ਆਖਿਆ ਨਹੀਂ ਉਪਜਦੀ। ਇਹ ਸੰਸਾਰਕ ਸੰਬੰਧਾਂ ਨੂੰ ਸੱਚੇ ਜਾਣ ਕੇ, ਉਨ੍ਹਾਂ ਵਿੱਚੋਂ ਮਿਲਣ ਵਾਲੀ ਤਸੱਲੀ ਨੂੰ ਉਚੇਰੀ ਪ੍ਰਾਪਤੀ ਮੰਨਦਿਆਂ ਹੋਇਆ ਉਨ੍ਹਾਂ ਦੇ ਸਤਿਕਾਰ ਦੀ ਭਾਵਨਾ ਵਿੱਚੋਂ ਉਪਜਦੀ ਹੈ। ਰਸ-ਮਗਨਤਾ ਦਾ ਅਭਿਆਸੀ ਮਨ ਸਮੁੱਚੇ ਜੀਵਨ ਦੀ ਖੁਸ਼ੀ ਅਤੇ ਖੂਬਸੂਰਤੀ ਵਿੱਚ ਇੱਕ ਵੱਡਾ ਵਾਧਾ ਹੈ। ਪਰਮ ਆਨੰਦ ਜਾਂ ਸਮਾਧੀ ਕੇਵਲ ਇੱਕ ਜੀਵ (ਵਿਅਕਤੀ) ਦੀ ਪ੍ਰਾਪਤੀ ਹੈ; ਹੋ ਸਕਦਾ ਹੈ ਰਸ-ਮਗਨਤਾ ਨਾਲੋਂ ਮਹਾਨ ਹੋਵੇ ਅਤੇ ਇਸ ਦੀ ਪ੍ਰਾਪਤੀ ਵਾਲਾ ਵਿਅਕਤੀ ਮਹਾਂ ਆਨੰਦ ਵਾਲਾ ਮਹਾਂਪੁਰਸ਼ ਬਣ ਜਾਵੇ; ਪਰੰਤੂ ਆਧੁਨਿਕ ਯੁਗ ਵਿਅਕਤੀ ਵਿਸ਼ੇਸ਼ ਜਾਂ ਪਰਮ ਮਨੁੱਖ ਦਾ ਯੁਗ ਨਹੀਂ; ਇਹ ਜਨ-ਸਾਧਾਰਣ ਦਾ ਯੁਗ ਹੈ; ਸਾਰੀ ਮਨੁੱਖਤਾ ਦੀ ਸਾਂਝੀ ਖੁਸ਼ੀ ਦੇ ਆਦਰਸ਼ ਦਾ ਯੁਗ ਹੈ। ਰਸ-ਮਗਨਤਾ ਦਾ ਅਭਿਆਸ ਮਨੁੱਖ ਨੂੰ ਦੂਜਿਆ ਦੇ ਦੁਖ-ਸੁਖ ਵਿੱਚ ਭਾਈਵਾਲ ਹੋਣ ਦੀ ਜਾਚ ਸਿਖਾ ਕੇ ਸੁਖੀ ਦੁਨੀਆ ਦਾ ਪ੍ਰਸੰਨ ਨਾਗਰਿਕ ਬਣਨ ਵਿੱਚ ਸਹਾਈ ਹੁੰਦਾ ਹੈ।