ਆਤਮਾ ਦੇ ਅਵਿਨਾਸ਼ੀ ਹੋਣ ਦਾ ਸਿਧਾਂਤ ਮਹੱਤ੍ਰਾਕਾਂਕਸ਼ੀ ਜਵਾਨਾਂ ਨੂੰ ਬਹੁਤ ਪਸੰਦ ਆਉਂਦਾ ਹੈ। ਅਵਿਨਾਸ਼ੀ, ਸਰਵ-ਵਿਆਪਕ ਸੰਪੂਰਣ, ਸਰਵਥਾ ਨਿਰਦੋਸ਼ ਅਤੇ ਸੁਤੰਤਰ ਆਤਮਾ ਨੂੰ ਆਪਣਾ ਅਸਲਾ ਸਮਝਦੇ ਹੋਏ ਉਹ ਸਾਰੇ ਬ੍ਰਹਿਮੰਡ ਨਾਲੋਂ ਵੱਡੇ ਹੋਣ ਦਾ ਹੁਲਾਰਾ ਮਾਣ ਸਕਦੇ ਹਨ; ਸਾਰੇ ਬ੍ਰਹਿਮੰਡ ਉੱਤੇ ਛਾ ਸਕਣ ਦੇ ਸੁਪਨੇ ਸਜਾ ਸਕਦੇ ਹਨ। ਪਰੰਤੂ ਦਿਨੋ ਦਿਨ ਨਤਾਕਤੀ ਵੱਲ ਨਿਘਰਦੇ ਜਾਂਦੇ ਬੁਢਾਪੇ ਨੂੰ ਇਸ ਸਿਧਾਂਤ ਵਿੱਚੋਂ ਉਦਾਸੀ ਤੋਂ ਸਿਵਾ ਕੁਝ ਨਹੀਂ ਮਿਲਦਾ। ਐਸ਼ੋ ਆਰਾਮ ਦੀ ਜ਼ਿੰਦਗੀ ਜੀਣ ਵਾਲੇ ਭਾਵੇਂ ਜਨਮ ਜਨਮਾਂਤ੍ਰਾਂ ਦੇ ਗੇੜ ਵਿੱਚ ਪੈਣਾ ਪਸੰਦ ਕਰ ਲੈਣ ਪਰ ਹੱਡ-ਭੰਨਵੀਂ ਕਾਰ ਕਰ ਕੇ ਭੁੱਖੇ ਢਿੱਡ ਸੌਣ ਵਾਲੇ ਲੋਕਾਂ ਲਈ ਇਸ ਸਿਧਾਂਤ ਵਿੱਚ ਕਿਸੇ ਪ੍ਰਕਾਰ ਦੀ ਕੋਈ ਤਸੱਲੀ ਅਤੇ ਦਿਲਜੋਈ ਨਹੀਂ। ਇਨਕਲਾਬਾਂ, ਜੰਗਾਂ, ਜਹਾਦਾਂ ਅਤੇ ਫ਼ਸਾਦਾਂ ਵਿੱਚ ਮਰਨ ਵਾਲੇ ਲੋਕ, ਦੇਸਾਂ ਦੀਆਂ ਵੰਡਾ ਅਤੇ ਆਜ਼ਾਦੀਆਂ ਸਮੇਂ ਬੇ-ਇਜ਼ਤ ਅਤੇ ਬੇ-ਘਰ ਕੀਤੇ ਜਾਣ ਵਾਲੇ ਲੋਕ, ਸਿਆਸੀ ਆਦਰਸ਼ਾਂ ਦੇ ਹਵਨ ਕੁੰਡਾਂ ਦੀ ਅਹੂਤੀ ਵਜੋਂ ਵਰਤੇ ਜਾਣ ਵਾਲੇ ਲੋਕ, ਸਮਾਜਾਂ ਦੀ ਸ਼ੁਧੀ ਦੇ ਨਾਂ ਉੱਤੇ ਮਾਰੇ ਜਾਣ ਵਾਲੇ ਕਰੋੜਾਂ ਯਹੂਦੀ ਇਹ ਨਹੀਂ ਚਾਹੁਣਗੇ ਕਿ ਉਨ੍ਹਾਂ ਦਾ ਅਸਲਾ ਅਵਿਨਾਸ਼ੀ ਹੋਵੇ ਅਤੇ ਉਹ ਘੜੀ ਮੁੜੀ ਜਨਮ ਲੈ ਕੇ ਇਨ੍ਹਾਂ ਅੱਤਿਆਚਾਰਾਂ ਦਾ ਸ਼ਿਕਾਰ ਹੋਣ। ਇਥੋਪੀਆ, ਸੂਡਾਨ, ਸੋਮਾਲੀਆ ਅਤੇ ਰੁਆਂਡਾ ਆਦਿਕ ਦੇਸ਼ਾਂ ਦੇ ਭੁੱਖੇ ਮਰਨ ਅਤੇ ਕਬੀਲਿਆਂ ਦੀ ਲੜਾਈ ਵਿੱਚ ਮਾਰੇ ਜਾਣ ਵਾਲੇ ਲੋਕਾਂ ਨੂੰ ਇਹੋ ਚੰਗਾ ਲੱਗੇਗਾ ਕਿ ਮੌਤ ਅਸਲ ਵਿੱਚ ਮੌਤ ਹੋਵੇ ਜਿਸ ਨਾਲ ਸਾਡੇ ਸਰੀਰ ਦੇ ਤੱਤ ਤੱਤਾਂ ਵਿੱਚ ਲੀਨ ਹੋ ਜਾਣ ਅਤੇ ਸਾਡੇ ਜੀਵਨ ਦੀ ਖੇਡ ਸੰਪੂਰਣ ਹੋ ਜਾਵੇ।
ਸਾਧਾਰਣ ਆਦਮੀ ਦੀ ਇਸ ਭਾਵਨਾ ਨੂੰ ਡਾ. ਡ੍ਰਾਇਡ ਨੇ ਮੌਤ ਦੀ ਪਰਵਿਰਤੀ ਆਖਿਆ ਹੈ। ਇਸ ਮਨੋਵਿਗਿਆਨੀ ਦਾ ਖ਼ਿਆਲ ਹੈ ਕਿ "ਜੀਵ ਵਿੱਚ ਜੀਵਨ ਦੀ ਪਰਵਿਰਤੀ ਦੇ ਨਾਲ ਨਾਲ ਮੌਤ ਦੀ ਪਰਵਿਰਤੀ ਵੀ ਮੌਜੂਦ ਹੈ। ਇਹ ਪ੍ਰਵਿਰਤੀ ਜਨਮ ਤੋਂ ਹੀ ਉਤਪੰਨ ਹੋ ਜਾਂਦੀ ਹੈ ਅਤੇ ਹੋਰ ਸਾਰੀਆਂ ਪਰਵਿਰਤੀਆਂ ਵਾਂਗ ਆਪਣੇ ਸਮੇਂ ਸਿਰ ਮਨੁੱਖ ਦੀਆਂ ਸੋਚਾਂ, ਇੱਛਾਵਾ ਅਤੇ ਕਿਰਿਆਵਾਂ ਰਾਹੀਂ ਪ੍ਰਗਟ ਹੋਣ ਲੱਗ ਪੈਂਦੀ ਹੈ, ਠੀਕ ਉਵੇਂ ਹੀ ਜਿਵੇਂ ਜੀਵਨ ਦੀ ਪਰਵਿਰਤੀ ਆਪਣੇ ਸਮੇਂ ਸਿਰ ਕਾਮ ਅਤੇ ਮਮਤਾ ਆਦਿਕ ਦੀਆਂ ਪਰਵਿਰਤੀਆਂ ਰਾਹੀਂ ਪ੍ਰਗਟ ਹੁੰਦੀ ਹੈ। ਹਰ ਜੀਵਧਾਰੀ ਵਿੱਚ ਨਿਰਜੀਵਤਾ ਵੱਲ ਮੁੜਨ ਦੀ ਪਰਬਲ ਇੱਛਾ ਹੈ ਅਤੇ ਇਹ ਇੱਛਾ ਜੀਵਨ ਦੀ ਇੱਛਾ ਨਾਲੋਂ ਵੀ ਪਹਿਲਾਂ ਦੀ ਹੈ। ਆਪਣੇ ਅਸਲੇ ਜਾਂ ਆਰੰਭ ਵੱਲ ਮੁੜਨਾ ਹੀ ਜੀਵਨ ਦਾ ਨਿਸ਼ਾਨਾ ਜਾਂ ਮਨੋਰਥ ਹੈ। ਇਹ ਕਹਿਣਾ ਗਲਤ ਹੈ ਕਿ ਜਨਮ ਨਾਲ ਆਰੰਭ ਹੋ ਕੇ ਮੋਤ ਨਾਲ ਸਮਾਪਤ ਹੋ ਜਾਣ ਵਾਲਾ ਜੀਵਨ ਆਪਣੇ ਮਨੋਰਥ ਨੂੰ ਪ੍ਰਾਪਤ ਨਹੀਂ ਹੁੰਦਾ। ਜਦੋਂ ਅਸੀਂ ਇਹ ਵੇਖਦੇ ਅਤੇ ਮੰਨਦੇ ਹਾਂ ਕਿ ਜੋ ਵੀ ਉਪਜਦਾ ਹੈ, ਉਹ ਆਪਣੇ ਵਿੱਚ ਸਮਾਏ ਹੋਏ ਕਾਰਨਾਂ ਰਾਹੀਂ ਨਿਸਚੇ ਹੀ ਆਪਣੇ ਅੰਤ ਨੂੰ ਪ੍ਰਾਪਤ ਹੁੰਦਾ ਹੈ ਤਾਂ ਸਾਨੂੰ ਇਹੋ ਕਹਿਣਾ ਪਵੇਗਾ ਕਿ ਜੀਵਨ ਦਾ ਉਦੇਸ਼ ਮੌਤ ਹੈ। ਆਪਣੇ ਮਨੋਰਥ ਵੱਲ ਜਾਣਾ ਜੀਵਨ ਦੀ ਪਰਵਿਰਤੀ ਹੈ।"
ਆਪਣੀਆਂ ਪਰਵਿਰਤੀਆਂ ਦੀ ਸੰਤੁਸ਼ਟੀ ਵਿੱਚੋਂ ਜੀਵ ਨੂੰ ਆਨੰਦ ਦਾ ਸੁਖ ਮਿਲਦਾ ਹੈ। ਇਸ ਸੰਤੁਸ਼ਟੀ ਦੇ ਰਸਤੇ ਵਿੱਚ ਕੋਈ ਰੁਕਾਵਟ ਪੈਣ ਉੱਤੇ ਜੀਵ ਦੁਖੀ ਹੁੰਦਾ ਹੈ। ਨਰਕ- ਸ੍ਵਰਗ ਅਤੇ ਆਵਾਗੌਣ ਦੇ ਸਿਧਾਂਤ ਮੌਤ ਨਾਲ ਜੀਵਨ ਦੀ ਸੰਪੂਰਨਤਾ ਦੇ ਖ਼ਿਆਲ ਦਾ ਖੰਡਨ ਕਰ ਕੇ ਮਨੁੱਖ ਦੀ ਮ੍ਰਿਤਿਊ-ਪਰਵਿਰਤੀ ਦਾ ਰਾਹ ਰੋਕਦੇ ਹਨ, ਇਸ ਲਈ ਸੱਕਿਆ ਮਨੁੱਖ ਦਾ ਬੁਢਾਪਾ ਵਧੇਰੇ ਉਦਾਸ ਹੁੰਦਾ ਹੈ। ਇਸ ਸੰਬੰਧ ਵਿੱਚ ਕਿਸੇ ਰੀਸਰਚ ਬਾਰੇ ਮੈਨੂੰ