Back ArrowLogo
Info
Profile

ਪ੍ਰਸੰਨਤਾ ਦੇ ਵਿਰੋਧੀ ਵਿਸ਼ਵਾਸ

ਪਿਛਲੇ ਦੋ ਲੇਖਾਂ ਵਿੱਚ ਮੈਂ ਦੋ ਗੱਲਾਂ ਕਹਿਣ ਦਾ ਜਤਨ ਕੀਤਾ ਹੈ; ਇੱਕ ਇਹ ਕਿ ਅੰਤਰਮੁਖਤਾ ਅਤੇ ਪ੍ਰਸੰਨਤਾ ਵਿੱਚ ਬਹੁਤਾ ਸੰਬੰਧ ਨਹੀਂ, ਅਤੇ ਦੂਜੀ ਇਹ ਕਿ ਪ੍ਰਸੰਨਤਾ ਵਿੱਚ ਵਾਧਾ ਚਾਹੁਣ ਵਾਲੇ ਵਿਅਕਤੀ ਲਈ ਪ੍ਰਸੰਨਤਾ ਨੂੰ ਰੱਬੀ ਦਾਤ ਮੰਨਣ ਨਾਲੋਂ ਆਪਣੇ ਜਤਨ ਨਾਲ ਪ੍ਰਾਪਤ ਕੀਤੀ ਜਾਣ ਵਾਲੀ ਵਸਤੂ ਮੰਨਣਾ ਜ਼ਰੂਰੀ ਹੈ। ਪਹਿਲੀ ਗੱਲ ਦਾ ਸੰਬੰਧ ਸਾਡੇ ਸੁਭਾਅ ਨਾਲ ਹੈ ਅਤੇ ਦੂਜੀ ਦਾ ਸਾਡੇ ਵਿਸ਼ਵਾਸਾਂ ਨਾਲ।

ਸਾਡੇ ਸਾਧਾਰਣ ਕੰਮ ਸਾਡੀਆਂ ਲੋੜਾਂ ਵਿੱਚੋਂ ਉਪਜਦੇ ਹਨ। ਸਾਡਾ ਸੁਭਾਅ ਅਤੇ ਸਾਡੇ ਵਿਸ਼ਵਾਸ ਸਾਡੇ ਕੰਮਾਂ ਨੂੰ ਪ੍ਰਭਾਵਿਤ ਕਰਦੇ ਹਨ। ਲੋੜਾਂ ਦੀ 'ਹੋਂਦ' ਹਰ ਕਿਸੇ ਲਈ ਲਗਪਗ ਇੱਕ ਜਹੀ ਹੈ। ਮਨੁੱਖਾਂ ਦੇ ਸੁਭਾਵਾਂ ਅਤੇ ਵਿਸ਼ਵਾਸਾਂ ਵਿੱਚ ਆਖ਼ਰਾਂ ਦੀ ਭਿੰਨਤਾ ਹੈ। ਜੋ ਸਾਧਾਰਣ ਲੋੜਾਂ ਦੀ ਪੂਰਤੀ ਦੇ ਜਤਨਾਂ ਵਿੱਚ ਰੁੱਝੇ ਹੋਏ ਲੋਕਾਂ ਦੇ ਹਿੱਸੇ ਆਉਣ ਵਾਲੀਆਂ ਖੁਸ਼ੀਆਂ ਅਤੇ ਨਾ-ਖ਼ੁਸ਼ੀਆਂ ਵਿੱਚ ਬਹੁਤਾ ਫ਼ਰਕ ਵੇਖਣ ਵਿੱਚ ਆਉਂਦਾ ਹੈ ਤਾਂ ਇਸ ਦਾ ਭਾਵ ਇਹ ਹੈ ਕਿ ਸਾਡੀਆਂ ਖੁਸ਼ੀਆਂ ਅਤੇ ਨਾ-ਖ਼ੁਸ਼ੀਆਂ, ਬਹੁਤ ਹੱਦ ਤਕ, ਸਾਡੇ ਸੁਭਾਵਾਂ ਅਤੇ ਸਾਡੇ ਵਿਸ਼ਵਾਸਾਂ ਨਾਲ ਸੰਬੰਧਤ ਹਨ।

ਸੁਭਾਵ ਅਤੇ ਵਿਸ਼ਵਾਸ ਮਨੁੱਖੀ ਸ਼ਖ਼ਸੀਅਤ (ਪਰਸਨੈਲਿਟੀ) ਦੇ ਪ੍ਰਮੁੱਖ ਅੰਗ ਹਨ। ਇਨ੍ਹਾਂ ਉੱਤੇ ਕੀਤੀ ਗਈ ਕਠੋਰ ਅਲੋਚਨਾ ਕਿਸੇ ਨੂੰ ਕਦੇ ਚੰਗੀ ਨਹੀਂ ਲੱਗਦੀ। ਪਿਆਰ- ਸਤਿਕਾਰ ਨਾਲ ਆਖੀ ਹੋਈ ਗੱਲ ਵੀ ਚੁਭਵੀਂ ਲੱਗਦੀ ਹੈ। ਮੈਨੂੰ ਇਉਂ ਹੀ ਕਰਨਾ ਪੈ ਰਿਹਾ ਹੈ। ਆਸ ਹੈ ਮੇਰੇ ਪਾਠਕ ਮੇਰੀ ਭਾਵਨਾ ਵੱਲ ਵੇਖਣਗੇ। ਮੈਂ ਮਨੁੱਖੀ ਸੁਭਾਵਾਂ ਅਤੇ ਵਿਸ਼ਵਾਸਾਂ ਦੀ ਅਲੋਚਨਾ ਕੇਵਲ ਅਲੋਚਨਾ ਲਈ ਨਹੀਂ ਕਰ ਰਿਹਾ। ਮਨੁੱਖੀ ਖ਼ੁਸ਼ੀ ਵਿੱਚ ਵਾਧਾ ਮੇਰਾ ਮਨੋਰਥ ਹੈ ਅਤੇ ਇਸ ਮਨੋਰਥ ਦੀ ਪ੍ਰਾਪਤੀ ਦੇ ਜਤਨ ਵਿੱਚ ਵੱਧ ਤੋਂ ਵੱਧ ਬਾ-ਅਦਬ ਹੋਣ ਦੀ ਮੇਰੀ ਇੱਛਾ ਹੈ। ਆਪਣੇ ਪਾਠਕਾਂ ਦੀ ਸੁਹਿਰਦਤਾ ਅਤੇ ਉਦਾਰਤਾ ਉੱਤੇ ਭਰੋਸਾ ਕਰਦਾ ਹੋਇਆ, ਮੈਂ, ਖ਼ੁਸ਼ੀ ਦੇ ਦ੍ਰਿਸ਼ਟੀਕੋਣ ਤੋਂ ਕੁਝ ਇੱਕ ਵਿਸ਼ਵਾਸਾਂ ਦੀ ਪੜਚੋਲ ਦੀ ਆਗਿਆ ਮੰਗਦਾ ਹਾਂ।

ਅਸੀਂ ਕਹਿੰਦੇ ਹਾਂ :

1. ਇਹ ਸੰਸਾਰ ਅਸਾਰ ਹੈ: ਨਾਸ਼ਮਾਨ ਹੈ। ਏਥੇ ਕੁਝ ਵੀ ਸਦੀਵੀ ਨਹੀਂ। ਇਸ ਨਾਲ ਪੱਕੇ ਸੰਬੰਧ ਨਹੀਂ ਜੋੜਨੇ ਚਾਹੀਦੇ। ਮਨ ਨੂੰ ਇਸ ਦੇ ਮੋਹ ਤੋਂ ਮੁਕਤ ਰੱਖਣਾ ਚਾਹੀਦਾ चे।

2. ਮਾਂ-ਪਿਉ, ਧੀਆਂ-ਪੁੱਤਰ, ਭੈਣ-ਭਰਾ ਯਾਰ-ਦੋਸਤ ਐਵੇਂ ਦੁਨਿਆਵੀ ਰਿਸ਼ਤੇ ਹਨ; ਕੋਈ ਰਿਸ਼ਤਾ ਅੰਤ ਤਕ ਨਹੀਂ ਨਿਭਦਾ।

3. ਸਾਡਾ ਜੀਵਨ ਕੁਝ ਦਿਨਾਂ ਦੀ ਖੇਡ ਹੈ; ਦੋ ਗਜ਼ ਧਰਤੀ ਜਾਂ ਦਸ ਮਣ ਲੱਕੜਾਂ ਇਸ ਦੀ ਮੰਜ਼ਲ ਹਨ।

27 / 174
Previous
Next