ਇਸ ਲਈ ਭਰੋਸਾ ਰੱਖੋ ਕਿ ਕਿਸੇ ਨੂੰ ਪਤਾ ਨਹੀਂ ਮੌਤ ਤੋਂ ਪਿੱਛੋਂ ਕੀ ਹੋਣਾ ਹੈ। ਨਰਕ- ਸੁਰਗ ਅਤੇ ਆਵਾਗਉਣ ਦੇ ਸਿਧਾਂਤਾਂ ਦੀ ਘਾੜਤ ਘੜਨ ਵਾਲਿਆਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਮਨੁੱਖੀ ਖ਼ੁਸ਼ੀ ਦੀ (ਵਿਸ਼ੇਸ਼ ਕਰਕੇ ਮਨੁੱਖ ਦੇ ਬੁਢਾਪੇ ਦੀ ਖ਼ੁਸ਼ੀ ਦੀ) ਹਾਨੀ ਕਰ ਰਹੇ ਹਨ। ਇਹ ਸਿਧਾਂਤ ਮੌਤ ਨਾਲੋਂ ਸੱਚੇ ਨਹੀਂ ਹਨ। ਜੇ ਜੀਵਨ ਦੇ ਨਾਲ ਨਾਲ ਰਹਿਣ ਵਾਲੇ ਸੱਚ ਉੱਤੇ ਥੋੜਾ ਬਹੁਤਾ ਪਰਦਾ ਪਾਈ ਰੱਖਣ ਵਿੱਚ ਡਲਾਈ ਵੇਖੀ ਗਈ ਹੈ ਤਾਂ ਇਨ੍ਹਾਂ ਮਨੋਕਲਪਿਤ ਸਿਧਾਂਤਾਂ ਦੇ ਸੱਚ ਦਾ ਏਨਾ ਢੰਡੋਰਾ ਕਿਉਂ ? ਸਿਰਫ਼ ਇਸ ਲਈ ਕਿ ਸਿਧਾਂਤਕਾਰਾਂ ਨੇ ਸਿਧਾਂਤਕਾਰ ਹੋਣ ਦੀ ਹਉਮੈ ਨੂੰ ਸਾਹਮਣੇ ਰੱਖਿਆ ਹੈ; ਮਨੁੱਖ ਦੀ ਖੁਸ਼ੀ ਵੱਲ ਉਨ੍ਹਾਂ ਦਾ ਧਿਆਨ ਨਹੀਂ ਗਿਆ। ਮਨੁੱਖ ਦੀ ਸੰਸਾਰਕ ਖ਼ੁਸ਼ੀ ਵੱਲ ਸਮੁੱਚੇ ਧਰਮ ਨੇ ਹੀ ਧਿਆਨ ਨਹੀਂ ਕੀਤਾ; ਜੇ ਕੀਤਾ ਹੈ ਤਾਂ ਓਨਾ ਕੁ ਜਿੰਨੇ ਨਾਲ ਇਸ ਦੀਆਂ ਆਪਣੀਆਂ ਆਰਥਕ ਲੋੜਾਂ ਪੂਰੀਆਂ ਹੁੰਦੀਆਂ ਰਹਿਣ।
ਜੇ ਉਨ੍ਹਾਂ ਨੇ ਨਹੀਂ ਕੀਤਾ ਤਾਂ ਸਾਨੂੰ ਸੋਚਣਾ ਬਣਦਾ ਹੈ ਕਿ ਮਨੁੱਖ ਦੀ ਮੌਤ ਬਾਰੇ ਕੁਝ ਨਾ ਦੱਸ ਸਕਣ ਵਾਲੇ ਇਹ ਕਿਵੇਂ ਦੱਸ ਸਕਦੇ ਹਨ ਕਿ ਮੌਤ ਤੋਂ ਪਿੱਛੋਂ ਉਸ ਨਾਲ ਕੀ ਹੋਵੇਗਾ। ਮੌਤ ਨੂੰ ਆਪਣੇ ਜੀਵਨ ਦਾ ਸਮੁੱਚਾ ਅੰਤ ਮੰਨਣ ਵਾਲੇ ਮਨੁੱਖ ਦਾ ਬੁਢਾਪਾ ਨਿਸਚੇ ਹੀ ਕੁਝ ਘੱਟ ਉਦਾਸ ਹੋਵੇਗਾ ਅਤੇ ਇਹ ਕੋਈ ਨਿੱਕੀ ਜਿਹੀ ਗੱਲ ਨਹੀਂ। ਉਦਾਸੀ ਪੈਦਾ ਕਰਨ ਵਾਲੇ ਵੱਡੇ ਤੋਂ ਵੱਡੇ ਸੱਚ ਵੱਲੋਂ ਅਣਜਾਣ ਹੋਣ ਵਿੱਚ ਭਲਾਈ ਹੈ, ਜਦੋਂ ਉਸ ਬਾਰੇ ਕੁਝ ਕੀਤਾ ਨਾ ਜਾ ਸਕਦਾ ਹੋਵੇ।
––––––––––––––––––
ਨਾਨਕ ਏਹੁ ਪਟੰਤਰਾ ਤਿਰੁ ਦੀਥਾਣਿ ਗਇਆਹ॥