ਵੱਡੇ ਅਹੁਦਿਆਂ ਉੱਤੇ ਵੱਡੇ ਬਣ ਕੇ ਬੈਠੇ ਆਦਮੀਆਂ ਨੂੰ ਇੱਕ ਐਕੜ ਇਹ ਹੁੰਦੀ ਹੈ ਕਿ ਉਹ ਘਰ-ਬਾਹਰ, ਉਠਦਿਆਂ-ਬਹਿੰਦਿਆਂ, ਖਾਂਦਿਆਂ-ਪੀਂਦਿਆਂ, ਸਦਿਆਂ-ਜਾਗਦਿਆਂ ਆਪਣੇ ਕੰਮ ਦੀ ਚਿੰਤਾ ਨਾਲ ਲਈ ਫਿਰਦੇ ਹਨ। ਇਹ ਹਾਲਤ ਬਹੁਤੀ ਵੇਰ ਨਜ਼ਵਸ ਬ੍ਰੇਕਡਾਉਨ ਵਿੱਚ ਜਾ ਮੁਕਦੀ ਹੈ। ਅਜਿਹੇ ਲੋਕਾਂ ਲਈ ਅਜਿਹੇ ਮਨੋਰੰਜਨਾਂ ਦੀ ਲੋੜ ਹੁੰਦੀ ਹੈ ਜਿਹੜੇ (1) ਬਹੁਤੇ ਖਰਚੀਲੇ ਨਾ ਹੋਣ: (2) ਉਸੇ ਪ੍ਰਕਾਰ ਦੀਆਂ ਮਾਨਸਿਕ ਸ਼ਕਤੀਆਂ ਦੀ ਮੰਗ ਨਾ ਕਰਨ ਜਿਹੜੀਆਂ ਉਨ੍ਹਾਂ ਦੇ ਕੰਮ ਲਈ ਲੋੜੀਂਦੀਆਂ ਹਨ; (3) ਜਿਨ੍ਹਾਂ ਵਿੱਚ ਕਾਹਲੇ ਫੈਸਲੇ ਨਾ ਲੈਣੇ ਪੈਂਦੇ ਹੋਣ; ਅਤੇ (4) ਜਿਹੜੇ ਬਹੁਤ ਉਤੇਜਨਾ ਭਰਪੂਰ ਨਾ ਹੋਣ। ਇਨ੍ਹਾਂ ਚਹੁੰਆਂ ਵਿੱਚੋਂ ਪਹਿਲੇ ਤਿੰਨ ਨੁਕਤੇ ਸਮਝਣੇ ਸੌਖੇ ਹਨ, ਚੌਥੇ ਬਾਰੇ ਕੁਝ ਲਿਖਣ ਦੀ ਲੋੜ ਹੈ।
ਉਤੇਜਨਾ ਜਾਂ ਐਕਸਾਇਟਮੈਂਟ ਨੂੰ ਮਨੋਰੰਜਨ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਮਨ ਨੂੰ ਥਕਾਉਣ ਦਾ ਕੰਮ ਕਰਦੀ ਹੈ। ਇਸ ਨਾਲ ਉਪਜੇ ਹੋਏ ਮਾਨਸਿਕ ਬਨਾਓ ਨੂੰ ਘੱਟ ਕਰਨ ਲਈ ਲੋਕ ਨਸ਼ਿਆਂ ਦਾ ਸਹਾਰਾ ਲੈਣ ਲੱਗ ਪੈਂਦੇ ਹਨ। ਆਧੁਨਿਕ ਨਾਚ, ਸੰਗੀਤ, ਫ਼ਿਲਮਾਂ ਅਤੇ ਸਾਹਿਤ ਉਤੋਜਨਾ ਉਪਜਾਉਣ ਦੇ ਸਾਧਨ ਮਾਰ ਹਨ। ਵਧੀ ਹੋਈ ਭਾਵੁਕ ਉਤੇਜਨਾ ਮਨੁੱਖੀ ਮਨ ਦੇ ਚੇਤਨ ਅਤੇ ਅਰਧ-ਚੇਤਨ ਵਿਚਲੇ ਡਰਕ ਨੂੰ ਘੱਟ ਕਰ ਕੇ ਦੋਹਾਂ ਵਿਚਲੇ ਸੰਬੰਧ ਨੂੰ ਵਿਗਾੜ ਦਿੰਦੀ ਹੈ ਸਾਡਾ ਅਰਧ-ਚੇਤਨ ਸਾਡੇ ਘਰ ਦੇ ਪਿਛਵਾੜੇ ਬਣੇ ਉਸ ਸ਼ੈੱਡ ਜਾਂ ਖੋਲੇ ਵਰਗਾ ਹੁੰਦਾ ਹੈ ਜਿਸ ਵਿੱਚ ਅਸੀਂ ਬੇ-ਲੋੜਾ ਨਿਕਸੁਕ ਜਾਂ ਕੂੜਾ ਕਰਕਟ ਸੁੱਟ ਛੱਡਦੇ ਹਾਂ। ਇਸੇ ਬੇ-ਲੋੜੇ ਨਿਕਸੁਕ ਦੇ ਪ੍ਰਗਟਾਵੇ ਨੂੰ ਅਸੀਂ ਮਾਨਸਿਕ ਰੋਗ ਆਖਦੇ ਹਾਂ ਅਤੇ ਸਾਇਕੋ ਅਨੈਲੇਸਿਸ ਰਾਹੀਂ ਏਸੇ ਨਿਕਸੁਕ ਦੀ ਫੈਲਾ-ਵਾਲੀ ਕਰ ਕੇ ਮਾਨਸਿਕ ਰੋਗਾਂ ਦੇ ਕਾਰਨ ਲੱਭਣ ਅਤੇ ਇਲਾਜ ਕਰਨ ਦਾ ਜਤਨ ਕੀਤਾ ਜਾਂਦਾ ਹੈ।
ਉਤੇਜਨਾ ਦੀ ਹਲਚਲ ਸਾਡੇ ਚੇਤਨ ਦੇ ਪਾਣੀਆਂ ਵਿੱਚ ਅਰਧ-ਚੇਤਨ ਦੀ ਮੈਲ ਘੋਲ ਕੇ ਇਸ ਨੂੰ ਮੈਲਾ ਕਰਨ ਦਾ ਅਪਰਾਧ ਕਰਦੀ ਹੈ। ਇਸ ਰੋਗ ਦਾ ਇਲਾਜ ਕਰੁਣਾ, ਵਾਤਸਲ, ਅਦਭੁਤ ਅਤੇ ਸ਼ਾਂਤ ਰਸ ਵਿੱਚ ਹੈ। ਇਹ ਵੱਖਰਾ ਵਿਸ਼ਾ ਹੈ; ਕਲਾ ਨਾਲ ਸੰਬੰਧਤ ਹੈ। ਇਸ ਦੀ ਗੱਲ ਕਿਸੇ ਦੂਜੇ ਮੌਕੇ ਉੱਤੇ ਕਰਾਂਗਾ। ਇਸ ਸਮੇਂ ਏਨੀ ਗੱਲ ਕਹਿ ਕੇ ਆਪਣੀ ਗੱਲ ਖ਼ਤਮ ਕਰਨੀ ਚਾਹੁੰਦਾ ਹਾਂ ਕਿ ਸਾਡੀ ਕਾਰੋਬਾਰੀ ਦੁਨੀਆ ਕਿੰਨੀ ਵੀ ਜ਼ਰੂਰੀ ਕਿਉਂ ਨਾ ਹੋਵੇ, ਉਸ ਤੋਂ ਬਾਹਰਲੀ ਦੁਨੀਆ ਸਦਾ ਹੀ ਵਡੇਰੀ ਹੁੰਦੀ ਹੈ। ਸਾਡੀ ਕਾਰੋਬਾਰੀ ਦੁਨੀਆ ਵਿੱਚ ਸਾਡੇ ਲਈ ਬਕਾਵਟਾਂ, ਚਿੰਤਾਵਾਂ ਅਤੇ ਕਾਹਲਾਂ ਹਨ; ਬਾਹਰਲੀ ਦੁਨੀਆ ਨਾਲ ਲਾਈ ਹੋਈ ਦੋਸਤੀ ਸਾਡੀਆਂ ਬਕਾਵਟਾਂ ਅਤੇ ਚਿੰਤਾਵਾਂ ਦਾ ਇਲਾਜ ਕਰਨ ਦੇ ਸਮਰਥ ਹੈ। ਆਪਣੀ ਛੋਟੀ ਜਹੀ ਕਾਰੋਬਾਰੀ ਦੁਨੀਆ ਵਿੱਚ ਸਾਡਾ ਰੁਤਬਾ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਜੇ ਅਸੀਂ ਖ਼ੁਸ਼ੀਹੀਣ ਹਾਂ ਤਾਂ ਖੋਖਲੇ ਹਾਂ। ਜਿਸ ਕੋਲ ਖ਼ੁਸ਼ੀ ਹੈ ਉਹ ਸਾਡੇ ਨਾਲੋਂ ਉਚੇਰਾ ਹੈ। ਜੀਵਨ ਦੀਆਂ ਰਾਹਾਂ ਵਿੱਚ ਖਿੱਲਰੇ ਹੋਏ ਖੁਸ਼ੀ ਦੇ ਮੋਤੀ ਚੁਗਣ ਲਈ ਝੁਕਣ ਵਿੱਚ ਕੋਈ ਹੇਠੀ ਨਹੀਂ।