ਜੀਵਨ ਭਰ ਦੀ ਦੌੜ-ਭੱਜ ਪਿੱਛੋਂ ਮਨੁੱਖ ਨੂੰ ਮੁਸ਼ਕਲ ਨਾਲ ਮੌਕਾ ਮਿਲਿਆ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਅਤੇ ਚਿੰਤਾਵਾਂ ਦਾ ਭਾਰ ਆਪਣੇ ਬੱਚਿਆਂ ਨੂੰ ਸੌਂਪ ਕੇ ਆਪ ਜ਼ਰਾ ਹੋਲਾ ਹੋ ਲਵੇ। ਹਾਏ ਨੀ ਸਿਆਣਪੇ! ਤੂੰ ਮੌਤ ਦੇ ਡਰ ਦਾ ਰੂਪ ਧਾਰ ਕੇ ਨਾਸ਼ਮਾਨਤਾ ਦੇ ਝਰੋਖੇ ਵਿੱਚੋਂ ਝਾਕਣ ਲੱਗ ਪਈ। ਬੇ-ਫ਼ਿਕਰੀ ਅਤੇ ਖੁਸ਼ੀ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਬੁਢਾਪੇ ਦੀ ਹਾਲਤ ਤਰਸਯੋਗ ਹੋ ਗਈ। ਇਹ ਤੇਰੀ ਹੀ ਮਿਹਰਬਾਨੀ ਹੈ ਕਿ ਜੀਵਨ ਦੇ ਅਨੁਭਵ ਦੀ ਅਮੀਰੀ ਨਾਲ ਮਾਲਾ ਮਾਲ ਬੁਢਾਪੇ ਨੂੰ ਜੇ ਪੁੱਛੀਏ, "ਸੁਣਾਉ ਜੀ ਕੀ ਹਾਲ ਹੈ ?" ਤਾਂ ਅੱਗੋਂ ਉੱਤਰ ਮਿਲਦਾ ਹੈ, "ਸ਼ੁਕਰ ਹੈ, ਜਿਹੜੀ ਘੜੀ ਲੰਘ ਜਾਵੇ।"
ਸੰਸਾਰ ਨੂੰ ਨਾਸ਼ਮਾਨ ਮੰਨਣ ਕਰਕੇ ਅਸੀਂ ਘੜੀਆਂ ਗਿਣਨ ਲੱਗ ਪੈਂਦੇ ਹਾਂ, ਉਤਸ਼ਾਹਹੀਣ ਹੋ ਜਾਂਦੇ ਹਾਂ ਅਤੇ ਉਤਸ਼ਾਹਹੀਣ ਹੋਣ ਕਰਕੇ ਸੰਸਾਰ ਨੂੰ ਨਾਸ਼ਮਾਨ ਮੰਨਦੇ ਹਾਂ। ਨਾਸ਼ਮਾਨਤਾ ਦੇ ਖ਼ਿਆਲ ਦਾ ਉਤਸ਼ਾਹਹੀਣਤਾ ਨਾਲ ਨਜ਼ਦੀਕੀ ਰਿਸ਼ਤਾ ਹੈ। ਮਨੁੱਖੀ ਖ਼ੁਸ਼ੀ ਦੇ ਕਈ ਭੇਤਾਂ ਵਿੱਚੋਂ ਇੱਕ ਇਸ ਰਿਸ਼ਤੇ ਨੂੰ ਤੋੜਨ ਵਿੱਚ ਹੈ। ਉਨ੍ਹਾਂ ਸਾਰੇ ਵਿਚਾਰਾਂ ਅਤੇ ਵਿਸ਼ਵਾਸਾਂ ਦੀ ਪੜਚੋਲ ਕੀਤੀ ਜਾਣੀ ਜ਼ਰੂਰੀ ਹੈ ਜਿਹੜੇ ਇਸ ਰਿਸ਼ਤੇ ਨੂੰ ਪੱਕਾ ਕਰਨ ਦੀ ਰੁਚੀ ਰੱਖਦੇ ਹਨ। ਇਸ ਜੀਵਨ ਨੂੰ ਚਾਰ ਦਿਨ ਦੀ ਖੇਡ ਮੰਨਦਿਆਂ ਹੋਇਆਂ ਇਸ ਖੇਡ ਨੂੰ ਹਾਰਨ ਦੇ ਵਿਸ਼ਵਾਸ ਨਾਲ ਖੇਡਦੇ ਹੋਏ ਅਸੀਂ ਇਸ ਵਿੱਚ ਪੂਰੀ ਦਿਲਚਸਪੀ ਨਹੀਂ ਲੈ ਸਕਦੇ। ਇਹ ਜੀਵਨ ਨਾ ਹੀ ਜੂਆ ਹੈ ਅਤੇ ਨਾ ਹੀ ਜਿੱਤ-ਹਾਰ ਇਸ ਦਾ ਮਨੋਰਥ ਹੈ। ਇਹ ਧਰਮ ਅਤੇ ਅਧਰਮ, ਪਾਪ ਅਤੇ ਪੁੰਨ ਜਾਂ ਸੱਚ ਅਤੇ ਝੂਠ ਵਿੱਚ ਲੜਿਆ ਜਾਣ ਵਾਲਾ ਅਮੁੱਕ ਯੁੱਧ ਵੀ ਨਹੀਂ। ਇਹ ਸਭ ਪਿਛਲੇ ਯੁਗ ਦੇ ਵਿਚਾਰ ਹਨ। ਧਰਤੀ ਦੇ ਜਿਨ੍ਹਾਂ ਹਿੱਸਿਆਂ ਉੱਤੇ ਮਨੁੱਖੀ ਜੀਵਨ ਦੀਆਂ ਪਰਿਸਥਿਤੀਆਂ ਅਜੇ ਪੁਰਾਣੇ ਯੁਗ ਵਾਲੀਆਂ ਹਨ, ਓਥੇ ਇਨ੍ਹਾਂ ਵਿਚਾਰਾਂ ਵਿਚਲੀ ਸਾਰਥਕਤਾ ਮਨੁੱਖੀ ਮਨ ਦੇ ਵਿਕਾਸ ਦਾ ਰਾਹ ਰੋਕਣ ਵਿੱਚ ਸਫਲ ਹੈ; ਪਰੰਤੂ ਇਹ ਸਭ ਕੁਝ ਬਦਲਦਾ ਰਹਿਣਾ ਹੈ ਅਤੇ ਮਨੁੱਖ ਨੇ ਇਸ ਧਰਤੀ ਅਤੇ ਇਸ ਧਰਤੀ ਉਤਲੇ ਜੀਵਨ ਲਈ ਨਵੀਆਂ ਪ੍ਰੀਭਾਸ਼ਾਵਾਂ ਬਣਾਉਂਦੇ ਰਹਿਣਾ ਹੈ। ਉਹ ਦਿਨ ਦੂਰ ਨਹੀਂ ਜਦੋਂ ਇਸ ਧਰਤੀ ਨੂੰ ਕੁਰੂਕਸ਼ੇਤਰ ਦੀ ਥਾਂ ਇੱਕ ਸੈਰਗਾਹ ਆਖਿਆ ਜਾਣਾ ਵਧੇਰੇ ਢੁਕਵਾਂ ਹੋ ਜਾਵੇਗਾ ਅਤੇ ਜੀਵਨ ਨੂੰ ਜੂਏ ਦੀ ਥਾਂ ਇੱਕ ਯਾਤਰਾ, ਇੱਕ ਸੈਰ ਆਖਿਆ ਜਾਣਾ ਵਧੇਰੇ ਚੰਗਾ ਲੱਗੇਗਾ। ਉਦੋਂ ਧੀਆਂ-ਪੁੱਤਰ, ਭੈਣਾਂ-ਭਰਾ ਅਤੇ ਹੋਰ ਸਾਰੇ ਦੁਨਿਆਵੀ ਰਿਸ਼ਤੇ ਝੂਠੇ ਆਖੇ ਜਾਣ ਦੀ ਥਾਂ ਹਮਸਵਰ ਅਤੇ ਸਫਰ ਦੀ ਹਰ ਬਕਾਨ ਦੇ ਭਾਈਵਾਲ ਆਖੇ ਜਾਣਗੇ।