ਪਾਉਣੋਂ ਰੋਕਿਆ ਜਾ ਸਕਦਾ ਹੈ। ਜੇ ਕੁਝ ਇੱਕ ਉਲਝਣਾਂ ਔਕੜਾਂ ਨੂੰ ਆਪਣੀ ਖ਼ੁਸ਼ੀ ਦਾ ਰਾਹ ਰੋਕਣੋਂ ਹਟਾਇਆ ਜਾ ਸਕਦਾ ਹੈ ਤਾਂ ਇਸ ਦਾ ਭਾਵ ਇਹ ਹੈ ਕਿ ਸਾਡੀ ਖ਼ੁਸ਼ੀ ਬਾਹਰਲੇ ਹਾਲਾਤ ਉੱਤੇ ਹੀ ਨਿਰਭਰ ਨਹੀਂ ਕਰਦੀ, ਸਗੋਂ ਇਸ ਗੱਲ ਉੱਤੇ ਵੀ ਨਿਰਭਰ ਕਰਦੀ ਹੈ। ਕਿ ਉਨ੍ਹਾਂ ਹਾਲਾਤ ਪ੍ਰਤੀ ਸਾਡੀ ਪ੍ਰਤੀਕਿਰਿਆ ਇਹੋ ਜਿਹੀ ਹੈ। ਕੁਝ ਲੋਕ ਇਹ ਵੀ ਆਖ ਸਕਦੇ ਹਨ ਕਿ ਸਾਡੀ ਪ੍ਰਤੀਕਿਰਿਆ ਵੀ ਸਮੁੱਚੇ ਤੌਰ ਉੱਤੇ ਸਾਡੇ ਵੱਸ ਵਿੱਚ ਨਹੀਂ। ਸਾਡਾ ਸੁਭਾਅ ਵੀ ਸਾਡਾ ਆਪਣਾ ਬਣਾਇਆ ਹੋਇਆ ਨਹੀਂ। ਇਸ ਉੱਤੇ ਸਾਡੇ ਮਾਤਾ-ਪਿਤਾ, ਸਾਡੇ ਪਰਵਾਰ ਸਾਡੇ ਸਮਾਜਕ ਆਲੇ-ਦੁਆਲੇ ਅਤੇ ਸਾਥੀ ਵਿੱਦਿਆ ਆਦਿਕ ਕਈ ਅਜੇਹੀਆਂ ਸ਼ਕਤੀਆਂ ਦਾ ਪ੍ਰਭਾਵ ਹੈ ਜਿਨ੍ਹਾਂ ਉੱਤੇ ਸਾਡਾ ਸਮੁੱਚਾ ਅਧਿਕਾਰ ਨਹੀਂ।
ਇਹ ਦਲੀਲ ਢਾਕ ਦੇ ਦਾਅ ਵਾਂਗ ਦੁਪਾਸੀ ਦਲੀਲ ਹੈ ਕਿਉਂਕਿ ਜੇ ਸਾਡਾ ਸੁਭਾਅ ਸਾਡੇ ਪਰਵਾਰ ਸਾਡੇ ਸਮਾਜਕ ਚੌਗਿਰਦੇ ਅਤੇ ਸਾਡੀ ਵਿੱਦਿਆ ਆਦਿਕ ਦੀ ਦੇਣ ਹੈ ਤਾਂ ਇਸ ਦਾ ਇਹ ਭਾਵ ਹੈ ਕਿ ਇਹ ਹੱਥੋਂ ਆਇਆ ਹੋਇਆ ਨਹੀਂ। ਇਸ ਧਰਤੀ ਉੱਤੇ ਜੀਵੇ ਜਾਣ ਵਾਲੇ ਜੀਵਨ ਨੇ ਇਸ ਦੀ ਘਾੜਤ ਘੜੀ ਹੈ। ਇਸ ਲਈ ਸਾਡੀ ਸੁਭਾਵਕ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਉਪਜਣ ਵਾਲੀ ਖੁਸ਼ੀ ਜਾਂ ਗਮੀ ਨੂੰ ਰੱਬੀ ਦਾਤ ਦੀ ਥਾਂ ਧਰਤੀ ਉਤਲੇ ਜੀਵਨ ਦੀ ਉਪਜ ਆਖਿਆ ਜਾਣਾ ਹੀ ਠੀਕ ਹੈ।
ਇਹ ਬਹਿਸ ਹੋਰ ਵੀ ਲੰਮੀ ਹੋ ਜਾਵੇਗੀ ਜੇ ਅਸੀਂ ਇਹ ਆਖੀਏ ਕਿ ਜਿਹੜੀਆਂ ਗੱਲਾਂ ਕਿਸੇ ਵਿਅਕਤੀ ਦੇ ਆਪਣੇ ਵੱਸ ਵਿੱਚ ਨਹੀਂ ਹਨ ਉਹ ਗੱਲਾਂ ਉਸ ਵਿਅਕਤੀ ਲਈ ਇੱਕ ਜਹੀਆਂ ਹਨ। ਉਨ੍ਹਾਂ ਦੇ ਰੱਬੀ ਜਾਂ ਦੁਨਿਆਵੀ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਦੇ ਵਿਰੋਧ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਇੱਕੋ ਜਹੀਆਂ ਨਹੀਂ ਆਖਿਆ ਜਾ ਸਕਦਾ। ਕੋਈ ਵਿਅਕਤੀ ਅਮਲੀ ਰੂਪ ਵਿੱਚ ਇਨ੍ਹਾਂ ਨੂੰ ਇੱਕੋ ਜਹੀਆਂ ਨਹੀਂ ਮੰਨਦਾ। ਜਿਨ੍ਹਾਂ ਨੂੰ ਉਹ ਆਪਣੇ ਵੱਸੋਂ ਬਾਹਰਵਾਰ ਪਰ 'ਰੱਬੀ' ਮੰਨਦਾ ਹੈ ਉਨ੍ਹਾਂ ਪ੍ਰਤੀ ਉਸ ਦੀ ਪ੍ਰਤੀਕਿਰਿਆ ਉਹ ਨਹੀਂ ਹੁੰਦੀ ਜਿਹੜੀ ਉਨ੍ਹਾਂ ਪ੍ਰਤੀ ਹੁੰਦੀ ਹੈ ਜਿਹੜੀਆਂ ਗੱਲਾਂ ਨੂੰ ਉਹ ਆਪਣੇ ਵੱਸੋਂ ਬਾਹਰ ਪਰ 'ਦੁਨਿਆਵੀ' ਸਮਝਦਾ ਹੈ। ਰੱਬ ਹੋਈ ਸਾਹਮਣੇ ਉਹ ਮਜਬੂਰ ਹੁੰਦਾ ਹੈ ਪਰ ਦੁਨੀਆ ਜਾਂ ਸਮਾਜ ਵੱਲੋਂ ਹੋਈ ਨੂੰ ਉਹ ਪ੍ਰਭਾਵਿਤ ਕਰਨ ਦੀ ਇੱਛਾ ਰੱਖਦਾ ਹੈ। ਇਸ ਇੱਛਾ ਅਨੁਸਾਰ ਅਪਣਾਇਆ ਹੋਇਆ ਵਤੀਰਾ ਉਸ ਦੇ ਅਨੁਭਵ ਨੂੰ ਵਧਾਉਂਦਾ ਅਤੇ ਸੁਭਾਅ ਨੂੰ ਬਦਲਦਾ ਰਹਿੰਦਾ ਹੈ। ਜਦੋਂ ਅਸੀਂ ਕਿਸੇ ਨੂੰ ਇਹ ਗੱਲ ਕਹਿੰਦੇ ਹਾਂ ਕਿ "ਏਨਾ ਸਿਆਣਾ ਬਿਆਣਾ ਹੋ ਕੋ ਤੂੰ ਇਹ ਰਵੱਈਆ ਕਿਉਂ ਅਪਣਾਇਆ ਜਾਂ ਅਮਕਾ ਕੰਮ ਕਿਉਂ ਕੀਤਾ" ਉਦੋਂ ਅਸੀਂ ਇਸ ਅਸਲੀਅਤ ਨੂੰ ਮੰਨ ਰਹੇ ਹੁੰਦੇ ਹਾਂ ਕਿ ਅਨੁਭਵ ਨਾਲ ਸਾਡੀ ਪ੍ਰਤੀਕਿਰਿਆ ਬਦਲਦੀ ਅਤੇ ਵਿਕਸਦੀ ਰਹਿੰਦੀ ਹੈ।
ਜੇ ਕਿਸੇ ਪ੍ਰਕਾਰ ਦੇ ਅਨੁਭਵ ਜਾਂ ਅਭਿਆਸ ਨੇ ਸਾਡੇ ਸੁਭਾਅ ਉੱਤੇ ਕੋਈ ਅਸਰ ਨਹੀਂ ਪਾਉਣਾ: ਇਸ ਨੂੰ ਪਹਿਲਾਂ ਨਾਲੋ ਚੰਗਾ ਜਾਂ ਬੁਰਾ ਨਹੀਂ ਬਣਾਉਣਾ ਤਾਂ ਸਾਡੇ ਸਾਰੇ ਧਰਮ, ਸਾਰੇ ਸੰਜਮ ਅਤੇ ਸਾਧਨ, ਸਾਰੇ ਜਪ ਤਪ ਅਤੇ ਯੋਗ ਅਭਿਆਸ, ਸੁਧਾਰ ਅਤੇ ਮਨੋ-ਵਿਕਾਸ ਦੇ ਸਾਰੇ ਦਾਅਵੇ ਖੋਖਲੇ ਅਤੇ ਬੇ-ਲੋੜੇ ਹੋ ਜਾਣਗੇ। ਅਸੀਂ ਇਨ੍ਹਾਂ ਨੂੰ ਬੇ-ਲੋੜੇ ਨਹੀਂ ਮੰਨਦੇ। ਇਨ੍ਹਾਂ ਨੂੰ ਬੇ-ਲੋੜੇ ਆਖਿਆ ਜਾਣਾ ਅਵਿਗਿਆਨਕ ਹੈ; ਵਿਕਾਸਵਾਦ ਦਾ ਵਿਰੋਧ ਹੈ। ਇਹ ਮੰਨਣਾ ਵਿਗਿਆਨਕ ਹੈ ਕਿ ਮਨੁੱਖ ਆਪਣੀਆਂ ਪ੍ਰਤੀਕਿਰਿਆਵਾਂ ਨੂੰ ਬਦਲ ਸਕਦਾ ਹੈ; ਬਦਲਦਾ ਰਹਿੰਦਾ ਹੈ। ਇਸ ਲਈ ਆਪਣੇ ਜੀਵਨ ਵਿਚਲੀ ਖੁਸ਼ੀ (ਇੱਕ ਹੱਦ ਤਕ) ਉਸ ਦੇ ਆਪਣੇ ਵੱਸ ਵਿੱਚ ਹੈ; ਉਸ ਦੇ ਆਪਣੇ ਜਤਨ ਦਾ ਨਤੀਜਾ ਹੈ; ਉਸ ਦੀ ਆਪਣੀ ਪ੍ਰਾਪਤੀ ਹੈ।