜਿੱਤ ਤੇ ਖੁਸ਼ ਹੋ ਰਹੀ ਹੈ। ਸੋਨੇ ਦੀ ਤਾਕਤ ਰਾਹੀਂ ਸਜੀਵ ਰੂਪ ਧਾਰ ਕੇ ਤੇ ਜੋਸ਼ ਨਾਲ ਭਰਪੂਰ ਇਹ ਮਨੁੱਖ ਦੇ ਦੁਆਲੇ ਆਪਣਾ ਜਾਲਾ ਤਣਦਾ ਹੈ, ਉਸ ਦਾ ਸੰਘ ਘੋਪਦਾ ਹੈ, ਉਸ ਦਾ ਲਹੂ ਤੇ ਦਿਮਾਗ ਚੂਸਦਾ ਹੈ, ਉਸ ਦੇ ਪੱਠਿਆਂ ਤੇ ਤੰਤੂਆਂ ਨੂੰ ਹੜੱਪਦਾ ਹੈ ਅਤੇ ਬੇਅਵਾਜ਼ ਪੱਥਰ ਉੱਤੇ ਸਸਤਾਂਦਿਆਂ ਵਧਦਾ ਹੀ ਵੱਧਦਾ ਜਾਂਦਾ ਹੈ ਅਤੇ ਕਿਤੇ ਬਹੁਤ ਦੂਰ ਦੁਰਾਡੇ ਤੱਕ ਆਪਣੀ ਜ਼ੰਜੀਰ ਨੂੰ ਫੈਲਾ ਰਿਹਾ ਹੈ।
ਅਥਾਹ ਮੋਟੇ ਕੀੜਿਆਂ ਵਾਂਗ ਇੰਜਣ ਕੁਰਬਲ ਕੁਰਬਲ ਕਰ ਰਹੇ ਹਨ, ਉਹਨਾਂ ਦੇ ਪਿੱਛੇ ਡੱਬੇ ਘਿਸਟਦੇ ਜਾ ਰਹੇ ਹਨ, ਇੰਜਣਾਂ ਦੇ ਹਾਰਨ ਮੋਟੀਆਂ ਬਤਕਾਂ ਵਾਂਗ ਟਰੈਂ ਟਰੈਂ ਕਰਦੇ ਹਨ, ਬਿਜਲੀ ਦੀਆਂ ਤਾਰਾਂ ਨੀਰਸ ਗੁਣ-ਗੁਣਾਉਂਦੀਆਂ ਹਨ। ਗਲ ਘੋਟੂ ਹਨ। ਆਪਣੇ ਵਿੱਚ ਜਜ਼ਬ ਕੀਤੀਆਂ ਹਜ਼ਾਰਾਂ ਕੁਰੱਖਤ ਆਵਾਜ਼ਾਂ ਨਾਲ ਧੜਕਦੀਆਂ ਹਨ। ਜਿਵੇਂ ਸਪੰਜ ਆਪਣੇ ਅੰਦਰ ਨਮੀ ਨੂੰ ਜਜ਼ਬ ਕਰ ਲੈਂਦਾ ਹੈ ਉੱਪਰੋਂ ਹੇਠਾਂ ਦਬਾਇਆਂ। ਫੈਕਟਰੀਆਂ ਦੇ ਧੂਏਂ ਨਾਲ ਪਲੀਤ ਹੋਇਆ ਇਹ ਨਿਰਦਈ ਸ਼ਹਿਰ ਉੱਚੀਆਂ, ਕਾਲਖ ਲਿੱਪੀਆਂ ਕੰਧਾਂ ਵਿਚਾਲੇ ਬੇਹਰਕਤ ਲਟਕ ਰਿਹਾ ਹੈ।
ਚੌਂਕਾਂ ਅਤੇ ਲੋਕਾਂ ਲਈ ਛੋਟੇ ਬਾਗਾਂ ਵਿੱਚ, ਜਿੱਥੇ ਰੁੱਖਾਂ ਦੀਆਂ ਸ਼ਾਖਾਂ ਉੱਤੇ ਧੂੜ ਲਿਬੜੇ ਨਿਰਜਿੰਦ ਪੱਤੇ ਸਿਰ ਨਿਵਾਈ ਲਟਕਦੇ ਹਨ। ਕਾਲੇ ਯਾਦਗਾਰੀ ਬੁੱਤ ਖਲ੍ਹੋਤੇ ਹਨ । ਬੁੱਤਾਂ ਦੇ ਚਿਹਰੇ ਮਿੱਟੀ ਦੀ ਮੋਟੀ ਤਹਿ ਨਾਲ ਕੱਜੇ ਹੋਏ ਹਨ। ਅੱਖਾਂ ਜੋ ਕਿਸੇ ਸਮੇਂ ਆਪਣੇ ਦੇਸ਼ ਦੇ ਪਿਆਰ ਨਾਲ ਦਗ ਦਗ ਕਰਦੀਆਂ ਸਨ, ਸ਼ਹਿਰ ਦੀ ਧੂੜ ਨਾਲ ਭਰੀਆਂ ਹੋਈਆਂ ਹਨ। ਇਹ ਤਾਂਬੇ ਦੇ ਲੋਕ, ਜੋ ਬਹੁ-ਮੰਜ਼ਲੀਆਂ ਇਮਾਰਤਾਂ ਦੇ ਜਾਲ ਵਿਚਾਲੇ ਬਹੁਤ ਹੀ ਨਿਆਸਰੇ ਤੇ ਇਕੱਲੇ ਹਨ ਅਤੇ ਜੋ ਉੱਚੀਆਂ ਕੰਧਾਂ ਦੇ ਹਨ੍ਹੇਰੇ ਪਰਛਾਵੇਂ ਵਿੱਚ ਗਿਠਮੁੱਠੀਆਂ ਨਾਲੋਂ ਉੱਚੇ ਨਹੀਂ, ਆਪਣੇ ਦੁਆਲੇ ਪਸਰੇ ਹੋਏ ਪਾਗਲਪਣ ਦੇ ਰੌਲੇ ਵਿੱਚ ਆਪਣਾ ਰਾਹ ਭੁੱਲ ਗਏ ਹਨ ਅਤੇ ਅੱਧ-ਅੰਨ੍ਹਿਆਂ ਵਾਂਗ ਖਲ੍ਹੋਤੇ ਹਨ। ਆਪਣੇ ਪੈਰਾਂ ਵਿੱਚ ਲੋਕਾਂ ਦੀ ਹਾਬੜੀ ਹੋਈ