ਜਦੋਂ ਕੋਈ ਪਦਾਰਥਵਾਦੀ ਜਾਂ ਇਨਕਲਾਬੀ, ਅਧਿਆਤਮਵਾਦੀ ਬਣ ਕੇ ਕਿਸੇ ਮਹਾਂਪੁਰਖ ਦੀ ਸ਼ਰਨ ਵਿੱਚ ਜਾਂਦਾ ਹੈ ਉਦੋਂ ਉਹ ਮੱਧ-ਕਾਲੀਨ ਸੰਸਕਾਰਾਂ ਅਧੀਨ ਹੀ ਅਜਿਹਾ ਕਰਦਾ ਹੈ। ਮਾਰਕਸ ਤੋਂ ਬਦਲ ਕੇ ਕੋਈ ਸੰਤ-ਮਹੰਤ ਕਲਾਧਾਰੀ ਦੀ ਥਾਂ ਲੈ ਲੈਂਦਾ ਹੈ; ਸਰਧਾਲੂ ਦੇ ਸੰਸਕਾਰਾਂ ਵਿੱਚ ਕੋਈ ਵਿਕਾਸ ਨਹੀਂ ਹੁੰਦਾ। ਸਾਰੀ ਮਨੁੱਖਤਾ ਦੀ ਸਾਧਾਰਣ, ਸਾਂਝੀ ਸੰਸਾਰਕ ਖ਼ੁਸ਼ੀ ਨਾਲੋਂ ਵਡੇਰੇ, ਵੱਖਰੇ, ਵਚਿੱਤਰ, ਅਲੋਕਿਕ 'ਆਨੰਦ' ਦੀ ਇੱਛਾ ਕਲਾਧਾਰੀ ਪੂਜਾ ਦੇ ਸੰਸਕਾਰਾਂ ਦਾ ਸਿੱਟਾ ਹੈ। ਇਹ ਇੱਛਾ ਵੱਖ ਵੱਖ ਪ੍ਰਕਾਰ ਦੇ ਲੋਕਾਂ ਵਿੱਚ ਵੱਖ ਵੱਖ ਰੂਪ ਧਾਰਨ ਕਰਦੀ ਵੇਖੀ ਜਾ ਸਕਦੀ ਹੈ। ਉੱਨਰ ਦੇਸ਼ਾਂ ਦੇ ਜਨ-ਸਾਧਾਰਣ ਵਿੱਚ ਇਸ ਦੀ ਅਣਹੋਂਦ ਹੈ। ਉਹ ਆਪਣੇ ਜੀਵਨ ਦੀ ਸਾਧਾਰਣ ਖੁਸ਼ੀ ਨਾਲ ਸੰਤੁਸ਼ਟ ਹਨ। ਪੱਛੜੀ ਦੁਨੀਆ ਦੇ ਜਨ-ਸਾਧਾਰਣ ਨੂੰ ਸਾਧਾਰਣ ਖੁਸ਼ੀ ਪ੍ਰਾਪਤ ਨਹੀਂ। ਉਹ ਸਾਧਾਰਣ ਖ਼ੁਸ਼ੀ ਨੂੰ 'ਆਨੰਦ' ਦਾ ਦਰਜਾ ਦਿੰਦੇ ਹਨ ਅਤੇ ਜੀਵਨ ਨੂੰ ਇਸ ਦੀ ਪ੍ਰਾਪਤੀ ਦਾ ਸੋਮਾ ਨਾ ਮੰਨਦਿਆਂ ਹੋਇਆ ਕਲਾਧਾਰੀ ਦੀ ਸ਼ਰਨ ਲੈਂਦੇ ਹਨ। ਦੋਹਾਂ ਦੁਨੀਆ ਦੇ ਸਫਲ ਰਜੋਗੁਣੀ ਵਰਗ ਵਿੱਚ 'ਆਨੰਦ' ਦੀ ਇੱਛਾ ਵਧੇਰੇ ਪ੍ਰਬਲ ਹੈ। ਆਧੁਨਿਕ ਸਮਾਜਾਂ ਦੇ ਪ੍ਰਬੰਧਾਂ ਨੂੰ ਚਲਾਉਣ ਵਾਲੀ ਵਿਦਵਾਨ ਮੱਧ ਸ਼੍ਰੇਣੀ ਦੇ ਲੋਕ ਇਸ ਇੱਛਾ ਦੇ ਪ੍ਰਗਟਾਵੇ ਰਾਹੀਂ (ਆਮ ਹਾਲਤਾਂ ਵਿੱਚ) ਕਲਾਧਾਰੀ ਦੇ ਨਿਕਟਵਰਤੀ ਅਤੇ (ਕੁਝ ਇੱਕ ਖ਼ਾਸ ਹਾਲਤਾਂ ਵਿੱਚ) ਆਪ ਕਲਾਧਾਰੀ ਹੋਣ ਦੀ ਤਸੱਲੀ ਹਾਸਲ ਕਰਦੇ ਹਨ।
ਸਾਰੀ ਮਨੁੱਖ ਜਾਤੀ ਦੀ ਸਾਂਝੀ ਸਾਧਾਰਣ ਪ੍ਰਸੰਨਤਾ ਦਾ ਆਦਰਸ਼ ਆਧੁਨਿਕ, ਪੂੰਜੀਵਾਦੀ, ਸਨਅਤੀ, ਜਮਹੂਰੀ ਸੰਸਕਾਰਾਂ ਦਾ ਸਹਿ-ਵਰਤੀ ਹੈ। ਜਿਸ ਤਰ੍ਹਾਂ ਉੱਨਤ ਪੂੰਜੀਵਾਦੀ ਸਮਾਜਾਂ ਵਿੱਚ ਹਰ ਕਿਸੇ ਨੂੰ ਇਹ ਖੁੱਲ੍ਹ ਹੈ ਕਿ ਉਹ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਦਾ ਹੋਇਆ ਮਨ-ਚਾਹਿਆ ਧਨ ਕਮਾ ਸਕਦਾ ਹੈ, ਉਸੇ ਤਰ੍ਹਾਂ ਹਰ ਆਦਮੀ ਨੂੰ ਆਪੋ- ਆਪਣੇ ਢੰਗ ਨਾਲ ਮਹਾਂ ਆਨੰਦ ਦਾ ਅਪਾਰ ਧਨ ਸੰਚਣ ਦੀ ਪੂਰੀ ਖੁੱਲ੍ਹ ਹੈ। ਇਸ ਦੇ ਨਾਲ ਨਾਲ ਕਲਿਆਣਕਾਰੀ ਰਾਜ ਜਨ-ਸਾਧਾਰਣ ਦੀ ਸਰਵ ਸਾਂਝੀ ਖ਼ੁਸ਼ੀ ਦੇ ਆਦਰਸ਼ ਦੀ ਪਾਲਣਾ ਵੀ ਕਰਦਾ ਹੈ। ਸਾਂਝੇ ਯੋਰਪ ਦੇ ਮੈਨੀਫੈਸਟੋ (ਸੋਸ਼ਲ ਚੈਪਟਰ) ਵਿੱਚ ਸਤਿਕਾਰਯੋਗ ਸੁਰੱਖਿਅਤ ਜੀਵਨ, ਚੰਗੇਰੀ ਵਿਕਾਸਮੁਖੀ ਵਿੱਦਿਆ ਅਤੇ ਸੁਹਣੇ ਸੰਤੁਸ਼ਟ ਪਰਵਾਰ ਨੂੰ ਮਨੋਰਥ ਮੰਨਿਆ ਗਿਆ ਹੈ। ਅਗਲੀ ਇੱਕ ਸਦੀ ਦੇ ਵਿੱਚ ਵਿੱਚ ਇਨ੍ਹਾਂ ਆਦਰਸ਼ਾਂ ਨੂੰ ਸਾਕਾਰ ਕੀਤਾ ਜਾ ਸਕਣ ਦੀ ਸੰਭਾਵਨਾ ਹੈ। ਉਚੇਰੀ ਸਾਤਵਿਕ ਕਲਾ ਦੀ ਸਹਾਇਤਾ ਨਾਲ ਇਹ ਕੰਮ ਇਸ ਤੋਂ ਪਹਿਲਾਂ ਵੀ ਸਿਰੇ ਚੜ੍ਹਾਇਆ ਜਾ ਸਕਦਾ ਹੈ।
ਜੇ ਕਲਾ, ਕਵਿਤਾ, ਸਾਹਿਤ ਅਤੇ ਟੈਲੀਵਿਯਨ-ਕਾਮ ਵਾਸਨਾ, ਡਰ, ਘ੍ਰਿਣਾ, ਕ੍ਰੋਧ