ਇਹ ਗੱਲ ਦਲੀਲ ਦੇ ਤੌਰ ਉੱਤੇ ਆਖੀ ਜਾ ਸਕਦੀ ਹੈ ਕਿ ਇਸ ਸਿਧਾਂਤ ਦਾ ਗਿਆਨ ਅਤੇ ਵਿਸ਼ਵਾਸ ਸਾਨੂੰ ਭਵਿੱਖ ਵਿੱਚ ਚੰਗੇਰੇ ਜਨਮ ਲਈ ਵਰਤਮਾਨ ਵਿੱਚ ਚੰਗੇਰਾ ਜੀਵਨ ਜੀਣ ਲਈ ਪ੍ਰੇਰਣਾ ਦਿੰਦਾ ਹੈ, ਕਿਉਂਜੁ ਇਸ ਜਨਮ ਵਿੱਚ ਕੀਤੇ ਕੰਮਾਂ ਨੇ ਸਾਡੇ ਅਗਲੇ ਜਨਮ ਦੀ ਰੂਪ-ਰੇਖਾ ਨੀਅਤ ਕਰਨੀ ਹੁੰਦੀ ਹੈ। ਭਾਰਤ ਵਿੱਚ ਇਸ ਸਿਧਾਂਤ ਦਾ ਬਹੁਤ ਪ੍ਰਚਾਰ ਹੈ। ਮੈਂ ਚਾਲੀ ਕੁ ਸਾਲ ਭਾਰਤ ਵਿੱਚ ਰਿਹਾ ਹਾਂ। ਇਸ ਲੰਮੇ ਸਮੇਂ ਵਿੱਚ ਮੈਨੂੰ ਇੱਕ ਵੀ ਅਜਿਹਾ ਆਦਮੀ ਨਹੀਂ ਮਿਲਿਆ, ਜਿਹੜਾ ਅਗਲੇ ਜਨਮ ਨੂੰ ਧਿਆਨ ਵਿੱਚ ਰੱਖ ਕੇ ਜੀਅ ਰਿਹਾ ਹੋਵੇ । ਹਰ ਕੋਈ ਆਪਣੀ ਪਰਵਿਰਤੀ ਅਤੇ ਜੀਵਨ ਦੀਆਂ ਲੋੜਾਂ ਦੀ ਅਧੀਨਤਾ ਲਈ ਮਜਬੂਰ ਹੈ। ਹਾਂ, ਜਨਮ ਮਰਨ ਦੇ ਗੇੜ ਦੀ ਭਿਆਨਕਤਾ ਦੇ ਸਹਾਰੇ ਧਰਮ ਅਸਥਾਨਾਂ ਦੀ ਅਮੀਰੀ ਅਤੇ ਬੁਢਾਪੇ ਦੀ ਉਦਾਸੀ ਵਿੱਚ ਵਾਧਾ ਜ਼ਰੂਰ ਹੁੰਦਾ ਹੈ।
ਆਤਮਾ ਦੇ ਅਵਿਨਾਸ਼ੀ ਹੋਣ ਦਾ ਸਿਧਾਂਤ ਅਤੇ ਪੁਨਰ ਜਨਮ ਜਾਂ ਚੁਰਾਸੀ ਦਾ ਚੱਕਰ ਦੋਵੇਂ ਮਿਲ ਕੇ ਭੈ ਨੂੰ ਅਨਾਦੀ ਅਤੇ ਅਨੰਤ ਬਣਾ ਦਿੰਦੇ ਹਨ। ਕਿੰਨੀ ਅਜੀਬ ਹੈ ਇਹ ਗੱਲ ਕਿ ਸਾਰੀ ਸ੍ਰਿਸ਼ਟੀ ਨਾਸ਼ਮਾਨ ਹੈ, ਪਰੰਤੂ ਕਰੋੜਾਂ ਅਰਬਾਂ ਸਦੀਆਂ ਦੀ ਉਮਰ ਭੋਗਦੀ ਆ ਰਹੀ ਇਸ 'ਨਾਸ਼ਮਾਨ' ਸ੍ਰਿਸ਼ਟੀ ਵਿੱਚ ਮਨੁੱਖ ਜਾਂ ਮਨੁੱਖ ਵਿਚਲੀ ਅਦਿੱਖ, ਅਪਹੁੰਚ, ਅ-ਬਦਲ, ਅਕ੍ਰੈ ਅਤੇ ਅਰੀਆ ਆਤਮਾ ਅਮਰ ਜਾਂ ਅਵਿਨਾਸ਼ੀ ਹੈ। ਅਵਿਨਾਸ਼ੀ ਆਤਮਾ ਨੂੰ ਦੁਖ-ਸੁਖ ਜਾਂ ਹਰਖ-ਸੋਗ ਕੁਝ ਨਹੀਂ ਪਹਦਾ, ਇਹ ਸਾਡੇ ਕਿਸੇ ਅਨੁਭਵ ਦੀ ਭਾਈਵਾਲ ਨਹੀਂ। ਇਹ ਕੁਝ ਕਰਦੀ (ਜਾਂ ਕਰਦਾ) ਵੀ ਨਹੀਂ। ਇਹ ਕੇਵਲ ਸਾਕਸ਼ੀ ਹੈ: ਦ੍ਰਸ਼ਟਾ ਜਾਂ ਦੇਖਣ ਵਾਲਾ ਹੈ। ਵੇਖਣਾ ਵੀ ਇੱਕ ਕਿਰਿਆ ਹੈ। ਪਤਾ ਨਹੀਂ ਅਤੇ ਆਤਮਾ ਵੇਖਣ ਦੀ ਕਿਰਿਆ ਕਰਦੀ ਹੋਈ ਅਕੇ ਕਿਵੇਂ ਆਖੀ ਜਾ ਸਕਦੀ ਹੈ ਅਤੇ ਵੇਖਿਆ ਜਾਣਾ ਪ੍ਰਭਾਵਿਤ ਕਰਨਾ ਕਿਵੇਂ ਨਹੀਂ ਹੈ।
ਚਲੋ ਆਖੀ ਜਾਵੇ; ਬਹੁਤ ਫ਼ਰਕ ਨਹੀਂ ਪੈਂਦਾ। ਮੇਰੇ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੀ ਚੀਜ਼ ਮੇਰੇ ਜੀਵਨ ਦੀ ਕਿਸੇ ਕਿਰਿਆ ਨੂੰ ਪ੍ਰਭਾਵਿਤ ਨਹੀਂ ਕਰਦੀ ਅਤੇ ਮੇਰੀ ਕੀਤੀ ਕਿਸੇ ਕਿਰਿਆ ਤੋਂ ਪ੍ਰਭਾਵਿਤ ਨਹੀਂ ਹੁੰਦੀ, ਉਸ ਦੀ ਹੋਂਦ-ਅਣਹੋਂਦ ਮੇਰੇ ਲਈ ਮਹੱਤਵਪੂਰਨ ਕਿਉਂ ਹੋਵੇ ? ਆਤਮਾ ਰੂਪੀ ਦੁਸ਼ਟਾ ਨਾ ਤਾਂ ਕੁਝ ਵੇਖਣ ਦੀ ਇੱਛਾ ਰੱਖਦਾ ਹੈ ਨਾ ਹੀ ਉਸ ਲਈ ਵੇਖਣ ਦਾ ਕੋਈ ਮਨੋਰਥ ਹੈ; ਨਾ ਹੀ ਉਸ ਨੂੰ ਕੋਈ ਸ਼ੌਕ ਹੈ ਨਾ ਹੀ ਵੇਖਣ ਦੀ ਕੋਈ ਲੋੜ ਹੈ; ਉਸ ਨੂੰ ਵੇਖ ਕੇ ਕੋਈ ਆਨੰਦ ਨਹੀਂ ਮਿਲਦਾ ਉਹ ਕਿਸੇ ਖਿਡਾਰੀ ਨੂੰ ਕਿਸੇ ਪ੍ਰਕਾਰ ਦੀ ਹੱਲਾਸ਼ੇਰੀ ਨਹੀਂ ਦਿੰਦਾ; ਬਸ ਵੇਖੀ ਜਾਂਦਾ ਹੈ। ਕਿਸੇ ਵੀ ਪਾਗਲ ਨੂੰ ਛਿੰਝ ਵਿੱਚ ਜਾ ਕੇ ਕੁਸ਼ਤੀਆਂ ਵੇਖਣ ਦਾ ਅਧਿਕਾਰ ਹੈ; ਇਵੇਂ ਹੀ ਉਸ ਆਦਮੀ ਦੀ ਅਕਲ ਅਤੇ ਨੀਅਤ ਉੱਤੇ ਸ਼ੱਕ ਕਰਨ ਦਾ ਅਧਿਕਾਰ ਵੀ ਸਾਨੂੰ ਹੈ ਜਿਹੜਾ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰੇ ਕਿ ਛਿੰਝ ਦਾ ਸਾਰਾ ਉਪਰਾਲਾ ਕੀਤਾ ਹੀ ਉਸ ਪਾਗਲ ਲਈ ਗਿਆ ਹੈ।
–––––––––––––––
1. ਅਕੈ-ਜੇ ਕੁਝ ਨਹੀਂ ਕਰਦਾ।
2. ਅਗੇਅ-ਜਿਸ ਬਾਰੇ ਕੁਝ ਜਾਣਿਆ ਨਹੀਂ ਜਾ ਸਕਦਾ।