ਯੋਗਾਭਿਆਸ ਅਤੇ ਪ੍ਰਸੰਨਤਾ
ਮੇਰਾ ਖ਼ਿਆਲ ਹੈ ਕਿ ਰਿਸ਼ੀ ਪਾਤੰਜਲੀ ਜੀ ਨੇ ਯੋਗ ਸ਼ਾਸਤ ਦੀ ਰਚਨਾ, ਸਾਧਾਰਣ ਮਨੁੱਖੀ ਜੀਵਨ ਦੀ ਪ੍ਰਸੰਨਤਾ ਨੂੰ ਮਨੋਰਥ ਮੰਨ ਕੇ ਨਹੀਂ ਸੀ ਕੀਤੀ। ਇਕੱਲੇ ਪਾਤੰਜਲੀ ਜੀ ਹੀ ਨਹੀਂ ਸਗੋਂ ਸਾਰੇ ਦੇ ਸਾਰੇ ਭਾਰਤੀ ਤੱਤ-ਵੇਤਾ ਸਾਧਾਰਣ ਸੰਸਾਰਕ ਜੀਵਨ ਦੀ ਸੁੰਦਰਤਾ ਅਤੇ ਪ੍ਰਸੰਨਤਾ ਨੂੰ ਆਪਣੀ ਵਿਚਾਰ ਦਾ ਕੇਂਦਰੀ ਵਿਸ਼ਾ ਮੰਨਣ ਵਿੱਚ ਹੇਠੀ ਮਹਿਸੂਸ ਕਰਦੇ ਆਏ ਹਨ। ਉਨ੍ਹਾਂ ਅਨੁਸਾਰ ਸੰਸਾਰ ਦਾ ਅਰਥ ਹੈ ਜੰਮਣ, ਮਰਨ ਅਤੇ ਮੁੜ ਜੰਮਣ ਦੀ ਅਮੁੱਕ ਅਤੇ ਦੁਖਦਾਇਕ ਖੇਡ। ਇਸ ਖੇਡ ਵਿੱਚ ਕਿਸੇ ਸੁਖ ਦੀ ਪ੍ਰਤੀਤੀ ਅਗਿਆਨ ਹੈ, ਭੁਲੇਖਾ ਹੈ, ਹਉਮੈ ਹੈ, ਸੁਪਨਾ ਹੈ, ਸੰਮੋਹਨ ਹੈ। ਇਸ ਖੇਡ ਵਿੱਚੋਂ ਖ਼ਾਰਜ ਹੋਣ ਦਾ ਇੱਛਾ ਸ੍ਰੇਸ਼ਟ ਹੈ, ਰੂਹਾਨੀ ਹੈ, ਅਨਾਦੀ ਹੈ, ਗਿਆਨ-ਰੂਪ ਹੈ, ਗੌਰਵਮਈ ਹੈ।
ਇਸ ਭਾਰਤੀ ਵਿਚਾਰ ਨੂੰ, ਪਿਛਲੇ ਢਾਈ ਹਜ਼ਾਰ ਸਾਲਾਂ ਵਿੱਚ ਤਿੰਨ ਵੇਰ ਆਪਣੇ ਤੋਂ ਵੱਖਰੇ ਵਿਚਾਰਾਂ ਦੇ ਸਨਮੁਖ ਹੋਣਾ ਪਿਆ ਹੈ। ਪਹਿਲੀ ਵੇਰ ਇਸ ਦੀ ਸਾਂਝ, ਵਾਪਾਰ ਰਾਹੀਂ, ਯੂਨਾਨੀ ਸੋਚ ਨਾਲ ਹੋਈ ਸੀ। ਇਸ ਸਾਂਝ ਨੇ ਭਾਰਤੀ ਸੋਚ ਸਾਗਰ ਵਿੱਚ ਤਕੜੀ ਉੱਥਲ- ਪੁੱਥਲ ਪੈਦਾ ਕੀਤੀ ਸੀ; ਨਤੀਜਾ ਸੀ ਬੁੱਧ ਮੱਤ। ਪਦਾਰਥਵਾਦੀ, ਨਿਰੀਬਰਵਾਦੀ ਅਤੇ ਮਨੋਵਿਗਿਆਨਕ ਹੋਣ ਦੇ ਬਾਵਜੂਦ ਬੁੱਧ ਮੱਤ, ਪੁਰਾਤਨ ਭਾਰਤੀ ਸੋਚ ਅਨੁਸਾਰ, ਇਸ ਦੁਨੀਆ ਨੂੰ ਦੁੱਖਾਂ ਦਾ ਘਰ ਅਤੇ ਨਿਰਵਾਣ ਨੂੰ ਜੀਵਨ ਦਾ ਮਨੋਰਥ ਦੱਸਦਾ ਰਿਹਾ। ਦੂਜੀ ਵੇਰ ਭਾਰਤੀ ਸੋਚ ਦਾ ਵਾਹ, ਇਸਲਾਮ ਰਾਹੀਂ, ਯਹੂਦੀ ਸੋਚ ਨਾਲ ਪਿਆ। ਇਹ ਜਰਵਾਣੇ ਜੰਗਲੀ ਅਤੇ ਸੱਭਿਅ ਸਾਊ ਦਾ ਨਰੜ ਸੀ। ਨਤੀਜਾ ਸੀ ਭਗਤੀ ਲਹਿਰ, ਜਿਸ ਦੇ ਦਾਸ- ਭਾਵ ਦ੍ਰਿੜ ਕਰਵਾ ਕੇ ਦੁਨੀਆ ਨੂੰ ਹੋਰ ਵੀ ਛੇਤੀ ਤਿਆਗਣਯੋਗ ਥਾਂ ਦੱਸਿਆ।
ਤੀਜੀ ਵੇਰ, ਅੰਗਰੇਜ਼ੀ ਰਾਜ ਰਾਹੀਂ, ਭਾਰਤੀ ਸੋਚ ਦਾ ਵਾਹ ਪੱਛਮੀ ਵਿੱਦਿਆ, ਸਾਇੰਸ ਅਤੇ ਸਨਅਤ ਨਾਲ ਪਿਆ। ਇਹ 'ਸਮਰਥ ਸੁਆਮੀ' ਅਤੇ 'ਸੂਝਵਾਨ ਸੇਵਕ' ਦਾ ਸੰਬੰਧ ਸੀ ਜੋ ਹੁਣ ਨਵਾਂ ਰੂਪ ਧਾਰਣ ਕਰ ਗਿਆ ਹੈ। ਇਸ ਸੰਬੰਧ ਵਿੱਚ ਜੀਵਨ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਲਈ ਉਮੀਦ ਹੈ ਕਿ ਭਵਿੱਖ ਵਿੱਚ ਅਸੀਂ ਸੰਸਾਰਕ ਜੀਵਨ ਦੀ ਖ਼ੁਸ਼ੀ ਨੂੰ ਆਪਣੀ ਵਿਚਾਰ ਦਾ ਵਿਸ਼ਾ ਬਣਾਉਣ ਵਿੱਚ ਕਿਸੇ ਪ੍ਰਕਾਰ ਦੀ ਸ਼ਰਮ ਮਹਿਸੂਸ ਕਰਨ ਹਟਦੇ ਜਾਵਾਂਗੇ। ਹੋ ਸਕਦਾ ਹੈ ਹੌਲੀ ਹੌਲੀ ਇਹ ਸੋਚ ਸਾਨੂੰ ਮੁਕਤੀ ਅਤੇ ਬ੍ਰਹਮ ਗਿਆਨ ਜਿੰਨੀ ਮਹੱਤਵਪੂਰਨ ਹੀ ਲੱਗਣ ਲੱਗ ਪਵੇ।
ਯੋਗ, ਸਿਮਰਨ, ਸਮਾਧੀ, ਲਿਵ, ਸੁਰਤ, ਇਕਾਗਰਤਾ ਆਦਿਕ ਸਾਰੇ ਸਾਧਨ ਸਾਧਾਰਣ ਖ਼ੁਸ਼ੀ ਨਾਲੋਂ ਵੱਖਰੀ, ਵਚਿੱਤਰ ਅਤੇ ਉਚੇਰੀ ਮਨੋਅਵਸਥਾ ਦੀ ਪ੍ਰਾਪਤੀ ਲਈ ਸੋਚੇ ਅਤੇ ਸਮਝਾਏ ਗਏ ਹਨ। ਉਹ ਉਚੇਰੀ ਮਨੋਅਵਸਥਾ ਹੋਰ ਜੋ ਵੀ ਹੋਵੇ, ਪਦਾਰਥਕ ਪ੍ਰਾਪਤੀਆਂ ਦੇ ਉੱਦਮ ਉਪਰਾਲੇ ਵਿੱਚ ਰੁੱਝੇ ਹੋਏ ਸਾਧਾਰਣ ਮਨੁੱਖ ਦੇ ਮਨ ਦੀ ਸਾਧਾਰਣ ਅਵਸਥਾ ਨਹੀਂ ਸਗੋਂ ਵਿਸ਼ੇਸ਼ ਵਿਅਕਤੀਆਂ ਦੁਆਰਾ ਵਿਸ਼ੇਸ਼ ਸਾਧਨਾਂ ਰਾਹੀਂ ਪ੍ਰਾਪਤੀ ਕੀਤੀ ਹੋਈ ਵਿਸ਼ੇਸ਼