ਨਰਕਾਂ ਦਾ ਡਰ ਬੁਰਾਈ ਵਿੱਚ ਘਾਟਾ ਨਹੀਂ ਕਰਦਾ, ਪਰ ਜੀਵਨ ਦੀ ਉਦਾਸੀ ਵਿੱਚ ਵਾਧਾ ਜ਼ਰੂਰ ਕਰਦਾ ਹੈ। ਮਨੁੱਖੀ ਖ਼ੁਸ਼ੀ ਦੇ ਵਾਧੇ ਲਈ ਇਸ ਦਾ ਸਮੂਲ ਨਾਸ ਕੀਤਾ ਜਾਣਾ ਜ਼ਰੂਰੀ ਹੈ। ਹੈ ਤਾਂ ਇਹ ਗੱਲ ਕੁਝ ਅਨੋਖੀ ਅਤੇ ਨਵੀਂ, ਹੋ ਸਕਦਾ ਹੈ ਕਈਆਂ ਨੂੰ ਓਪਰੀ ਵੀ ਲੱਗੇ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਇਹ ਖ਼ਿਆਲ ਕਿ "ਪਰਮਾਤਮਾ ਨੂੰ ਆਪਣੇ ਅੰਦਰੇ ਲੱਭਣਾ ਚਾਹੀਦਾ ਹੈ" ਵੀ ਕਿਸੇ ਹੱਦ ਤਕ ਪ੍ਰਸੰਨਤਾ ਦੀਆਂ ਸੰਭਾਵਨਾਵਾਂ ਨੂੰ ਸੱਟ ਮਾਰਦਾ ਹੈ। ਇਹ ਮਨੁੱਖ ਨੂੰ ਅੰਤਰਮੁਖੀ (Introvert) ਹੋਣ ਲਈ ਪ੍ਰੇਰਦਾ ਹੈ। ਇਹ ਖ਼ਿਆਲ ਯੋਗ ਅਭਿਆਸ ਅਤੇ ਸਮਾਧੀ ਦਾ ਪ੍ਰੇਰਕ ਹੈ। ਇਨ੍ਹਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਆਦਮੀ ਨੂੰ ਆਪਣੇ ਸੰਸਾਰਕ ਸੰਬੰਧ ਸੰਕੋਚਣੇ ਪੈਂਦੇ ਹਨ। ਸਾਧਾਰਣ ਜੀਵਨ ਦੀ ਸਾਧਾਰਣ ਖ਼ੁਸ਼ੀ ਸੰਬੰਧਾਂ ਨੂੰ ਸੰਕੋਚਣ ਵਿੱਚ ਨਹੀਂ, ਸਗੋਂ ਸੰਬੰਧਾਂ ਨੂੰ ਸੁੰਦਰ ਬਣਾਉਣ ਵਿੱਚ ਹੈ। ਭਗਤੀ ਮਾਰਗ ਸੰਬੰਧਾਂ ਦੀ ਸੁੰਦਰਤਾ ਦਾ ਮਾਰਗ ਹੈ। ਇਸ ਵਿੱਚ ਯੋਗ ਦੇ ਅਭਿਆਸਾਂ ਅਤੇ ਧਿਆਨ- ਧਾਰਣਾ-ਸਮਾਧੀ ਆਦਿਕ ਨੂੰ ਪ੍ਰਮੁੱਖ ਥਾਂ ਪ੍ਰਾਪਤ ਨਹੀਂ। ਰੱਬ ਨੂੰ ਆਪਣੇ ਅੰਦਰੋਂ ਲੱਭਣ ਦੀ ਸਿਖਿਆ ਦੇਣ ਵਾਲੇ ਲੋਕ ਪ੍ਰਸੰਨ-ਚਿਤ ਭਗਤ ਘੱਟ ਅਤੇ ਨਿਰਾਸ਼ਾਵਾਦੀ, ਉਦਾਸ, ਵਿਰਕਤ ਵੱਧ ਹੁੰਦੇ ਹਨ। ਤਾਰੀਮ ਇਸ ਤਰਕ ਦੀ ਤਾਈਦ ਕਰਦੀ ਹੈ ਕਿ ਜੀਵਨ ਦੀ ਖ਼ੁਸ਼ੀ, ਖ਼ੁਸ਼ਹਾਲੀ ਅਤੇ ਖੂਬਸੂਰਤੀ ਵਿੱਚ ਬਹੁਤਾ ਵਾਧਾ ਉਨ੍ਹਾਂ ਨੇ ਕੀਤਾ ਹੈ ਜਿਨ੍ਹਾਂ ਨੇ ਆਪਣੇ ਆਪ੍ਰੇ ਵਿੱਚ ਗੁਆਚਣ ਦੀ ਥਾਂ ਆਪਣੇ ਤੋਂ ਬਾਹਰਲੀ ਦੁਨੀਆ ਵਿੱਚ ਆਪਣੇ ਆਪੇ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ।
ਸੱਭਿਅ ਮਨੁੱਖ ਨੇ ਰੱਬ ਦੀ ਕਲਪਨਾ ਤਿੰਨ ਰੂਪਾਂ ਵਿੱਚ ਕੀਤੀ ਹੈ। ਪਹਿਲੀ ਕਲਪਨਾ ਅਨੁਸਾਰ ਰੱਬ ਇਸ ਕਾਇਨਾਤ ਤੋਂ ਪਰੇ ਕਿਸੇ ਪਰਬਤ, ਸਮੁੰਦਰ ਜਾਂ ਜੰਨਤ ਵਿੱਚ ਬੈਠ ਕੇ ਇਸ ਦੁਨੀਆ ਦਾ ਪ੍ਰਬੰਧ ਚਲਾ ਰਿਹਾ ਹੈ। ਇਸ ਕਲਪਨਾ ਨਾਲ ਰੂਹਾਨੀਅਤ ਜਾਂ ਮਨੋਵਿਕਾਸ ਦਾ ਓਨਾ ਸੰਬੰਧ ਨਹੀਂ ਜਿੰਨਾ ਸੰਸਾਰ ਦੇ ਸਿਆਸੀ ਪ੍ਰਬੰਧ ਦਾ ਹੈ। ਇਹ ਕਲਪਨਾ ਸ਼ਾਹਾਂ- ਸ਼ਹਿਨਸ਼ਾਹਾਂ ਅਤੇ ਸਮਰਾਟਾਂ ਦੇ ਯੁਗ ਦੀ ਕਲਪਨਾ ਹੈ। ਲੋਕਤੰਤ੍ਰ ਨਾਲ ਇਹ ਮੇਲ ਨਹੀਂ ਖਾਂਦੀ। ਇਸ ਲਈ ਵਿਕਸਿਤ ਮਨੁੱਖੀ ਮਨ ਇਸ ਦਾ ਤਿਆਗ ਕਰ ਰਿਹਾ ਹੈ; ਪੱਛੜੇ ਹੋਏ ਲੋਕ ਅਜੇ ਵੀ ਇਸ ਨਾਲ ਜੁੜੇ ਹੋਏ ਹਨ।
ਦੂਜੀ ਕਲਪਨਾ ਅਨੁਸਾਰ ਕਾਇਨਾਤ ਤੋਂ ਬਾਹਰ ਵੱਸਦੇ ਰੱਬ ਨੂੰ ਆਪਣੇ ਅੰਦਰ ਵਸਾਇਆ ਜਾ ਸਕਦਾ ਹੈ। ਜਦੋਂ ਜਪ, ਤਪ, ਸੰਜਮ, ਜੁਹਦ, ਇਬਾਦਤ ਨਾਲ ਰੱਬ ਦਾ ਕਿਸੇ ਦੇ ਅੰਦਰ ਸਾਖਿਆਤਕਾਰ ਹੋ ਜਾਂਦਾ ਹੈ, ਉਦੋਂ ਉਹ ਤਪੱਸਵੀ ਜਾਂ ਜ਼ਾਹਦ ਆਪ ਵੀ ਰੱਬ ਰੂਪ ਹੋ ਜਾਂਦਾ ਹੈ। ਇਸ ਵਿਸ਼ਵਾਸ ਜਾਂ ਖਿਆਲ ਦੇ ਧਾਰਨੀ ਲੋਕ ਪਹਿਲੀ ਕਲਪਨਾ ਵਾਲੇ ਲੋਕਾਂ ਦੇ ਵਿਰੋਧ ਕਾਰਨ ਦੁਖ ਪਾਉਂਦੇ ਅਤੇ ਸੂਲੀ ਚੜ੍ਹਦੇ ਆਏ ਹਨ। ਨਾ ਆਪ ਹੀ ਬਹੁਤੇ