Back ArrowLogo
Info
Profile
ਬੇਹੋਸ਼ੀ ਅਤੇ ਆਤਮ-ਹੱਤਿਆ ਤਕ ਦੀ ਸ਼ਰਨ ਲੈਣ ਬਾਰੇ ਵੀ ਸੋਚਣ ਲੱਗ ਪੈਂਦਾ ਹੈ। ਇਸ ਸੋਚ ਨੂੰ ਸਿਆਣਪ ਨਹੀਂ ਆਖਿਆ ਜਾਣਾ ਚਾਹੀਦਾ।

ਜਿਨ੍ਹਾਂ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਜੀਵਨ ਭਰ ਯਤਨਸ਼ੀਲ ਰਹਿਣਾ ਪੈਂਦਾ ਹੈ, ਉਨ੍ਹਾਂ ਕੋਲ ਸੰਸਾਰ ਦੀ ਅਸਾਰਤਾ ਅਤੇ ਨਾਸ਼ਮਾਨਤਾ ਦੇ ਸੱਚ ਵੱਲ ਉਚੇਚਾ ਧਿਆਨ ਦੇਣ ਜੋਗਾ ਸਮਾਂ ਨਹੀਂ ਬਚਦਾ। ਇਹ ਵਿਲਾਸ ਉਨ੍ਹਾਂ ਦੀ ਵੰਡੇ ਆਉਂਦਾ ਹੈ ਜਿਨ੍ਹਾਂ ਦੀਆਂ ਲੋੜਾਂ ਨਿਰਯਤਨ ਪੂਰੀਆਂ ਹੋ ਰਹੀਆਂ ਹੁੰਦੀਆਂ ਹਨ। ਸਾਧੂ ਦਇਆ ਸਿੰਘ ਜੀ ਜੇ ਕਿਸੇ ਕਾਲਜ ਵਿੱਚ ਲੈਕਚਰਾਰ ਹੁੰਦੇ ਅਤੇ ਘਰ-ਗ੍ਰਿਹਸਤੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਰਾ ਦਿਨ ਕਾਲਜ ਵਿੱਚ ਸਿਰ ਖਪਾਈ ਕਰਨ ਪਿੱਛੋਂ ਘਰ ਆ ਕੇ ਇੱਕ ਦੇ ਟਿਊਸ਼ਨਾਂ ਪੜਾਉਣ ਲਈ ਮਜਬੂਰ ਹੁੰਦੇ ਤਾਂ ਉਨ੍ਹਾਂ ਕੋਲੋਂ 'ਜ਼ਿੰਦਗੀ ਬਿਲਾਸ' ਵਰਗੀ ਰਚਨਾ ਦੀ ਆਸ ਨਹੀਂ ਸੀ ਕੀਤੀ ਜਾ ਸਕਣੀ। ਇਹ ਸੰਸਾਰ ਉਨ੍ਹਾਂ ਨੂੰ ਨਾਸ਼ਮਾਨ ਅਤੇ ਅਸਾਰ ਦਿਸਣ ਦੀ ਥਾਂ ਕੁਰੂਕਸ਼ੇਤਰ ਦਿਸਣਾ ਸੀ। ਜੀਵਨ ਦੀਆਂ ਚਿੰਤਾਵਾਂ ਤੋਂ ਮੁਕਤ ਸਾਧੂ ਦਇਆ ਸਿੰਘ ਜੀ ਨੇ ਸੌ ਸਾਲ ਲੰਮੇ ਮਨੁੱਖੀ ਜੀਵਨ ਦੀ ਅਸਾਰਤਾ ਦੇ 'ਪਰਮ-ਸੱਚ' ਦੀ ਵਿਆਖਿਆ ਕਰਨ ਲਈ ਲੰਮਾ ਕਿੱਸਾ ਲਿਖ ਮਾਰਿਆ। ਸ਼ਰਾਬ ਦੇ ਨਸ਼ੇ ਵਿੱਚ ਬੇ-ਫ਼ਿਕਰ ਹੋ ਕੇ ਟਰੱਕ ਚਲਾਉਣ ਵਾਲੇ ਡਰਾਈਵਰਾਂ ਨੇ 'ਜ਼ਿੰਦਗੀ ਬਿਲਾਸ' ਦੇ ਸਾਰ ਨੂੰ ਇੱਕ ਨਿੱਕੇ ਜਿਹੇ ਵਾਕ ਦਾ ਰੂਪ ਦੇ ਕੇ ਆਪਣੇ ਟਰੱਕ ਉੱਤੇ ਲਿਖਿਆ ਜਾਂ ਲਿਖਵਾਇਆ ਹੁੰਦਾ ਹੈ 'ਪਰਮਾਤਮਾ ਔਰ ਮੌਤ ਕੇ ਹਮੇਸ਼ਾ ਯਾਦ ਰੱਖੋ', ਨਿਸਚਿੰਤ  ਆਦਮੀ ਦੂਜਿਆਂ ਨੂੰ ਚਿੰਤਾ ਦਾ ਉਪਦੇਸ਼ ਦਿੰਦੇ ਹਨ; ਪਤਾ ਨਹੀਂ ਕਿਉਂ ?

ਸਾਡੇ ਜਨਮ ਸਮੇਂ ਇਹ ਦੁਨੀਆ ਕਾਇਮ ਸੀ ਅਤੇ ਕਰੋੜਾਂ ਸਾਲਾਂ ਤੋਂ ਕਾਇਮ ਸੀ। ਸਾਡੀ ਮੌਤ ਤੋਂ ਪਿੱਛੋਂ ਇਹ ਦੁਨੀਆ ਪਤਾ ਨਹੀਂ ਕਿੰਨੇ ਕੁ ਕਰੋੜਾਂ ਸਾਲ ਕਾਇਮ ਰਹੇਗੀ। ਜਦੋਂ ਅਸੀਂ ਇਸ ਦੁਨੀਆ ਵਿੱਚ ਆਏ, ਉਦੋਂ ਇਸ ਅਸਾਰ ਸੰਸਾਰ ਨੇ ਸਾਡੀ ਨਿਗੂਣੀ ਜਹੀ ਹੋਂਦ ਨੂੰ ਸਾਰ ਵਸਤੂ ਸਮਝ ਕੇ ਸਾਨੂੰ ਸਿਰ ਮੱਥੇ ਕਬੂਲਿਆ। ਜ਼ਰਾ ਕੁ ਸਿਆਣੇ ਹੋ ਕੇ ਅਸੀਂ ਇਸ ਸੰਸਾਰ ਨੂੰ ਅਸਾਰਤਾ ਦਾ ਉਲਾਹਮਾ ਦੇਣ ਲੱਗ ਪਏ, ਪਰ ਇਹ ਸਾਨੂੰ ਅਤੇ ਸਾਡੀਆਂ ਲੋੜਾਂ ਨੂੰ ਸੱਚੀਆਂ ਅਤੇ ਵਾਸਤਵਿਕ ਸਮਝਦਾ ਹੋਇਆ ਉਨ੍ਹਾਂ ਦੀ ਪੂਰਤੀ ਲਈ, ਸਾਡੇ ਦੁਆਰਾ 'ਸਾਰ' ਸਮਝੀਆਂ ਜਾਣ ਵਾਲੀਆਂ ਚੀਜ਼ਾਂ ਵਸਤਾਂ ਸਾਨੂੰ ਦਿੰਦਾ ਰਿਹਾ। ਏਥੋਂ ਜਾਣ ਲੱਗਿਆ ਅਸੀਂ ਆਪਣੇ ਬੱਚਿਆਂ ਨੂੰ ਏਥੇ ਇਸ ਭਰੋਸੇ ਉੱਤੇ ਛੱਡ ਕੇ ਜਾਵਾਂਗੇ ਕਿ ਇਹ ਸੰਸਾਰ ਉਨ੍ਹਾਂ ਨੂੰ ਅਸਾਰ, ਨਿਰਾਰਥਕ ਅਤੇ ਨਾਸ਼ਮਾਨ ਸਮਝ ਕੇ ਉਨ੍ਹਾਂ ਪ੍ਰਤੀ ਉਦਾਸੀਨਤਾ, ਅਭਿੱਜਤਾ ਅਤੇ ਅਮਿੱਤ੍ਰਤਾ ਦਾ ਵਤੀਰਾ ਨਹੀਂ ਅਪਣਾਵੇਗਾ। ਸਾਡੇ ਬੱਚੇ ਵੀ ਸਾਡੀਆਂ ਧਾਰਨਾਵਾਂ ਅਤੇ ਮਾਨਤਾਵਾਂ ਨੂੰ ਖੋਖਲੀਆਂ ਸਮਝ ਕੇ ਕਿਸੇ ਖੂੰਜੇ ਨਹੀਂ ਲਾ ਦੇਣਗੇ। ਇਸ ਸੰਸਾਰ ਨਾਲ ਸਾਡੀ ਕਿੰਨੀ ਗੂਹੜੀ ਮਿੱਤ੍ਰਤਾ ਹੈ।

ਇਸ ਨੂੰ ਅਸਾਰ ਕਹਿਣ ਦਾ ਹੱਕ ਸਾਨੂੰ ਨਹੀਂ। ਸਾਡੇ ਸੋ ਕੁ ਸਾਲ ਦੇ ਜੀਵਨ ਦੇ ਮੁਕਾਬਲੇ ਵਿੱਚ ਕਈ ਕਰੋੜਾਂ ਸਾਲਾਂ ਦੀ ਉਮਰ ਭੋਗਣ ਵਾਲਾ ਇਹ ਸੰਸਾਰ ਕਿਸੇ ਤਰ੍ਹਾਂ ਵੀ ਨਾਸ਼ਮਾਨ ਆਖਿਆ ਨਹੀਂ ਜਾ ਸਕਦਾ। ਇਸ ਨੂੰ ਨਾਸ਼ਮਾਨ ਕਹਿ ਕੇ ਅਸੀਂ ਮੌਤ ਦੇ ਭੈ ਦਾ ਪ੍ਰਗਟਾਵਾ ਕਰਦੇ ਹਾਂ। ਮੈਂ ਅਧਿਆਤਮਵਾਦੀਆਂ ਦੇ ਇਸ ਦਾਅਵੇ ਨੂੰ ਸੱਚਾ ਨਹੀਂ ਮੰਨਦਾ ਕਿ ਦੁਨੀਆ ਦੀ ਨਾਸ਼ਮਾਨਤਾ ਦਾ ਖ਼ਿਆਲ ਮਨੁੱਖ ਦੇ ਮਨ ਵਿੱਚੋਂ ਦੁਨੀਆ ਦੇ ਮੋਹ ਨੂੰ ਘਟਾਉਂਦਾ ਹੈ। ਹਜ਼ਾਰਾਂ ਸਾਲਾਂ ਤੋਂ ਨਾਸ਼ਮਾਨਤਾ ਦਾ ਪ੍ਰਚਾਰ ਹੁੰਦਾ ਆਇਆ ਹੈ; ਪਰ ਮੋਹ ਦੇ ਘਟਣ ਦਾ ਕੋਈ ਸਬੂਤ ਕਿਧਰੇ ਨਹੀਂ ਮਿਲਦਾ। ਹਾਂ, ਇਹ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਇਸ ਵਿਸ਼ਵਾਸ ਜਾਂ ਖ਼ਿਆਲ ਦੀ ਵਜ੍ਹਾ ਨਾਲ ਬਹੁਤ ਸਾਰੀ ਖ਼ੁਸ਼ੀ ਜੀਵਨ ਨਾਲ ਰੁੱਸੀ ਰਹੀ ਹੈ।

29 / 174
Previous
Next