ਇਸ ਤਰ੍ਹਾਂ ਕਰਦਿਆਂ ਕੁਛ ਦਿਨ ਲੰਘੇ, 'ਚੰਗੇ' ਜੀ ਦਾ ਜੀ ਵੱਲ ਹੁੰਦਾ ਪਿਆ ਦਿੱਸੇ। ਇਕ ਦਿਨ ਰਾਤ ਨੂੰ ਨੈਣ ਖੋਲ੍ਹੇ ਤੇ ਮੈਨੂੰ ਕੋਲ ਸੱਦਿਆ ਤੇ ਕਹਿਣ ਲਗਾ:"ਦੇਖ ਤੂੰ ਇਕ ਪਰਦੇਸੀ ਦੀ ਸੇਵਾ ਕੀਤੀ ਹੈ ਤੇ ਰਾਜੇ ਦੀ ਧੀ ਹੋਕੇ ਕੀਤੀ ਹੈ, ਮੈਂ ਗ਼ਰੀਬ ਹਾਂ ਮੇਰੇ ਕੋਲ ਕੀ ਹੈ ਜੋ ਤੈਨੂੰ ਦੇਵਾਂ? ਪਰ ਇਕ ਗੱਲ ਤੈਨੂੰ ਦੱਸਦਾ ਹਾਂ ਜੋ ਤੈਨੂੰ ਸੁਖ ਦੇਵੇਗੀ, ਉਹ ਗੱਲ ਸਮਝ ਲੈ ਧ੍ਯਾਨ ਦੇਕੇ ਉਹ ਗੱਲ ਇਹ ਹੈ ਜੋ"-ਤੂੰ ਏਹ ਸਰੀਰ ਨਹੀਂ ਹੈਂ; ਤੂੰ ਆਤਮਾ ਹੈ-"। ਮੈਂ ਪੁੱਛਿਆ "ਆਤਮਾ ਕੀ ਹੁੰਦੀ ਹੈ" ਤਾਂ ਉਹਨਾਂ ਦਾ ਮੂੰਹ ਬੰਦ ਹੋ ਗਿਆ। ਦੂਸਰੀ ਰਾਤ ਫੇਰ ਮੂੰਹ ਖੁੱਲ੍ਹਾ ਤੇ ਕਹਿਣ ਲੱਗ: "ਮੈਂ ਆਖਦਾ ਹਾਂ ਕਿ ਤੂੰ ਆਤਮਾ ਹੈਂ, ਤੂੰ ਸਰੀਰ ਤੋਂ ਵਖਰੀ ਹੈਂ, ਤੂੰ ਸਰੀਰ ਤੋਂ ਉੱਚੀ ਹੈਂ, ਸਰੀਰ ਨਾ ਰਹੇ ਤੂੰ ਤਾਂ ਬੀ ਹੋਵੇਗੀ। ਤੂੰ ਜੇ ਨਿਰਾ ਸਰੀਰ ਹੋਵੇਂ ਤਾਂ ਹੰਸ ਖੇਡ ਖਾ ਪੀ ਛੱਡਿਆ ਕਰ, ਪਰ ਤੂੰ ਆਤਮਾਂ ਹੈਂ, ਆਪ ਨੂੰ ਪਛਾਣਿਆ ਕਰ, ਦੂਜਿਆਂ ਵਿਚ ਆਪਣੇ ਵਰਗੀ ਆਤਮਾ ਵੇਖਿਆ ਕਰ! ਦੌਲਤ ਤੇ ਸਰੀਰ ਪਰਦੇ ਹਨ ਜੇ ਆਪਣੇ ਆਪ ਨੂੰ ਆਤਮਾਂ ਦਿੱਸਣ ਨਹੀਂ ਦਿੰਦੇ, ਇਨ੍ਹਾਂ ਪੜਦਿਆਂ ਨੂੰ ਪਾੜਕੇ ਆਤਮਾ ਵੇਖਿਆ ਕਰ! ਤੇ ਬਹੁਤ ਉਂਦੀ ਹੈਂ, ਪਰ ਆਪਣੇ ਲਈ ਜਿਕੂੰ ਸੁਖ ਲੈਂਦੀ ਹੈਂ, ਤਿੱਕ ਸੁਖ ਦਿਆ ਬੀ ਕਰ।"
ਮੈਂ ਘਬਰਾ ਗਈ, ਮੇਰੇ ਅੱਗੇ ਹਨੇਰਾ ਆ ਗਿਆ, ਮੈ ਹਰਯਾਨ ਹੋ ਹੱਕੀ ਬੱਕੀ ਰਹਿ ਗਈ, ਮੈਂ ਆਖਿਆ: "ਮੈਂ ਨਹੀਂ ਜਾਣਦੀ ਤੁਸੀਂ ਕੀ ਕਿਹਾ ਹੈ?" ਮੈਂ ਆਤਮਾ ਹਾਂ? ਮੈਂ ਸਰੀਰ ਦੇ ਮੋਇਆਂ ਨਹੀਂ ਮਰਨਾ? ਮੈਂ ਸੁਖ ਦੇਣਾ ਹੈ?" ਹਾਇ! ਇਹ ਸੱਚ ਹੈ? ਜੇ ਸੱਚ ਹੈ ਤਾਂ ਹੋਰ ਨਾ ਕਹੁ, ਮੇਰਾ ਜੀ ਬੈਠਦਾ ਹੈ। ਮੈਂ ਇਹ ਸਰੀਰ ਹੀ ਹੋਵਾਂ ਤੇ ਤੇਰੇ ਸਰੀਰ ਦੀ ਸੇਵਾ ਕਰਾਂ, ਸੇਵਾ ਵਿਚ ਮਰ ਜਾਵਾਂ ਤੇ ਫੇਰ ਨਾ ਹੋਵਾਂ। ਬੱਸ ਜੀ ਹੋਰ ਮੈਂ ਕੁਛ ਨਾ ਹੋਵਾਂ।" ਉਹ ਬੋਲੋ, "ਭੋਲੀਏ। ਤੂੰ ਆਤਮਾਂ ਹੈਂ, ਤੂੰ ਜ਼ਮੀਨ ਤੇ ਤੁਰਨ ਵਾਲੀ ਨਹੀਂ। ਤੂੰ ਪੰਛੀਆਂ ਵਾਂਝਾਂ ਕਿਸੇ ਹੋਰ ਅਕਾਸ਼ ਦੀ ਉੱਡਣਵਾਲੀ ਹੈਂ। ਤੂੰ ਮਿੱਟੀ, ਮਾਸ, ਡੰਡੀ, ਲਹੂ ਨਹੀਂ, ਤੂੰ ਚਾਨਣੇ ਵਾਂਙੂ ਜਯੰਤ ਸਰੂਪ ਹੈਂ, ਨਿਰੀ ਰੋਣ ਪਿੱਟਣ, ਹੱਸਣ, ਖੇਡਣ ਵਾਲੀ ਨਹੀਂ, ਪਰ ਸਦਾ ਸੁਖੀ, ਸਦਾ ਆਨੰਦ ਹੈ।"