ਇਹ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਰਾਪਤੀ ਅਤੇ ਸਫਲਤਾ ਨਾਲ ਮਨੁੱਖ ਨੂੰ ਖੁਸ਼ੀ ਹੁੰਦੀ ਹੈ ਅਤੇ ਅਸਫਲਤਾ ਸਾਨੂੰ ਉਦਾਸ ਕਰਦੀ ਹੈ। ਪਰੰਤੂ ਜਿਸ ਸਫਲਤਾ ਪਿੱਛੇ ਕਿਸੇ ਦੂਜੇ ਦੀ ਅਸਫਲਤਾ ਲੁਕੀ ਹੋਈ ਹੈ ਉਹ ਸਫਲਤਾ ਨਹੀਂ 'ਜਿੱਤ' ਹੈ। ਜਿੱਤ ਵਿੱਚੋਂ ਖ਼ੁਸ਼ੀ ਨਹੀਂ, ਹੈਂਕੜ ਉਪਜਦੀ ਹੈ। ਜਿਸ ਪ੍ਰਾਪਤੀ ਪਿੱਛੇ ਕਿਸੇ ਦੀ ਹਾਨੀ ਲੁਕੀ ਹੋਈ ਹੈ, ਉਹ ਪ੍ਰਾਪਤੀ ਨਹੀਂ ਹਕਤਲਫ਼ੀ ਜਾਂ ਚੋਰੀ ਹੈ। ਚੋਰੀ ਵਿੱਚੋਂ ਖੁਸ਼ੀ ਨਹੀਂ, ਨਮੋਸ਼ੀ ਉਪਜਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਜੀਵਨ ਵਿੱਚੋਂ ਝੂਠ, ਚਲਾਕੀ, ਸੁਆਰਥ ਆਦਿਕ ਖੋਟੇ ਸਿੱਕਿਆਂ ਦੀ ਵਰਤੋਂ ਘਟੇ ਅਤੇ ਸਹਿਜ, ਸੰਤੋਖ, ਮਿੱਤ੍ਰਤਾ, ਈਮਾਨਦਾਰੀ ਆਦਿਕ ਖਰੇ ਸਿੱਕਿਆਂ ਦੀ ਵਰਤੋਂ ਵਧੇ ਤਾਂ ਸਾਨੂੰ ਇਹ ਵਿਸ਼ਵਾਸ ਅਪਣਾਉਣ ਦੀ ਲੋੜ ਹੈ ਕਿ ਖੁਸ਼ੀ ਰੱਬੀ ਦਾਤ ਨਹੀਂ ਸਗੋਂ ਸਾਡੇ ਯਤਨ ਨਾਲ ਪ੍ਰਾਪਤ ਕੀਤੀ ਹੋਈ ਇੱਕ ਪ੍ਰਾਪਤੀ ਹੈ; ਕਿਸੇ ਅਭਿਆਸ ਨਾਲ, ਕਿਸੇ ਰਿਆਜ਼ ਨਾਲ ਨਿਪੁੰਨਤਾ ਤਕ ਪੁਚਾਈ ਗਈ ਕਿਸੇ ਕਲਾ ਦਾ ਕ੍ਰਿਸ਼ਮਾ ਹੈ। ਇਹ ਸਮਝਣਾ ਠੀਕ ਨਹੀਂ ਕਿ ਇਸ ਵਿਸ਼ਵਾਸ ਨੂੰ ਅਪਣਾ ਲੈਣ ਤੋਂ ਬਾਅਦ ਸਾਨੂੰ ਖੁਸ਼ੀ ਲਈ ਹੋਰ ਕੋਈ ਯਤਨ ਕਰਨ ਦੀ ਲੋੜ ਨਹੀਂ ਪਵੇਗੀ। ਇਹ ਵਿਸ਼ਵਾਸ ਕਈ ਜਤਨਾਂ ਵਿੱਚੋਂ ਇੱਕ ਹੈ ਅਤੇ ਏਨਾ ਜ਼ਰੂਰੀ ਹੈ ਕਿ ਇਸ ਦੀ ਗੈਰ-ਹਾਜ਼ਰੀ ਵਿੱਚ ਹੋਰ ਸਾਰੇ ਜਤਨ ਸਾਡੀ ਖ਼ੁਸ਼ੀ ਵਿੱਚ ਵਾਧਾ ਨਹੀਂ ਕਰ ਸਕਣਗੇ। ਖੁਸ਼ੀ ਨੂੰ ਬਖ਼ਸ਼ਸ਼ ਮੰਨਣ ਦਾ ਵਿਸ਼ਵਾਸ ਪਸ਼ੂ-ਪ੍ਰਸੰਨਤਾ ਨੂੰ ਪ੍ਰਸੰਨਤਾ ਦੀ ਸਿਖਰ ਸਿੱਧ ਕਰ ਕੇ ਸਾਨੂੰ ਮਨੁੱਖੀ ਪ੍ਰਸੰਨਤਾ ਲਈ ਯਤਨਸ਼ੀਲ ਹੋਣੋਂ ਰੋਕਦਾ ਰਹੇਗਾ। ਸਰੀਰਕ ਤੌਰ ਉੱਤੇ ਚੰਦਰੁਸਤ ਪਸ਼ੂ ਨੂੰ ਪੇਟ ਭਰ ਖਾਣ ਨੂੰ ਮਿਲਦਾ ਰਹੇ ਤਾਂ ਉਹ ਪ੍ਰਸੰਨ ਰਹਿ ਸਕਦਾ ਹੈ। ਮਨੁੱਖ ਦਾ ਜੀਵਨ ਏਨਾ ਸਾਦਾ ਅਤੇ ਸਰਲ ਨਹੀਂ। ਉਸਨੂੰ ਪ੍ਰਸੰਨ ਰਹਿਣ ਲਈ ਤੰਦਰੁਸਤੀ ਅਤੇ ਪੇਟ-ਪੂਜਾ ਤੋਂ ਅਗੇਰੇ ਹੋਰ ਕਿੰਨਾ ਕੁਝ ਲੋੜੀਂਦਾ ਹੈ। ਬਹੁਤੀ ਦੂਰ ਜਾਣ ਦੀ ਲੋੜ ਨਹੀਂ, ਉਸ ਦੇ ਆਪਣੇ ਧੀਆਂ ਪੁੱਤਾਂ ਕੋਲੋਂ ਉਸ ਨੂੰ ਇੱਕ ਵਿਸ਼ੇਸ਼ ਵਤੀਰੇ ਦੀ ਲੋੜ ਅਤੇ ਆਸ ਹੁੰਦੀ ਹੈ ਜਿਹੜੀ ਜੇ ਪੂਰੀ ਨਾ ਹੋਵੇ ਤਾਂ ਉਸ ਦਾ ਖ਼ੁਸ਼ ਰਹਿਣਾ ਔਖਾ ਹੋ ਜਾਂਦਾ ਹੈ। ਪਸ਼ੂ ਸਾਹਮਣੇ ਇਹ ਔਖਿਆਈ ਨਹੀਂ ਆਉਂਦੀ ਜਾਂ ਕਦੇ ਕਦੇ ਆਉਂਦੀ ਹੈ: ਓਦੋਂ ਜਦੋਂ ਉਹ ਕਿਸੇ ਸੰਬੰਧ ਵਿੱਚੋਂ ਉਹੋ ਜਿਹੀ ਲੋੜ ਅਤੇ ਆਸ ਪੂਰੀ ਹੁੰਦੀ ਵੇਖਣੀ ਚਾਹੁੰਦਾ ਹੈ, ਜੇਹੋ ਜਹੀ ਲੋੜ ਅਤੇ ਆਸ ਮਨੁੱਖ ਦੇ ਹਰ ਸੰਬੰਧ ਦਾ ਆਧਾਰ ਹੁੰਦੀ ਹੈ।
'ਪ੍ਰਸੰਨਤਾ ਸੁਹਣੀ ਜੀਵਨ-ਜਾਚ ਦੀ ਉਪਜ ਹੈ' ਇਹ ਮੰਨਣ ਵਾਲਾ ਆਦਮੀ ਸਦਾ ਆਪਣੀ ਜੀਵਨ-ਜਾਚ ਦੀ ਪੜਚੋਲ ਕਰਦਾ ਰਹਿੰਦਾ ਹੈ। ਜੇ ਉਸ ਦੀ ਜੀਵਨ-ਜਾਚ ਉੱਤੇ ਕਿਸੇ ਪ੍ਰਕਾਰ ਦੀ ਪੜਚੋਲ ਕੀਤੀ ਜਾਵੇ ਤਾਂ ਉਸ ਨੂੰ ਵੀ ਧੀਰਜ ਨਾਲ ਸੁਣਨ ਅਤੇ ਵਿਚਾਰਨ ਦੀ ਰੁਚੀ ਰੱਖਦਾ ਹੈ। ਇਸ ਨੂੰ 'ਆਪਣੇ ਗਿਰੇਵਾਨ ਵਿੱਚ ਸਿਰ ਨੀਵਾਂ ਕਰ ਕੇ ਵੇਖਣਾ' ਆਖਿਆ ਗਿਆ ਹੈ ਅਤੇ ਇਹ ਬਰੀਕ ਬੁੱਧੀ (ਅਕਲ ਲਤੀ%) ਵਾਲਿਆਂ ਦਾ ਕੰਮ ਹੈ। ਉਹ ਵਿਸ਼ਵਾਸ ਸੁੰਦਰ, ਸਿਹਤਮੰਦ ਅਤੇ ਵਿਗਿਆਨਕ ਨਹੀਂ ਆਖੇ ਜਾਣੇ ਚਾਹੀਦੇ ਜਿਹੜੇ ਸਾਨੂੰ ਅਕਲ ਲਤੀਫ਼ ਆਦਮੀ ਬਣਨ ਦੀ ਪ੍ਰੇਰਣਾ ਨਾ ਦੇ ਸਕਣ।