Back ArrowLogo
Info
Profile
ਉਦੋਂ ਮਨੁੱਖ ਨੂੰ ਆਪਣਿਆਂ ਨਾਲ ਗਿਲਿਆਂ ਦੀ ਥਾਂ ਅਨੁਭਵ ਦੀ ਸਾਂਝ ਪਾਉਣ ਵਿੱਚ ਸੁਆਦ ਆਵੇਗਾ।

ਹੁਣ ਤਕ ਹਾਲਤ ਇਹ ਰਹੀ ਹੈ ਕਿ ਸਾਡੇ ਧਰਮ, (ਸਣੇ ਸਮਾਜਵਾਦ ਦੇ) ਪਰਿਵਾਰ ਵਰਗੇ ਉਨ੍ਹਾਂ ਕੁਦਰਤੀ ਰਿਸ਼ਤਿਆਂ ਦੀ, ਜਿਨ੍ਹਾਂ ਉੱਤੇ ਮਨੁੱਖੀ ਸਮਾਜਾਂ ਦੀ ਬਣਤਰ-ਬਨਾਵਟ ਤੇ ਖ਼ੁਸ਼ੀ-ਖ਼ੂਬਸੂਰਤੀ ਨਿਰਭਰ ਕਰਦੀ ਹੈ, ਨਿੰਦਾ ਕਰਦੇ ਆਏ ਹਨ। ਹੋ ਸਕਦਾ ਹੈ ਉਨ੍ਹਾਂ ਦਾ ਮਨੋਰਥ ਮਨੁੱਖੀ ਮਨ ਨੂੰ ਪਰਵਾਰਿਕ ਵਲਗਣ ਵਿੱਚੋਂ ਕੱਢ ਕੇ ਵਿਸ਼ਵ ਦੀ ਵਿਸ਼ਾਲਤਾ ਵਿੱਚ ਲੈ ਜਾਣ ਦਾ ਹੋਵੇ। ਪਰ ਭਰੋਸੇ ਨਾਲ ਇਉ ਨਹੀਂ ਆਖਿਆ ਜਾ ਸਕਦਾ, ਕਿਉਂਚ ਦੁਨੀਆ ਦਾ ਹਰ ਧਰਮ ਆਪਣੀ ਵਲਗਣ ਦੀ ਪਕਿਆਈ ਦੇ ਸਿਰਤੋੜ ਜਤਨ ਕਰਦਾ ਆਇਆ ਹੈ। ਵਲਗਣਾਂ ਦੇ ਸਹਾਰੇ ਜੀਣ ਵਾਲੇ ਵਿਸ਼ਾਲਤਾ ਦੀ ਗੱਲ ਨਹੀਂ ਕਰ ਸਕਦੇ।

ਇਹ ਵੀ ਹੋ ਸਕਦਾ ਹੈ ਕਿ ਮੁਕਤੀ ਜਾਂ ਸਵਰਗ ਦੀ ਪ੍ਰਾਪਤੀ ਇਨ੍ਹਾਂ ਸੰਬੰਧਾਂ ਦੇ ਬੰਧਨਾਂ ਨੂੰ ਤੋੜ ਕੇ ਹੁੰਦੀ ਹੋਵੇ, ਪਰੰਤੂ ਸਾਧਾਰਣ ਜੀਵਨ ਦੀ ਖ਼ੁਸ਼ੀ ਇਨ੍ਹਾਂ ਸੰਬੰਧਾਂ ਦੀ ਸੁੰਦਰਤਾ ਦੀ ਉਪਜ ਹੈ। ਇਨ੍ਹਾਂ ਵਿੱਚ ਪਈ ਹੋਈ ਹਰ ਤ੍ਰੇੜ ਜੀਵਨ ਵਿੱਚ ਕਿਸੇ ਨਾ ਕਿਸੇ ਨਾ-ਖੁਸ਼ੀ ਨੂੰ ਜਨਮ ਦਿੰਦੀ ਹੈ। ਜੀਵਨ ਦੀ ਖ਼ੁਸ਼ੀ ਦੇ ਦ੍ਰਿਸ਼ਟੀਕੋਣ ਤੋਂ ਵੇਖਿਆ ਸੰਸਾਰਕ ਰਿਸ਼ਤਿਆਂ ਨੂੰ ਝੂਠੇ ਕਹਿਣ ਵਿੱਚ ਸਿਆਣਪ ਘੱਟ ਅਤੇ ਹਿਮਾਕਤ ਵੱਧ ਹੈ। ਸੰਬੰਧਾਂ ਦੀ ਟੁੱਟ-ਭੱਜ ਵਿੱਚੋਂ ਪੈਦਾ ਹੋਈ ਪੀੜ ਦੇ ਪ੍ਰਭਾਵ ਹੇਠ ਆਪੇ ਤੋਂ ਬਾਹਰ ਹੋ ਕੇ ਦੁਨਿਆਵੀ ਰਿਸ਼ਤਿਆਂ ਨੂੰ ਕੂੜੇ ਆਖਣਾ ਉਵੇਂ ਹੀ ਹੈ ਜਿਵੇਂ ਕੋਈ ਪਿਤਾ, ਕ੍ਰੋਧ ਵੱਸ, ਆਪਣੇ ਹੀ ਪੁੱਤਰ ਨੂੰ ਨਾ-ਜਾਇਜ਼ ਆਖੇ। ਆਪਣੀ ਜੀਵਨ-ਜਾਚ ਵਿਚਲੀਆਂ ਊਣਾਂ ਅਤੇ ਭੁੱਲਾਂ ਕਾਰਨ ਆਪਣੇ ਸੰਬੰਧਾਂ ਵਿੱਚ ਕੁਰੂਪਤਾ ਪੈਦਾ ਕਰ ਕੇ ਜਦੋਂ ਕੋਈ ਆਦਮੀ ਸੰਸਾਰਕ ਰਿਸ਼ਤਿਆਂ ਨੂੰ ਕੂੜੇ ਆਖਦਾ ਹੈ, ਉਦੋਂ ਉਹ ਆਪਣੀਆਂ ਨਿਜੀ ਕਮਜ਼ੋਰੀਆਂ ਨੂੰ ਸਰਵ-ਵਿਆਪਕ ਸਮਝਣ ਦੀ ਭੁੱਲ ਕਰ ਰਿਹਾ ਹੁੰਦਾ ਹੈ। ਹਰ ਪਰਿਵਾਰ ਵਿੱਚ ਥੋੜਾ ਬਹੁਤਾ ਵਿਚਾਰ ਵਿਰੋਧ ਹੋਣਾ ਕੁਦਰਤੀ ਗੱਲ ਹੈ। ਇਸ ਪ੍ਰਕਾਰ ਦੇ ਵਿਰੋਧ ਨੂੰ ਵਧਾ ਚੜ੍ਹਾ ਕੇ ਵੇਖਦਾ ਹੋਇਆ ਹਰ ਵਿਅਕਤੀ ਆਪਣੀਆਂ ਨਿਜੀ ਕਮਜ਼ੋਰੀਆਂ ਨੂੰ ਸਰਵਜਨਕ ਸਮਝਣ ਅਤੇ ਕਹਿਣ ਵਿੱਚ ਸਚਾਈ ਅਤੇ ਸਿਆਣਪ ਨੂੰ ਆਪਣੇ ਪੱਖ ਵਿੱਚ ਖਲੋਤੀ ਮਹਿਸੂਸ ਕਰਦਾ ਹੈ। ਰੋਗ ਵਧਦਾ ਰਹਿੰਦਾ ਹੈ।

ਰੋਗ ਦਾ ਇਲਾਜ ਆਪਣੇ ਆਪ ਨੂੰ ਅਕੁੱਲ ਸਮਝ ਕੇ ਰਿਸ਼ਤਿਆਂ ਨੂੰ ਕੂੜੇ ਕਹਿਣ ਵਿੱਚ ਨਹੀਂ, ਸਗੋਂ ਆਪਣੀ ਭੁੱਲ ਦੀ ਪਛਾਣ ਕਰ ਕੇ ਸੰਬੰਧਾਂ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨ ਵਿੱਚ ਹੈ। ਦੁਨਿਆਵੀ ਰਿਸ਼ਤਿਆਂ ਨੂੰ ਕੁਝ ਕਹਿੰਦਿਆਂ ਹੋਇਆਂ ਉਨ੍ਹਾਂ ਹੀ ਰਿਸ਼ਤਿਆਂ ਦੇ ਮੋਹ-ਵੱਸ ਵਿਚਰਦਿਆਂ ਹੋਇਆਂ ਆਪਣੇ ਚੌਗਿਰਦੇ ਦੇ ਜੀਵਨ ਨੂੰ ਓਪਰਾ ਬਣਾ ਲੈਣਾ ਚੰਗੀ ਜੀਵਨ ਜਾਚ ਨਹੀਂ।

ਜੁਰਮ ਅਤੇ ਸਜ਼ਾ ਦਾ ਰਿਸ਼ਤਾ ਨਿਆਏਪੂਰਣ ਰਿਸ਼ਤਾ ਹੈ। ਇਸ ਰਿਸ਼ਤੇ ਸੰਬੰਧੀ ਮਨੁੱਖ ਦੇ ਵਿਚਾਰਾਂ ਅਤੇ ਵਿਵਹਾਰਾਂ ਵਿੱਚ ਵਿਕਾਸ ਹੁੰਦਾ ਆਇਆ ਹੈ। ਪਹਿਲਾਂ ਪਹਿਲ ਆਦਮੀ ਨੂੰ ਇਹ ਅਸੂਲ ਬਹੁਤ ਹੀ ਪਵਿੱਤਰ, ਕੁਦਰਤੀ ਅਤੇ ਸੱਚਾ ਲੱਗਦਾ ਸੀ ਕਿ ਅੱਖ ਦੇ ਬਦਲੇ ਵਿੱਚ ਅੱਖ ਕੱਢ ਲਈ ਜਾਵੇ ਅਤੇ ਸਿਰ ਦੇ ਬਦਲੇ ਸਿਰ ਲਾਹ ਲਿਆ ਜਾਵੇ। ਹੌਲੀ ਹੌਲੀ ਆਦਮੀ ਨੂੰ ਇਹ ਪਤਾ ਲੱਗ ਗਿਆ ਕਿ ਅੱਖ ਦੇ ਬਦਲੇ ਅੱਖ ਦਾ ਨੇਮ 'ਨਿਆਂ' ਨਹੀਂ, ਸਗੋਂ 'ਬਦਲਾ' ਹੈ ਜਿਸ ਦੇ ਨਤੀਜੇ ਵਜੋਂ ਸਾਰੀ ਮਨੁੱਖਤਾ ਨੇਤ੍ਰ-ਹੀਣ ਹੋ ਸਕਦੀ ਹੈ। ਕੁਝ ਚਿਰ ਪਿੱਛੋਂ ਨਿਆਂ ਵਿੱਚ ਦਇਆ ਨੂੰ ਮਿਲਾਇਆ ਗਿਆ। ਅਜੋਕਾ ਸਿਆਣਾ ਮਨੁੱਖ ਦੰਡ, ਦਇਆ, ਸਹਾਇਤਾ ਅਤੇ ਸਿਖਲਾਈ ਰਾਹੀਂ ਮਨ ਦੇ ਸੁਧਾਰ ਅਤੇ ਵਿਕਾਸ ਦਾ ਵਿਸ਼ਵਾਸੀ ਬਣਦਾ ਜਾ ਰਿਹਾ ਹੈ।

31 / 174
Previous
Next