ਤੀਜੀ ਕਲਪਨਾ ਅਨੁਸਾਰ ਰੱਬ ਆਪਣੀ ਸ੍ਰਿਸ਼ਟੀ ਜਾਂ ਕਾਇਨਾਤ ਵਿੱਚ ਨਿਰੰਤਰ ਸਮਾਇਆ ਹੋਇਆ ਹੈ। ਹਰ ਆਦਮੀ ਨੇ ਹਰ ਦੂਜੇ ਆਦਮੀ ਵਿੱਚ ਉਸ ਨੂੰ ਵੇਖਣਾ ਹੈ। ਇਸ ਦਾ ਤਰੀਕਾ ਹੈ ਹਰ ਆਦਮੀ ਨੂੰ ਆਪਣੇ ਵਰਗਾ ਸਮਝ ਕੇ ਉਸ ਨਾਲ ਵਰਤਣਾ। ਇਹ ਅਜੋਕੇ ਜਮਹੂਰੀ ਸਮਾਜ ਨਾਲ ਮੇਲ ਖਾਂਦੀ ਕਲਪਨਾ ਹੈ ਅਤੇ ਜੀਵਨ ਦੀ ਖੁਸ਼ੀ ਅਤੇ ਖੂਬਸੂਰਤੀ ਵਿੱਚ ਵਾਧਾ ਇਸ ਕਲਪਨਾ ਦਾ ਕੁਦਰਤੀ ਨਤੀਜਾ ਹੈ।
ਮੁਕਤੀ, ਸਮਾਧੀ, ਪਰਮ ਆਨੰਦ ਅਤੇ ਅੰਤਰ-ਆਤਮੇ ਪਰਮਾਤਮਾ ਦਾ ਸਾਖਿਆਤਕਾਰ ਆਦਿਕ ਸਾਰੇ ਆਦਰਸ਼ ਹਰ ਆਦਮੀ ਦੇ ਆਪੋ ਆਪਣੇ ਜਾਂ ਵਿਅਕਤੀਗਤ ਆਦਰਸ਼ ਹਨ; ਇਹ ਸਾਰਿਆਂ ਦੇ ਸਾਂਝੇ ਜਾਂ ਸਮਾਜਕ ਆਦਰਸ਼ ਨਹੀਂ ਹਨ। ਇਨ੍ਹਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਕਿਸੇ ਸੰਸਾਰਕ ਸਾਧਨ ਜਾਂ ਮਨੁੱਖੀ ਮਦਦ ਦੀ ਲੋੜ ਨਹੀਂ ਹੁੰਦੀ। ਗੁਰੂ, ਸਤਿਗੁਰੂ ਜਾ ਪਰਮਾਤਮਾ ਵੱਲੋਂ ਕੀਤੀ ਗਈ ਸਹਾਇਤਾ ਅਤੇ ਅਗਵਾਈ ਨੂੰ ਦੁਨਿਆਵੀ ਜਾਂ ਮਨੁੱਖੀ ਸਹਾਇਤਾ ਨਹੀਂ ਮੰਨਿਆ ਜਾਂਦਾ। ਇਸ ਲਈ ਇਨ੍ਹਾਂ ਆਦਰਸ਼ਾਂ ਦੀ ਲਗਨ ਮਨੁੱਖੀ ਮਨ ਵਿੱਚ ਆਤਮ ਨਿਰਭਰਤਾ ਅਤੇ ਆਤਮ ਨਿਬਠਾ ਦੇ ਰਜੋਗੁਣੀ ਭਾਵ ਜਗਾਉਂਦੀ ਹੈ।
ਮਨੁੱਖ ਪਰੀਪੂਰਣ ਜਾਂ ਆਤਮ ਨਿਰਭਰ ਨਹੀਂ ਹੈ। ਉਹ ਅਧੂਰਾ ਹੈ; ਉਸ ਨੂੰ ਸਹਿਯੋਗ ਦੀ ਲੋੜ ਹੈ। ਮਨੁੱਖ ਦਾ ਅਧੂਰਾਪਨ, ਉਸ ਦੇ ਘਾਟੇ, ਉਸ ਵਿੱਚ ਉਹ ਮਿੱਤ-ਭਾਵਨਾ ਪੈਦਾ ਕਰਦੇ ਹਨ ਜਿਨ੍ਹਾਂ ਬਿਨਾਂ ਸਹਿਯੋਗ ਸੰਭਵ ਨਹੀਂ। ਨਾ ਹੀ ਸਹਿਯੋਗ ਬਿਨਾਂ ਖੁਸ਼ੀ ਸੰਭਵ ਹੈ। ਆਪਣੇ ਤੋਂ ਬਾਹਰਲੇ ਜਗਤ ਵਿੱਚ ਰੱਬ ਲੱਭਣ ਦਾ ਜਤਨ ਸਹਿਯੋਗ ਅਤੇ ਮਿੱਤ੍ਰ-ਭਾਵਨਾ ਦੀ ਸਿਖਰ ਦਾ ਲਖਾਇਕ ਹੈ: ਇਹ ਖ਼ੁਸ਼ੀ ਦਾ ਸਰਵ ਸ੍ਰੇਸ਼ਟ ਯਤਨ ਹੈ।