ਪਾਪ ਅਤੇ ਦੰਡ ਦੇ ਇਸ ਰੱਬੀ ਵਿਧਾਨ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿਕ ਸਾਰੇ ਦੇ ਸਾਰੇ ਭਾਵ ਦੰਡਯੋਗ ਅਪਰਾਧ ਆਪੇ ਗਏ ਹਨ। ਸੰਸਾਰਕ ਜੀਵਨ ਇਨ੍ਹਾਂ ਬਿਨਾਂ ਸੰਭਵ ਨਹੀਂ, ਇਸ ਲਈ ਸਮੁੱਚਾ ਸੰਸਾਰਕ ਜੀਵਨ ਹੀ ਦੰਡਯੋਗ ਪਾਪ ਗਰਦਾਨਿਆ ਗਿਆ ਹੈ। ਜੀਵਨ ਦਾ ਘੋਲ ਘੁਲਦਾ ਹੋਇਆ ਮਨੁੱਖ ਇਸ ਪਾਸੇ ਸੋਚ ਨਹੀਂ ਸਕਦਾ; ਪਰ ਬੁੱਢਾ ਜਾਂ ਰੀਟਾਇਰ ਹੋ ਕੇ ਜਦੋਂ ਉਸ ਨੂੰ ਕੁਝ ਵਿਹਲ ਮਿਲਦੀ ਹੈ ਤਾਂ ਉਸ ਦਾ ਮਨ ਅਪਰਾਧ- ਭਾਵਨਾ ਦੇ ਭਾਰ ਨਾਲ ਦੱਬਿਆ ਜਾਣ ਲੱਗਦਾ ਹੈ। ਉਹ ਇਹ ਸੋਚਦਾ ਰਹਿੰਦਾ ਹੈ ਕਿ ਪਤਾ ਨਹੀਂ ਅੰਤ ਸਮੇਂ ਮੇਰੇ ਮਨ ਨੇ ਧੀਆਂ-ਪੁੱਤਰ ਇਸਤਰੀ, ਧਨ ਜਾਂ ਘਰ-ਬਾਰ ਵਿੱਚੋਂ ਕਿਸ ਚੀਜ਼ ਦਾ ਚੇਤਾ ਕਰ ਲੈਣਾ ਹੈ ਅਤੇ ਨਤੀਜੇ ਵਜੋਂ ਮੈਨੂੰ ਵੇਸ਼ਿਆ, ਸੱਪ ਜਾਂ ਭੂਤ-ਪ੍ਰੇਤ ਦੀ ਜੂਨੇ ਪਾਇਆ ਜਾਣਾ ਹੈ। ਇਹ ਗ੍ਰਿਹਸਤੀ ਲਈ ਘਰ-ਬਾਰ, ਧੀਆਂ-ਪੁੱਤ੍ਰ ਅਤੇ ਇਸਤ੍ਰੀ ਆਦਿਕ ਦਾ ਖ਼ਿਆਲ ਇੱਕ ਕੁਦਰਤੀ ਜਹੀ ਗੱਲ ਹੈ। ਇਸ ਨਿਰਦੋਸ਼ਤਾ ਦੀ ਏਨੀ ਵੱਡੀ ਸਜ਼ਾ। ਜਦੋਂ ਵੀ ਆਦਮੀ ਦੀ ਦੁਨਿਆਵੀ ਭੱਜ-ਦੌੜ ਜਰਾ ਮੱਠੀ ਪੈਂਦੀ ਹੈ ਤਾਂ ਸਜ਼ਾ ਦਾ ਸਹਿਮ ਸਿਰ ਚੁੱਕ ਲੈਂਦਾ ਹੈ। ਮਨੁੱਖ ਨੂੰ ਨਾ ਤਾਂ ਆਪਣੇ ਅਪਰਾਧ ਬਾਰੇ ਹੀ ਸਾਫ਼ ਸਾਫ਼ ਪਤਾ ਹੁੰਦਾ ਹੈ ਅਤੇ ਨਾ ਹੀ ਉਸ ਦੇ ਦੰਡ ਬਾਰੇ ਨਿਸਚਿਤ ਰੂਪ ਵਿੱਚ ਕੋਈ ਸੋਝੀ ਹੁੰਦੀ ਹੈ। "ਪਤਾ ਨਹੀਂ ਅੱਗੇ ਜਾ ਕੇ ਕੀ ਹੋਣਾ ਹੈ।" ਇੱਕ ਅਣ ਜੁਆਬਿਆ ਸਵਾਲ ਉਸ ਦੇ ਮਨ ਦੇ ਇੱਕ ਕੋਨੇ ਵਿੱਚ ਡੇਰਾ ਲਾ ਲੈਂਦਾ ਹੈ। ਅਪਰਾਧ ਭਾਵਨਾ ਅਤੇ ਅਗਿਆਤ ਦਾ ਡਰ ਮਨੁੱਖੀ ਬੁਢਾਪੇ ਨੂੰ ਸੋਗੀ ਬਣਾਉਣ ਵਿੱਚ ਆਪਣੇ ਵੱਲੋਂ ਕਰਪੂਰ ਹਿੱਸਾ ਪਾਉਂਦੇ ਹਨ।
ਕੀ ਸਜ਼ਾ ਦਾ ਡਰ ਅਪਰਾਧ ਕਰਨ ਤੋਂ ਰੋਕਦਾ ਹੈ ? ਅਪਰਾਧੀਆਂ ਦੇ ਬਾਰੇ ਪੁੱਛਿਆ ਜਾਣ ਉੱਤੇ ਇਸ ਪ੍ਰਸ਼ਨ ਦਾ ਉੱਤਰ ਨਾਂਹ ਵਿੱਚ ਹੋਵੇਗਾ। ਉਹ ਦੰਡ ਦੀ ਪੂਰੀ ਪੂਰੀ ਚੇਤਨਾ ਵਿੱਚ ਹੁੰਦੇ ਹੋਏ ਅਪਰਾਧ ਕਰਦੇ ਹਨ। ਉਹ ਡਰਦੇ ਹੋਏ ਅਪਰਾਧ ਨਹੀਂ ਕਰਦੇ, ਸਗੋਂ ਗਿਣਿਆ- ਮਿਥਿਆ ਖ਼ਤਰਾ ਸਹੇੜਦੇ ਹਨ। ਕੈਲਕੂਲੇਟਿਡ ਰਿਸਕ (Calculated Risk) ਨੂੰ ਡਰ ਨਹੀਂ ਆਖਿਆ ਜਾ ਸਕਦਾ। ਇਹ ਵਪਾਰਕ ਜਾਂ ਕਾਰੋਬਾਰੀ ਤਕਨੀਕ ਹੈ।
ਸਾਧਾਰਣ ਆਦਮੀ ਕੋਲੋਂ ਕਿਸੇ ਮਜਬੂਰੀ, ਕਿਸੇ ਭੁਲੇਖੋ ਜਾਂ ਕਿਸੇ ਪਾਗਲਪਨ ਅਧੀਨ ਅਪਰਾਧ ਹੋ ਜਾਂਦਾ ਹੈ। ਦੁਨਿਆਵੀ ਅਦਾਲਤਾਂ ਇਸ ਗੱਲ ਵੱਲ ਉਚੇਚਾ ਧਿਆਨ ਦਿੰਦੀਆਂ ਹਨ। ਮਜਬੂਰੀ, ਭੁਲੇਖੇ ਅਤੇ ਪਾਗਲਪਨ, ਕਿਸੇ ਵੀ ਹਾਲਤ ਵਿੱਚ ਸਜ਼ਾ ਦਾ ਡਰ ਅਪਰਾਧ ਦੀ ਰਾਹ ਨਹੀਂ ਰੋਕਦਾ। ਇਹ ਸੰਭਵ ਹੈ ਕਿ ਮਜਬੂਰੀ ਅਧੀਨ ਅਪਰਾਧ ਕਰਨ ਵਾਲਾ ਵਿਅਕਤੀ ਲੰਮੇ ਅਭਿਆਸ ਨਾਲ ਅਪਰਾਧੀ ਬਣ ਜਾਵੇ ਅਤੇ ਗਿਣਿਆ-ਮਿਥਿਆ ਖ਼ਤਰਾ ਮੁੱਲ ਲੈਣ ਲੱਗ ਪਵੇ।
ਸਾਡੀਆਂ ਸਮਾਜਕ ਮਾਨਤਾਵਾਂ ਅਤੇ ਸਾਡੇ ਵਿਧਾਨ ਸਜ਼ਾ ਦੇ ਡਰ ਕਾਰਨ ਕਾਇਮ ਨਹੀਂ ਹਨ; ਸਾਡੀਆਂ ਸਮਾਜਕ ਲੋੜਾਂ ਅਤੇ ਮਨੁੱਖਾਂ ਵਿਚਲੀ ਸਦ-ਭਾਵਨਾ ਇਨ੍ਹਾਂ ਦਾ ਆਧਾਰ ਹਨ।
ਨਰਕ ਜਾਂ ਆਵਾਗੌਣ ਦੇ ਡਰ ਨੇ ਕਦੇ ਕਿਸੇ ਨੂੰ ਪਾਪ ਕਰਨ ਤੋਂ ਨਹੀਂ ਰੋਕਿਆ।