ਮੇਰੀਆਂ ਟਹਿਲਣਾਂ ਪਲੋਸਿਆ ਕਰਦੀਆਂ ਸਨ। ਕਿੰਨਾਂ ਚਿਰ ਐਉਂ ਲੰਘ ਗਿਆ। ਲਹੂ ਦੀ ਧਾਰ ਵਾਲੀ ਨਾੜ ਮੇਰੇ ਹੱਥ ਨੇ ਨੱਪੀ ਹੋਈ ਸੀ, ਮੇਰਾ ਦੂਸਰਾ ਹੱਥ ਉਸ ਦੇ ਪੈਰਾਂ ਨੂੰ ਘੁੱਟ ਰਿਹਾ ਸੀ ਕਿ ਬੇਵਸੇ ਫੇਰ ਮੇਰਾ ਸਿਰ ਉਹਨਾ ਪੈਰਾਂ ਤੇ ਜਾ ਪਿਆ ਅਰ ਮੇਰੇ ਝਨਾਂ ਵਾਂਙੂ ਉੱਛਲ ਰਹੇ ਨੈਣਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਧੋਤਾ, ਇਸ ਵੇਲੇ ਉਸ ਨੇ ਲੰਮਾ ਸਾਹ ਲੀਤਾ, ਮੈਂ ਸਿਰ ਚੁਕਕੇ ਦੇਖਿਆ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਸਨ। ਅੱਖਾਂ ਨੂੰ ਜਦ ਮੇਰੀਆਂ ਅੱਖਾਂ ਨੇ ਡਿੱਠਾ, ਮੇਰੇ ਸਾਰੇ ਸਰੀਰ ਵਿਚ ਬਰਨਾਟ ਛਿੜ ਗਈ: ਕਾਹਨੂੰ ਕਦੇ ਮੈਂ ਐਹੋ ਜੇਹੀਆਂ ਅੱਖਾਂ ਵੇਖੀਆਂ ਸਨ? ਮੈਂ ਚਾਹੁੰਦੀ ਸਾਂ ਕਿ ਆਖਾਂ: 'ਹੇ ਸਭ ਤੋਂ ਉੱਚੇ ਮਨੁੱਖ। ਮੈਂ ਅਨਜਾਣੇ ਤੈਨੂੰ ਵਿੰਨ੍ਹ ਬੈਠੀ ਹਾਂ, ਪਰ ਆਪਣਾ ਦੇਸ਼ ਆਪ ਮੰਨਦੀ ਹਾਂ। ਇਹ ਮੇਰਾ ਕਮਾਨ ਹੈ ਤੇ ਇਹ ਤੀਰ ਹੈ ਜਿਸ ਨਾਲ ਤੈਨੂੰ ਮੈਂ ਵਿੰਨ੍ਹਿਆਂ ਹੈ, ਉੱਠ ਅਰ ਮੇਰੀ ਛਾਤੀ ਇਸੇ ਨਾਲ ਵਿੰਨ੍ਹ ਘੱਤ। ਤੇ ਜੇ ਜਾਨ ਬਖਸ਼ੀ ਕਰੇਂ ਤਾਂ ਮੇਰੇ ਕੰਨ ਚੀਰ ਕੇ ਵਾਲੀ ਪਾ ਅਰ ਮੈਨੂੰ ਗੁਲਾਮ ਬਣਾਕੇ ਨਾਲ ਲੈ ਚਲ। ਮੈਂ ਸਾਰੀ ਉਮਰ ਦੀ ਤੇਰੀ ਬਾਂਦੀ ਹੋਈ। ਪਰ ਹਾਇ ਮੇਰਾ ਸੰਘ ਰੁਕ ਗਿਆ, ਮੈਂ ਬੋਲ ਨਾ ਸਕੀ, ਮੇਰੀਆਂ ਅੱਖਾਂ ਨੇ ਜੇ ਕੁਛ ਆਖਿਆ ਸੋ ਆਖਿਆ ਅਰ ਉਸ ਦੀਆਂ ਅੱਖਾਂ ਨੇ ਜੋ ਵਾਚਿਆ ਸੋ ਵਾਚਿਆ। ਮੈਂ ਅਜੇ ਰੱਜਕੇ ਅੱਖੀਆਂ ਦੇਖੀਆਂ ਬੀ ਨਹੀਂ ਸਨ ਕਿ ਛੱਪਰ ਢਹਿ ਪਏ ਅਰ ਓਹ ਅੱਖਾਂ ਫੇਰ ਬੰਦ ਹੋ ਗਈਆਂ। ਮੇਰਾ ਪੈਰ ਘੁੱਟਣ ਵਾਲਾ ਹੱਥ ਹੁਣ ਉਸ ਦੇ ਚਿਹਰੇ ਤੇ ਪਹੁੰਚਾ, ਮਿੱਟੀ ਸਾਫ ਕੀਤੀ, ਝਿਆ, ਜਿਉ ਮਾਂ ਡਾਢੇ ਚਾਵਾਂ ਵੇਲੇ ਮੇਰੇ ਚਿਹਰੇ ਤੇ ਹੱਥ ਫੇਰਦੀ ਸੀ, ਕੁਛ ਉਸ ਤਰ੍ਹਾਂ ਤੇ ਕੁਛ ਸੰਗ ਜੇਹੀ ਵਿਚ ਮੈਂ ਚਿਹਰੇ ਤੇ ਹੱਥ ਫੇਰਾਂ ਤੇ ਚਾਹਾਂ ਕਿ ਇਹ ਇਕ ਵੇਰ ਫੇਰ ਅੱਖਾਂ ਖੋਹਲ ਦੇਵੇ। ਮੇਰੀ ਆਸ ਪੂਰੀ ਹੋ ਗਈ, ਅੱਖਾਂ ਖੁੱਲ੍ਹ ਗਈਆਂ ਅਰ ਖੁੱਲ੍ਹਕੇ ਮੇਰੀਆਂ ਅੱਖਾਂ ਵਿਚ ਗੱਡ ਗਈਆਂ, ਮੇਰੇ ਨੈਣ ਚਮਕਣਾ ਭੁੱਲ ਗਏ। ਉਹ ਸੁਆਦ ਇਸ ਰੰਗ ਵਿਚ ਆਯਾ ਕਿ ਮੈਂ ਕਦੇ ਅੱਗੇ ਨਹੀਂ ਡਿੱਠਾ ਸੀ, ਮੈਨੂੰ ਇਕ ਤਰ੍ਹਾਂ ਦੀ ਬੇਸੁਧੀ ਹੋ ਗਈ। ਕੁਛ ਚਿਰ ਲੰਘਿਆ ਤਾਂ ਮੈਨੂੰ ਮਲੂਮ ਹੋਇਆ ਕਿ ਬੁੱਲ੍ਹ ਖੁੱਲ੍ਹਣ ਲਗੇ ਹਨ ਅਰ ਆਖਣ ਲਗੇ ਹਨ ਕਿ 'ਤੂੰ ਮੇਰੀ ਗੋਲੀ ਹੈਂ"। ਬੁੱਲ੍ਹ ਖੁੱਲੇ ਅਰ ਬੋਲੋ, ਪਰ ਮੈਂ ਨਹੀਂ ਸਮਝੀ ਕੀਹ ਬੋਲੇ। ਹਾਂ ਮੈਨੂੰ ਜੋ ਬੋਲੋ, ਉਹ ਚੇਤੇ ਹੋ ਗਿਆ, 'ਸਿ-ਰੀ-ਵਾ-ਹੋ-ਗੁ-ਰੂ'। ਇੰਨੀ ਗਲ ਸੀ ਜੋ ਉਸ ਨੇ ਆਖੀ, ਪਰ ਮੈਂ ਉਸ ਵੱਲੋਂ ਨਹੀਂ ਸਮਝਦੀ ਸਾਂ ਕਿ ਇਹ ਕੀ ਆਖਦਾ ਹੈ।