Back ArrowLogo
Info
Profile

ਨਿੱਕੀਆਂ ਨਿੱਕੀਆਂ ਗੱਲਾਂ ਅਤੇ ਪ੍ਰਸੰਨਤਾ

ਪੰਜਾਬੀ ਤ੍ਰੈਮਾਸਕ 'ਰੂਪਾਂਤਰ' ਦੇ ਅੰਕ 21 ਵਿੱਚ ਸ. ਮੱਘਰ ਸਿੰਘ ਪਨੇਸਰ ਦਾ 'ਇੱਕ ਅਨੁਭਵ' ਛਪਿਆ ਸੀ। ਪ੍ਰਸੰਨ ਰਹਿਣ ਅਤੇ ਹੋਰਾਂ ਨੂੰ ਪ੍ਰਸੰਨ ਰੱਖਣ ਦੀ ਰੀਡ ਵਾਲੇ ਇਸ ਸਾਧਾਰਣ ਜਹੇ ਆਦਮੀ ਦੇ ਸਾਧਾਰਣ ਜਹੇ ਅਨੁਭਵ ਵਿੱਚ ਪ੍ਰਸੰਨਤਾ ਦਾ ਇੱਕ ਸੂਖਮ ਭੇਤ ਛੁਪਿਆ ਹੋਇਆ ਹੈ। ਓਸੇ ਹੀ ਤ੍ਰੈਮਾਸਕ ਵਿੱਚ ਉਨ੍ਹਾਂ ਦੇ ਲੇਖ ਦੇ ਲਾਗੇ ਹੀ ਪ੍ਰੀਤਮ ਸਿੰਘ ਦਰਦੀ ਜੀ ਦਾ ਲੇਖ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਹੁੰਦਾ ਹੈ: "ਅਸੀਂ ਹੀ ਪ੍ਰਸੰਨਤਾ ਤੋਂ ਦੂਰ ਭੱਜ ਗਏ ਜਾਪਦੇ ਹਾਂ। ਪ੍ਰਸੰਨਤਾ ਦੀ ਦੇਵੀ ਤਾਂ ਸਾਡੇ ਸਤਿਕਾਰ ਲਈ ਬਾਹਵਾਂ ਫੈਲਾਈ ਖੜੀ ਹੈ।" ਹਰ ਕਿਸੇ ਨੇ ਆਪ ਵੇਖਣਾ ਹੈ ਕਿ ਪ੍ਰਸੰਨਤਾ ਦੀ ਦੇਵੀ ਉਸ ਦੀ ਉਡੀਕ ਵਿੱਚ ਕਿੱਥੇ ਖਲੋਤੀ ਹੈ। ਮੱਘਰ ਸਿੰਘ ਜੀ ਦਾ ਅਨੁਭਵ ਜਿਸ ਟਿਕਾਣੇ ਵੱਲ ਇਸ਼ਾਰਾ ਕਰ ਰਿਹਾ ਹੈ ਓਥੇ ਪਹੁੰਚ ਕੇ ਕਿਸੇ ਨੂੰ ਨਿਰਾਸ਼ਾ ਨਹੀਂ ਹੋਵੇਗੀ। ਉਹ ਲਿਖਦੇ ਹਨ: "ਅਸੀਂ ਦੋ ਅਜਨਬੀ ਕੁਲ ਚਿਰ ਲਈ ਮਿੱਤ੍ਰ ਬਣ ਗਏ। ਦਸ ਕੁ ਮਿੰਟਾਂ ਲਈ ਅਸਾਂ ਦੋਹਾਂ ਨੇ ਗੱਲਾਂ ਦਾ ਆਨੰਦ ਮਾਣਿਆ। ਬਿਲਕੁਲ ਬੇ-ਮਤਲਬੀਆਂ ਗੱਲਾਂ, ਕਬੂਤਰਾਂ ਦੀਆਂ ਗੱਲਾਂ; ਸਾਹਮਣੇ ਖਿੜੇ ਫੁੱਲਾਂ ਦੀਆਂ ਗੱਲਾਂ: ਅਤੇ ਨਾਲ ਵਿੱਚ ਤਰਦੀਆਂ ਬੱਤਖਾਂ ਦੀਆਂ ਗੱਲਾਂ: ਦੁਨਿਆਵੀ ਨੁਕਤੇ ਤੋਂ ਵੇਖਿਆ ਨਿਕੰਮੀਆਂ ਗੱਲਾਂ।"

ਦੁਨਿਆਵੀ ਨੁਕਤੇ ਤੋਂ ਵੇਖਿਆ ਨਿਕੰਮੀਆਂ ਗੱਲਾਂ ਕਰ ਕੇ ਉਹ ਅਜਨਬੀ ਔਰਤ ਚਲੇ ਗਈ। ਜਾਂਦੀ ਜਾਂਦੀ ਹੱਥ ਮਿਲਾ ਕੇ ਮੁਸਕਰਾ ਕੇ ਬਾਏ ਬਾਏ ਕਰ ਗਈ। ਮੱਘਰ ਸਿੰਘ ਜੀ ਲਿਖਦੇ ਹਨ, "ਉਸ ਦਾ ਹਸੂੰ ਹਸੂੰ ਕਰਦਾ ਚਿਹਰਾ ਅਜੇ ਵੀ ਮੇਰੇ ਸਾਹਮਣੇ ਹੈ। ਸੋਚਦਾ ਹਾਂ ਦੁਨੀਆ ਵਿੱਚ ਕਿੰਨੀਆਂ ਦੋਸਤੀਆਂ ਹਨ ਅਤੇ ਦੋਸਤੀਆਂ ਵਿੱਚ ਕਿੰਨੀਆਂ ਖ਼ੁਸ਼ੀਆਂ।"

ਸਾਧਾਰਣ ਆਦਮੀ ਦੇ ਸਾਧਾਰਣ ਅਨੁਭਵ ਵਿੱਚੋਂ ਮਿਲੀ ਇਸ ਸਾਧਾਰਣ ਖੁਸ਼ੀ ਦਾ, ਦੁਨੀਆ ਦੇ ਅਸਾਧਾਰਣ ਆਦਮੀਆਂ ਨੇ ਵੀ ਅਨੁਭਵ ਕੀਤਾ ਹੈ ਅਤੇ ਆਪਣੇ ਢੰਗ ਨਾਲ ਉਸ ਨੂੰ ਬਿਆਨ ਵੀ ਕੀਤਾ ਹੈ। ਪ੍ਰਸਿੱਧ ਕਵੀ ਵਰਡਜ਼ਵਰਥ ਨੇ ਏਧਰ ਓਧਰ ਤੁਰਦਿਆਂ ਫਿਰਦਿਆਂ ਡੈਫਡਿਲ ਨਾਂ ਦੇ ਫੁੱਲਾਂ ਦਾ ਖੇੜਾ ਵੇਖਿਆ। ਉਹ ਖੇੜਾ ਉਸ ਦਾ ਸਦੀਵੀ ਸਲਾਹਕਾਰ ਬਣ ਕੇ ਹਰ ਉਦਾਸੀ ਵਿੱਚ ਦਿਲਾਸਾ ਦੇਣ ਲੱਗ ਪਿਆ। 'ਕੁੜੀ ਪੋਠੋਹਾਰ ਦੀ' ਵਿੱਚ ਮੋਹਨ ਸਿੰਘ ਦਾ ਅਨੁਭਵ ਵਰਡਜ਼ਵਰਥ ਦੀਆਂ ਲੀਹਾਂ ਉੱਤੇ ਉਸਾਰਿਆ ਗਿਆ ਹੋਣ ਕਰਕੇ ਮਸਨੂਈ ਹੈ; ਥੋੜਾ ਜਿਹਾ ਮੈਲਾ ਵੀ ਹੈ। ਮੱਘਰ ਸਿੰਘ ਜੀ ਨਾ ਕਵੀ ਹਨ ਨਾ ਵਰਡਜ਼ਵਰਥ ਤੋਂ ਜਾਣੂੰ ਹਨ । ਉਹ ਸੂਝਵਾਨ ਸੰਵੇਦਨਸ਼ੀਲ, ਸਿੱਧੇ ਸਾਦੇ, ਸੁਹਿਰਦ ਵਿਅਕਤੀ ਹਨ। ਉਹ ਕਿਸੇ ਕਲਾ ਦਾ ਕਮਾਲ ਨਹੀਂ ਵਿਖਾ ਰਹੋ ਸਗੋਂ ਇੱਕ ਸਰਵ-ਵਿਆਪਕ ਵਾਸਤਵਿਕਤਾ ਦਾ ਵਰਣਨ ਕਰ ਰਹੇ ਹਨ, ਅਤੇ ਉਹ ਸਚਾਈ ਇਹ ਹੈ ਕਿ ਖੁਸ਼ੀ ਕਿਸੇ ਮਹਾਨਤਾ ਦੀ ਮੁਥਾਜ ਨਹੀਂ। ਜੰਗਲ ਵਿੱਚ ਖਿੜਿਆ ਹੋਇਆ ਨਿੱਕਾ ਜਿਹਾ ਫੁੱਲ ਸਾਨੂੰ ਅਜਿਹੇ ਭਾਵਾਂ ਨਾਲ ਕਰ ਸਕਦਾ ਹੈ ਜਿਨ੍ਹਾਂ ਦੇ ਪ੍ਰਗਟਾਵੇ ਲਈ ਸਾਡੇ ਸਾਰੇ ਹੰਝੂ ਵੀ ਕਾਫ਼ੀ ਨਾ ਹੋਣ।

19 / 174
Previous
Next