ਯੋਗ ਅਤੇ ਸਿਮਰਨ ਦੇ ਅਭਿਆਸ ਮਾਨਸਿਕ ਤਣਾਉ ਦੇ ਇਲਾਜ ਵਜੋਂ ਵਰਤੇ ਜਾਣੇ ਅਣਉਚਿੱਤ ਨਹੀਂ ਹਨ ਪਰੰਤੂ ਚਿੱਤ ਦੀਆਂ ਸਾਰੀਆਂ ਵ੍ਰਿਤੀਆਂ ਦਾ ਵਿਰੋਧ ਕਿਸੇ ਉੱਚੀ ਤੋਂ ਉੱਚੀ ਪ੍ਰਾਪਤੀ ਲਈ ਵੀ ਇੱਛਿਤ ਨਹੀਂ। ਦਇਆ, ਖਿਮਾ, ਕਰਣਾ, ਮਮਤਾ, ਮਿੱਤ੍ਰਤਾ ਦੇ ਮੁੱਲੋਂ ਮਰੀਦਿਆ ਹੋਇਆ ਕੋਈ ਵੀ ਆਨੰਦ ਇੱਕ ਮਹਿੰਗਾ ਸੌਦਾ ਹੈ; ਸ਼ਾਇਦ ਘਾਟੇਵੰਦਾ ਵੀ। ਇਹ ਵਿਸ਼ਵਾਸ ਆਪਣੇ ਆਪ ਵਿੱਚ ਹੀ ਇੱਕ ਘਾਟਾ ਹੈ, ਇੱਕ ਉਲਾਰ ਹੈ ਕਿ ਸਾਧਾਰਣ ਆਦਮੀ, ਸਾਧਾਰਣ ਮਨੋ-ਅਵਸਥਾ ਵਿੱਚ, ਸਾਧਾਰਣ ਸੰਬੰਧਾਂ ਦਾ ਸਤਿਕਾਰ ਕਰਦਿਆਂ ਹੋਇਆਂ, ਆਪਣੇ ਜੀਵਨ ਦੇ ਸਾਧਾਰਣ ਕਾਰ-ਵਿਹਾਰ ਵਿੱਚੋਂ ਲੋੜੀਂਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਇਸ ਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਇਸ ਸੰਸਾਰ ਦੇ ਸਿਰਜਣਹਾਰ ਨੇ ਸੰਸਾਰ ਉਪਜਾਇਆ ਹੀ ਸੰਸਾਰੀਆਂ ਨੂੰ ਦੁਖ ਦੇਣ ਲਈ ਹੈ। ਅਜਿਹਾ ਮੰਨਣ ਨਾਲ ਆਨੰਦ ਦੇ ਸਾਰੇ ਯਤਨ ਸਿਰਜਣਹਾਰ ਦੀ ਆਗਿਆ ਵਿਰੁੱਧ ਬਗਾਵਤ ਬਣ ਜਾਣਗੇ। ਇਸ ਲਈ ਇਉਂ ਸੋਚਣਾ ਹੀ ਠੀਕ ਹੈ ਕਿ ਸਾਡੇ ਜੀਵਨ ਵਿਚਲੀਆਂ ਨਾ-ਖ਼ੁਸ਼ੀਆਂ ਅਤੇ ਉਦਾਸੀਆਂ ਇਸ ਲਈ ਹਨ ਕਿ ਅਸੀਂ ਜੀਵਨ ਦੀ ਖੇਡ ਖੇਡਦਿਆਂ ਹੋਇਆਂ ਇਸ ਦੇ ਨੇਮਾਂ ਦਾ ਨਿਰਾਦਰ ਕਰਦੇ ਹਾਂ। ਖੇਡ ਦੇ ਨੇਮਾਂ ਦਾ ਆਦਰ ਕਰਨਾ ਹੀ ਸਮੱਸਿਆ ਦਾ ਹੱਲ ਹੈ। ਨਿਰਾਦਰ ਦੀ ਰੁਚੀ ਨੂੰ ਅਨਾਦੀ ਅਤੇ ਅਨੰਤ ਮੰਨਦਿਆਂ ਹੋਇਆ ਜੀਵਨ ਦੀ ਖੇਡ ਨੂੰ ਨਿਰਾਦਰਪੂਰਨ ਢੰਗ ਨਾਲ ਖੇਡਦੇ ਹੋਏ, ਖੇਡ ਬਾਹਰਲੇ ਕਿਸੇ ਯਤਨ ਨਾਲ ਆਨੰਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ, ਪਰ ਸਮੱਸਿਆ ਦਾ ਹੱਲ ਸੰਭਵ ਨਹੀਂ। ਇਹ ਸਮੱਸਿਆ ਦੀ ਸਦੀਵਤਾ ਦਾ ਰਾਹ ਹੈ।
ਮੱਧਕਾਲ ਵਿੱਚ ਇਸ ਸਮੱਸਿਆ ਨੂੰ ਸਦੀਵੀ ਸਮਝਿਆ ਜਾਣਾ ਸੁਭਾਵਿਕ ਸੀ । ਹੁਣ ਦੁਨੀਆ ਬਦਲ ਗਈ ਹੈ; ਛੋਟੀ ਹੋ ਗਈ ਹੈ; ਦੇਸ਼ਾਂ, ਕੌਮਾਂ, ਧਰਮਾਂ, ਸੰਸਕ੍ਰਿਤੀਆਂ, ਰੰਗਾਂ ਅਤੇ ਨਸਲਾਂ ਦੀਆਂ ਦੀਵਾਰਾਂ ਢਹਿ ਰਹੀਆਂ ਹਨ। ਸਮੁੱਚੀ ਮਨੁੱਖਤਾ ਨੂੰ ਸੁਹਣਾ, ਸਤਿਕਾਰਯੋਗ ਅਤੇ ਪ੍ਰਸੰਨ ਜੀਵਨ ਦੇ ਸਕਣ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੇ ਜਤਨ ਕੀਤੇ ਜਾ ਰਹੇ ਹਨ। ਮਾਨਵ ਦੀ ਪ੍ਰਸੰਨਤਾ ਦੇ ਮਹਾਂਮਾਰਗ ਉੱਤੇ ਤੁਰੀ ਜਾਂਦੀ ਮਨੁੱਖਤਾ ਦਾ ਸਾਧ ਦਿੰਦਿਆਂ ਹੋਇਆ, ਆਪਣੇ ਹਿੱਸੇ ਆਉਂਦੀ ਪ੍ਰਸੰਨਤਾ ਪ੍ਰਾਪਤ ਕਰ ਲੈਣ ਪਿੱਛੋਂ, ਕਿਸੇ ਮਹਾਂਆਨੰਦ ਦਾ ਮੋਹ ਮੱਧਕਾਲੀਨ ਸੰਸਕਾਰਾਂ ਦੀ ਪਕੜ ਦਾ ਲਖਾਇਕ ਹੈ। ਉਦੋਂ ਸਾਰੀ ਮਨੁੱਖਤਾ ਦੀ ਪ੍ਰਸੰਨਤਾ ਦਾ ਸੰਕਲਪ ਅਜੇ ਉਪਜਿਆ ਨਹੀਂ ਸੀ, ਜੇ ਉਪਜਿਆ ਸੀ ਤਾਂ ਬੁੱਧ, ਕਬੀਰ ਵਰਗੇ ਮਹਾਂ ਮਾਨਵਾਂ ਦੇ ਮਨਾਂ ਵਿੱਚ-ਬੀਜ ਰੂਪ ।