ਹਾਲਾਤ ਦੇ ਬਦਲਣ ਨਾਲ ਭਟਕਣ ਦਾ ਰੂਪ-ਸਰੂਪ ਵੀ ਬਦਲ ਗਿਆ ਹੈ ਅਤੇ ਪਰੀਭਾਸ਼ਾ ਵੀ ਬਦਲ ਗਈ ਹੈ। ਆਪਣੇ ਲਾਗੇ ਵੱਸਦੇ ਦੂਜੇ ਲੋਕਾਂ ਜਿੰਨੀ ਸੁਖ-ਸਮੱਗਰੀ ਦੀ ਇੱਛਾ ਭਟਕਣ ਨਹੀਂ; ਨਾ ਹੀ ਆਪਣੀ ਸਮਰਥਾ ਅਨੁਸਾਰ ਦੂਜਿਆਂ ਨਾਲੋਂ ਬਹੁਤਾ ਪ੍ਰਾਪਤ ਕਰਨ ਦੇ ਨਿਆਏਪੂਰਣ ਜਤਨ ਨੂੰ ਭਟਕਣ ਆਖਿਆ ਜਾਵੇਗਾ। ਭਟਕਣ ਹੈ ਆਪਣੀ ਸਮਰਥਾ ਦੀ ਸੀਮਾ ਦਾ ਸਤਿਕਾਰ ਨਾ ਕਰਦਿਆਂ ਹੋਇਆਂ ਆਪਣੇ ਆਪ ਨਾਲ ਅਨਿਆਂ ਕਰ ਕੇ ਦੂਜਿਆਂ ਨਾਲੋਂ ਅਗੇਰੇ ਹੋਣ ਦੀ ਹੈਂਕੜ ਵਿੱਚੋਂ ਤਸੱਲੀ ਅਤੇ ਸੁਰੱਖਿਆ ਲੱਭਣੀ।
ਲੋਭ, ਸੁਰੱਖਿਆ ਦੀ ਘਾਟ ਅਤੇ ਅਨਿਸਚਿਤਤਾ ਜਾਂ ਬਖਲਾ ਭਟਕਣ ਨੂੰ ਜਨਮ ਦਿੰਦੇ ਹਨ। ਭਟਕਣ ਦਾ ਰੋਗੀ ਆਪਣੇ ਰੋਗ ਦੀ ਵਕਾਲਤ ਵਿੱਚ ਇਹ ਦਲੀਲਾਂ ਦਿੰਦਾ ਹੈ ਕਿ ਬੱਚਿਆਂ ਲਈ ਸਭ ਕੁਝ ਕਰਨਾ ਪੈ ਰਿਹਾ ਹੈ; ਕਿ ਖ਼ਰਚੇ ਏਨੇ ਵਧ ਗਏ ਹਨ ਕਿ ਗੁਜ਼ਾਰਾ ਔਖਾ ਹੋ ਗਿਆ ਹੈ; ਕਿ ਜੀਵਨ ਬਹੁਤ ਤੇਜ਼ ਹੋ ਗਿਆ ਹੈ, ਜੇ ਤੁਸੀਂ ਸਮੇਂ ਦੇ ਨਾਲ ਨਹੀਂ ਤੁਰਦੇ ਤਾਂ ਜੀਵਨ ਦੀ ਦੌੜ ਵਿੱਚੋਂ ਖਾਰਜ ਕਰ ਦਿੱਤੇ ਜਾਂਦੇ ਹੈ; ਕਿ ਏਹੋ ਚਾਰ ਦਿਨ ਕਮਾਈ ਦੇ ਹਨ, ਪਤਾ ਨਹੀਂ ਕਿਸ ਪਲ ਕੀ ਹੋ ਜਾਵੇ: ਕਿ ਚਾਰ ਪੈਸੇ ਕੋਲ ਹੋਣਗੇ ਤਾਂ ਤੁਹਾਡੀ ਪੁੱਛ ਹੋਵੇਗੀ, ਵਰਨਾ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ-ਇਤਿਆਦਿਕ।
ਭਟਕਣ ਨਾਲ ਚਿੰਤਾ, ਦਿਮਾਗੀ ਥਕਾਵਟ, ਉਨੀਂਦਰਾ ਅਤੇ ਡਿਪ੍ਰੇਸ਼ਨ ਵਰਗੇ ਰੋਗ ਉਤਪੰਨ ਹੋ ਜਾਂਦੇ ਹਨ। ਅਜੋਕੀ ਉੱਨਤ ਮਨੁੱਖੜਾ ਦਾ ਕੁਝ ਹਿੱਸਾ ਇਨ੍ਹਾਂ ਰੋਗਾਂ ਦਾ ਰੋਗੀ ਹੈ। ਯੋਗ, ਧਿਆਨ ਅਤੇ ਸੁਰਤ ਦੇ ਸਾਧਨਾਂ ਨਾਲ ਇਨ੍ਹਾਂ ਰੋਗਾਂ ਦੇ ਇਲਾਜ ਦਾ ਰਿਵਾਜ ਆਮ ਹੋ ਗਿਆ ਹੈ। ਮਹਾਂ ਆਨੰਦ ਦੀ ਪ੍ਰਾਪਤੀ ਦੇ ਸਾਧਨਾਂ ਨੂੰ ਰੋਗਾਂ ਦੇ ਇਲਾਜ ਲਈ ਵਰਤਣ ਨਾਲ ਇਨ੍ਹਾਂ ਦਾ ਰੁਤਬਾ ਬੇਸ਼ੱਕ ਨੀਵਾਂ ਹੋਇਆ ਹੈ ਤਾਂ ਵੀ ਅਕਾਸ਼ਾਂ ਤੋਂ ਉਤਰ ਕੇ ਧਰਤੀ ਉੱਤੇ ਆ ਜਾਣ ਕਰਕੇ ਜੀਵਨ ਨਾਲ (ਜਨ-ਸਾਧਾਰਣ ਨਾਲ) ਇਨ੍ਹਾਂ ਦਾ ਮੱਧ-ਕਾਲੀਨ, ਰਹੱਸਵਾਦੀ ਰਿਸ਼ਤਾ ਹੁਣ ਆਧੁਨਿਕ ਦੁਨਿਆਵੀ ਦੋਸਤੀ ਬਣ ਗਿਆ ਹੈ। ਕੀ ਜਾਣੀਏ ਉਹ ਦਿਨ ਵੀ ਆ ਜਾਵੇ, ਜਿਸ ਦਿਨ ਆਪਣੇ ਹਿੱਸੇ ਆਉਂਦੀ ਸਾਧਾਰਣ ਸੰਸਾਰਕ ਪ੍ਰਸੰਨਤਾ ਦੀ ਪ੍ਰਾਪਤੀ ਹੋ ਜਾਣ ਪਿੱਛੋਂ ਮਹਾਂ ਆਨੰਦ ਦੀ ਪ੍ਰਾਪਤੀ ਲਈ ਸ਼ਬਦ ਸੁਰਤ ਦੇ ਅਸਾਧਾਰਣ ਯਤਨਾਂ ਨੂੰ 'ਭਟਕਣ' ਆਖਿਆ ਜਾਣ ਲੱਗ ਪਵੇ। ਵਿਕੋਲਿਤਰੇ ਨੂੰ ਆਮ ਲੋਕਾਂ ਨਾਲੋਂ ਵੱਖਰਾ ਨਾਂ ਦੇਣਾ ਹੀ ਪਵੇਗਾ, ਜਦੋਂ ਉਹ ਉੱਤਮ ਨਹੀਂ ਰਹੇਗਾ, ਉਦੋਂ ਅੱਧਮ ਅਖਵਾਏਗਾ। ਆਪੋ ਆਪਣੀ ਵਾਰੀ ਸਿਰ ਬ੍ਰਾਹਮਣ, ਰਿਸ਼ੀ, ਮੁਨੀ, ਤਪੱਸਵੀ, ਜੋਗੀ, ਨਾਥ ਅਤੇ ਸਿਧ ਆਦਿਕ ਉੱਤਮ ਤੋਂ ਅੱਧਮ ਬਣਦੇ ਹੀ ਆਏ ਹਨ।
"ਅਜਿਹਾ ਕਦੇ ਨਹੀਂ ਹੋਵੇਗਾ ਕਿਉਂਕਿ ਦੁਨਿਆਵੀ ਜੀਵਨ ਪ੍ਰਸੰਨਤਾ ਭਰਪੂਰ ਹੋ ਹੀ ਨਹੀਂ ਸਕਦਾ।"
ਇਉਂ ਕਹਿਣ ਵਾਲੇ ਦੀ ਇੱਛਾ ਇਹ ਹੈ ਕਿ ਦੁਨਿਆਵੀ ਜੀਵਨ ਪ੍ਰਸੰਨਤਾ ਭਰਪੂਰ