4. ਜੀਵਨ ਵਿੱਚ ਕੀਤੇ ਪਾਪਾਂ ਦੀ ਸਜ਼ਾ ਵਜੋਂ ਸਾਨੂੰ ਮੌਤ ਤੋਂ ਪਿੱਛੋਂ ਕਿਸੇ ਨਰਕ ਵਿੱਚ ਜਾਣਾ ਪਵੇਗਾ ਜਾਂ ਦੂਜਾ ਜਨਮ ਲੈ ਕੇ ਦੁਖ ਭੋਗਣੇ ਪੈਣਗੇ।
5. ਇਹ ਜੀਵਨ ਜੁਆ ਹੈ, ਜਿਸ ਵਿੱਚ ਹਰ ਕਿਸੇ ਨੂੰ ਹਾਰਨਾ ਪੈਂਦਾ ਹੈ।
ਇਨ੍ਹਾਂ ਨਾਲ ਰਲਦੇ ਮਿਲਦੇ ਹੋਰ ਕਈ ਵਿਸ਼ਵਾਸਾਂ ਦਾ ਜ਼ਿਕਰ ਕਰ ਕੇ ਇਸ ਲਿਸਟ ਨੂੰ ਲੰਮੀ ਕਰੀ ਜਾਣ ਦਾ ਕੋਈ ਲਾਭ ਨਹੀਂ। ਤਿੱਬ ਰਹੀ ਦਾਲ ਵਿੱਚੋਂ ਇੱਕ ਦਾਣਾ ਟੋਹ ਲੈਣਾ ਹੀ ਕਾਫ਼ੀ ਹੁੰਦਾ ਹੈ। ਇਹ ਵਿਸ਼ਵਾਸ ਨਿਰਾਸ਼ਾ ਪੈਦਾ ਕਰਨ ਵਾਲੇ ਅਤੇ ਅੰਤਰਮੁਖਤਾ ਦੀ ਪ੍ਰੇਰਣਾ ਦੇਣ ਵਾਲੇ ਹਨ। ਇਹ ਆਪਣੇ ਕੰਮ ਵਿੱਚ ਕਾਮਯਾਬ ਇਸ ਲਈ ਹਨ ਕਿ ਪੁਰਾਣੇ ਸਮਿਆਂ ਤੋਂ ਇਨ੍ਹਾਂ ਨਾਲ ਸਿਆਣਪ ਦਾ ਗੂਹੜਾ ਸੰਬੰਧ ਸਮਝਿਆ ਅਤੇ ਵੇਖਿਆ ਜਾਂਦਾ ਰਿਹਾ ਹੈ। ਕਿਸੇ ਨੇ ਇਨ੍ਹਾਂ ਦੀ ਸਾਰਥਕਤਾ ਅਤੇ ਉਪਯੋਗਤਾ ਸੰਬੰਧੀ ਕਿਸੇ ਪ੍ਰਕਾਰ ਦੀ ਪੁੱਛ- ਗਿੱਛ ਕਰਨ ਦੀ ਲੋੜ ਨਹੀਂ ਸਮਝੀ । ਸਾਧਾਰਣ ਜੀਵਨ ਦੀ ਸਾਧਾਰਣ ਖ਼ੁਸ਼ੀ ਵਰਗੀ ਨਿਗੂਣੀ ਸ਼ੈਅ ਨੂੰ ਸਮੇਂ ਦੇ ਸਤਿਕਾਰੇ ਹੋਏ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਕਸਵੱਟੀ ਕਹਿ ਕੇ ਸਿਆਣੇ ਲੋਕਾਂ ਵਿੱਚ ਹਾਸੋ ਹੀਣਾ ਹੋਣ ਦੀ ਕੁੱਲ ਕੋਈ ਕਿਉਂ ਕਰਦਾ ? ਕਿਸੇ ਨੇ ਨਹੀਂ ਕੀਤੀ। ਮੈਂ ਕਰਨ ਲੱਗਾ ਹਾਂ; ਇਸ ਭਰੋਸੇ ਨਾਲ ਕਿ ਸਿਆਣੇ ਪਾਠਕ ਮੈਨੂੰ ਮੁਆਫ਼ ਕਰ ਦੇਣਗੇ।
ਸੰਸਾਰ ਦੀ ਅਸਾਰਤਾ ਅਤੇ ਨਾਸ਼ਮਾਨਤਾ ਦੀ ਗੱਲ ਸੱਚੀ ਜ਼ਰੂਰ ਹੈ ਪਰ ਸਿਆਣੀ ਨਹੀਂ। ਕਿਸੇ ਦੀ ਉਂਗਲੀ ਉੱਤੇ ਪਈ ਮੁੰਦਰੀ ਨੂੰ ਵੇਖ ਕੇ ਇਹ ਜਾਣ ਲੈਣ ਵਿੱਚ ਕਿੰਨੀ ਕੁ ਸਿਆਣਪ ਹੈ ਕਿ ਫਲਾਣੇ ਆਦਮੀ ਨੇ ਮੁੰਦਰੀ ਪਾਈ ਹੋਈ ਹੈ ? ਬੱਚਿਆਂ ਨੂੰ ਅਸਾਰਤਾ ਅਤੇ ਨਾਸ਼ਮਾਨਤਾ ਦੇ ਅਰਥ ਨਹੀਂ ਆਉਂਦੇ: ਜਦੋਂ ਇਸ ਦੇ ਅਰਥ ਸਮਝ ਪੈ ਜਾਂਦੇ ਹਨ, ਉਦੋਂ ਹਰ ਕੋਈ ਜਾਣ ਲੈਂਦਾ ਹੈ ਕਿ ਇਸ ਦੁਨੀਆ ਵਿੱਚ ਸਦੀਵੀ ਕੁਝ ਨਹੀਂ। ਇਸ ਜਾਣਕਾਰੀ ਲਈ ਕਿਸੇ ਉਚੇਚੀ ਸਿਆਣਪ, ਸਿਖਲਾਈ ਜਾਂ ਸਾਧਨਾਂ ਦੀ ਲੋੜ ਕਿਸੇ ਨੂੰ ਨਹੀਂ ਪੈਂਦੀ।
ਇਹ ਆਖਿਆ ਜਾ ਸਕਦਾ ਹੈ ਕਿ ਸੰਸਾਰ ਦੀ ਨਾਸ਼ਮਾਨਤਾ ਅਤੇ ਅਸਾਰਤਾ ਨੂੰ ਸਮਝ ਸਕਣ ਵਿੱਚ ਭਾਵੇਂ ਬਹੁਤੀ ਸਿਆਣਪ ਨਹੀਂ ਪਰ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਇਸ ਦੀ ਅਸਾਰਤਾ ਅਤੇ ਨਿਰਾਰਥਕਤਾ ਨੂੰ ਧਿਆਨ ਵਿੱਚ ਰੱਖ ਕੇ ਵਰਤਣ-ਵਿਚਰਣ ਵਿੱਚ ਸਿਆਣਪ ਹੈ। ਇਸ ਸਿਆਣਪ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ਼ੁਕਰ ਹੈ ਦੁਨੀਆ ਦੇ ਬਹੁਤੇ ਲੋਕਾਂ ਵਿੱਚ ਇਹ ਸਿਆਣਪ ਨਹੀਂ, ਵਰਨਾ ਇਹ ਸੰਸਾਰ ਅਤੇ ਇਸ ਵਿਚਲਾ ਜੀਵਨ ਬਹੁਤ ਹੀ ਉਦਾਸ ਅਤੇ ਕਰੂਪ ਹੋ ਗਿਆ ਹੁੰਦਾ। ਕਿਸੇ ਬੀਮਾਰ ਬੱਚੇ ਦੇ ਪਿਤਾ ਲਈ ਸੰਸਾਰ ਨੂੰ ਨਾਸ਼ਮਾਨ ਅਤੇ ਜੀਵਨ ਨੂੰ ਨਿਰਾਰਥਕ ਸਮਝਣਾ ਸੰਭਵ ਨਹੀਂ ਹੁੰਦਾ। ਆਪਣੇ ਬੱਚੇ ਦੀ ਸਿਹਤ ਨੂੰ ਸਾਰ ਵਸਤੂ ਅਤੇ ਉਸ ਦੀ ਤੰਦਰੁਸਤੀ ਲਈ ਕੀਤੇ ਜਾਣ ਵਾਲੇ ਜਤਨ ਨੂੰ ਅਰਥ ਭਰਪੂਰ ਕੰਮ ਸਮਝਣਾ ਹੀ ਉਸ ਨੂੰ ਸਿਆਣਪ ਵਾਲੀ ਗੱਲ ਜਾਪਦਾ ਹੈ। ਅਤੇ ਸਿਰਫ਼ ਸਾਧਾਰਣ ਆਦਮੀ ਹੀ ਇਸ ਤਰ੍ਹਾਂ ਨਹੀਂ ਵਿਚਰਦੇ ਵਰਤਦੇ। ਸ਼ੰਕਰਾਚਾਰੀਆ ਵਰਗੇ ਮਾਇਆਵਾਦੀ ਵੀ ਮਸਤੇ ਹੋਏ ਹਾਥੀ ਨੂੰ ਵੇਖ ਕੇ ਆਪਣੇ ਜੀਵਨ ਨੂੰ ਸਾਰ ਵਸਤੂ ਸਮਝ ਕੇ ਉਸ (ਜੀਵਨ) ਦੀ ਰੱਖਿਆ ਦੀ ਅਰਬ ਭਰਪੂਰ ਕਿਰਿਆ ਨੂੰ ਪੂਰੀ ਸਿਆਣਪ ਅਤੇ ਸਫਲਤਾ ਨਾਲ ਸਿਰੇ ਚਾੜ੍ਹਨ ਲਈ ਦੌੜ ਕੇ ਦਰੱਖ਼ਤ ਉੱਤੇ ਚੜ੍ਹ ਜਾਂਦੇ ਹਨ।
ਸੰਸਾਰ ਦੀ ਅਸਾਰਤਾ ਅਤੇ ਨਾਸ਼ਮਾਨਤਾ ਦਾ ਖ਼ਿਆਲ ਆਪਣੇ ਆਪ ਵਿੱਚ ਕਿੰਨਾ ਵੀ ਵੱਡਾ ਸੱਚ ਕਿਉਂ ਨਾ ਹੋਵੇ, ਮਨੁੱਖੀ ਮਨ ਨੂੰ ਇਸ ਕੋਲੋਂ ਜੋ ਕਿਸੇ ਧਰਵਾਸ ਦੀ ਆਸ ਹੈ ਤਾਂ ਕੇਵਲ ਬੇ-ਬਸੀ ਅਤੇ ਲਾਚਾਰੀ ਦੀ ਹਾਲਤ ਵਿੱਚ; ਉਦੋਂ ਜਦੋਂ ਉਹ ਇਹ ਸਮਝ ਲਵੇ ਕਿ ਮੈਂ ਕੁਝ ਨਹੀਂ ਕਰ ਸਕਦਾ। ਅਜਿਹੀ ਹਾਲਤ ਵਿੱਚ ਤਾਂ ਆਦਮੀ ਨੀਂਦ ਦੀ ਦਵਾਈ,