ਇਹ ਸੁਣਕੇ ਅੰਮੀ ਪਹਿਲੇ ਤਾਂ ਮੁਸਕਾਈ, ਪਰ ਫੇਰ ਰੋ ਪਈ। ਮੈਂ ਕਦੇ ਮਾਂ ਦੀਆਂ ਅੱਖਾਂ ਵਿਚ ਪਾਣੀ ਨਹੀਂ ਸੀ ਡਿੱਠਾ, ਨੌਕਰਾਂ ਨੂੰ ਜਦ ਮਾਰੀਏ ਤਾਂ ਓਹ ਲੋਕ ਰੋਂਦੇ ਸਨ। ਮੈਂ ਜਾਣਦੀ ਸਾਂ ਅਸੀਂ ਚਾਣੇ ਲੋਕ ਹਾਂ, ਸਾਡੇ ਨੈਣਾਂ ਵਿਚ ਐਹੋ ਜਿਹਾ ਕੱਚਾ ਪਾਣੀ ਹੈ ਹੀ ਨਹੀਂ, ਪਰ ਅੱਜ ਤਾਂ ਮੈਂ ਆਪ ਹੋਈ ਸਾਂ, ਮੈਂ ਸੋਚਦੀ ਸਾਂ ਕਿ ਮੈਂ ਪਾਪ ਕੀਤਾ ਹੈ ਤੇ ਪੰਡਤ ਜੀ ਨੇ ਪਾਪ ਦੱਸਿਆ ਸੀ: ਨੀਚ ਕਰ ਦੇਂਦਾ ਹੈ, ਮੈਂ ਤਾ ਨੀਵੀਂ ਹੋਈ ਹਾਂ, ਪਰ ਅੰਮੀ ਨੇ ਕੋਈ ਪਾਪ ਨਹੀਂ ਕੀਤਾ ਸੀ ਇਹ ਕਿਉਂ ਰੋਈ? ਇੰਨੇ ਨੂੰ ਅੰਮੀ ਬੋਲੀ- "ਬੱਚੀਏ! ਕੀ ਆਖਾਂ? ਤੇਰੇ ਪਿਉ ਦੇ ਹੱਥੋਂ ਲੜਾਈਆਂ ਵਿਚ ਕਈ ਆਦਮੀ ਮੋਏ। ਰਾਜ ਭਾਗ ਖਬਰੇ ਤੇਰੇ ਸਿਰ ਆਵੇ। ਆਲੇ ਦੁਆਲੇ ਵੈਰੀ ਰਾਇ ਵਸਦੇ ਹਨ, ਜੇ ਤੁੰ ਤਕੜੀ ਨਾ ਹੋਈਓ ਤੇ ਲੜ ਕੇ ਫਤਹ ਪਾਕੇ ਰਾਨ ਨਾ ਬਣੀਓਂ ਤਾਂ ਰਾਜ ਕੀਕੂ ਸਾਂਭੇਗੀ? ਮਾੜਾ ਤਾਂ ਹੋਯਾ ਪਰ ਕੀਹ ਹੋਇਆ ਇਕ ਕੰਗਲਾ ਮਰ ਗਿਆ ਤਾਂ ਮਰ ਗਿਆ ਸਹੀ।" ਇਹ ਸੁਣ ਕੇ ਮੇਰੀਆਂ ਚੀਕਾਂ ਨਿਕਲ ਗਈਆਂ, ਮੈਂ ਨਿਆਣੇ ਬਾਲ ਵਾਂਙੂ ਰੋਈ। ਮਾਂ ਨੇ ਛਾਤੀ ਨਾਲ ਲਾਕੇ ਪਿਆਰ ਕੀਤਾ, ਪਰ ਮੇਰਾ ਹੋਣਾ ਨਾ ਠਲ੍ਹੀਵੇ, ਆਖਾਂ:- "ਅੰਮੀਏ! ਤੇਰੀਆਂ ਅੱਖਾਂ ਨੂੰ ਕੀਹ ਹੋ ਗਿਆ ਹੈ? ਉਹ ਸਾਰਿਆਂ ਕੋਲੋਂ ਚੰਗਾ ਆਦਮੀ ਹੈ, ਤਾਹੀਓ ਤਾਂ ਮੈਨੂੰ ਚੰਗਾ ਲਗਦਾ ਹੈ। ਉਸ ਨੂੰ ਤੂੰ 'ਕੰਗਲਾ' ਆਖਦੀ ਹੈਂ? ਜੇ ਉਹ ਮਰ ਗਿਆ ਤਾਂ ਉਹ ਜਾਣੋਂ। ਅੰਮੀ! ਜੇ ਉਹ ਮਰ ਗਿਆ ਤਾਂ ਏਹੋ ਤੀਰ ਜਿਸ ਨਾਲ ਮੈਂ ਸਭ ਤੋਂ ਉੱਚੇ ਨੂੰ ਮਾਰਿਆ ਹੈ, ਮੈਂ ਆਪਣੀ ਛਾਤੀ ਪੁਰੇਵਾਂਗੀ ਤੇ ਤੇਰੀ ਗੋਦ ਵਿਚ ਨਹੀਂ ਖੇਡਾਂਗੀ ਤੇ ਬਾਪੂ ਜੀ ਨੂੰ ਗਲਵੱਕੜੀ ਨਹੀਂ ਪਾਵਾਂਗੀ। ਅੰਮੀਏ! ਤੈਨੂੰ ਕੀ ਹੋ ਗਿਆ ਹੈ? ਜਿਹੜੀਆਂ ਚੀਜ਼ਾਂ ਮੈਨੂੰ ਸੁਹਣੀਆਂ ਲਗਦੀਆਂ ਸਨ ਤੂੰ ਚਾਉ ਨਾਲ ਉਨ੍ਹਾਂ ਨੂੰ ਲੈਂਦੀ ਤੇ ਕਹਿੰਦੀ ਹੁੰਦੀ ਸੈਂ ਕਿ ਇਹ ਬਹੁਤ ਸੁਹਣੀਆਂ ਹਨ, ਅਜ ਤੂੰ ਮੈਨੂੰ ਸਭ ਤੋਂ ਚੰਗਾ ਲੱਗਣ ਵਾਲੇ ਨੂੰ 'ਕੰਗਾਲ ਮਰ ਗਿਆ ਤਾਂ ਕੀਹ ਹੋਇਆ ਆਖਦੀ ਹੈ। ਵੈਦ ਨੂੰ ਸੱਦ ਖਾਂ ਵੇਖੇ ਮੇਰੀਆਂ ਅੱਖਾਂ ਵਿਚ ਡੋਰੇ ਦਾ ਜਾਲਾ ਤਾਂ ਨਹੀਂ ਪੈ ਗਿਆ ਜਾਂ ਤੇਰੀਆਂ