ਧਰਮ ਤੋਂ ਛੁੱਟ ਹੋਰ ਸਾਰੇ ਪ੍ਰਬੰਧਾਂ ਨੇ ਆਪਣੀ ਇਸ ਮਨੋਤ ਉੱਤੇ ਮੁੜ ਵਿਚਾਰ ਕਰਨਾ ਪਰਵਾਨ ਕਰ ਲਿਆ ਹੈ। ਰਾਜ-ਪ੍ਰਬੰਧ ਕੋਲੋਂ ਅਜੇਹੀ ਆਸ ਨਹੀਂ ਸੀ ਕੀਤੀ ਜਾ ਸਕਦੀ। ਪਰੰਤੂ ਮਿੱਲ, ਬੈਨਥਮ, ਓਇਨ ਅਤੇ ਮਾਰਕਸ ਵਰਗੇ ਵਿਚਾਰਵਾਨਾਂ ਦੇ ਵਿਚਾਰਾਂ ਨੇ ਵਿਗਿਆਨ ਅਤੇ ਸਨਅੱਤ ਦੇ ਸਹਿਯੋਗ ਨਾਲ ਅਜੇਹਾ ਵਾਤਾਵਰਣ ਪੈਦਾ ਕਰ ਦਿੱਤਾ, ਜਿਸ ਵਿੱਚ ਰਾਜ-ਪ੍ਰਬੰਧ ਲਈ ਇਉਂ ਸੋਚਣਾ ਜ਼ਰੂਰੀ ਹੋ ਗਿਆ। ਅੱਜ ਪੱਛਮੀ ਯੌਰਪ ਦੇ ਰਾਜ-ਪ੍ਰਬੰਧ ਸਮਾਜ ਦੀ ਕਲਿਆਣ ਅਤੇ ਵਿਅਕਤੀ ਦੀ ਪ੍ਰਸੰਨਤਾ ਨੂੰ ਆਪਣੇ ਕਰਤੱਵ ਦਾ ਹਿੱਸਾ ਮੰਨਦੇ ਹਨ। ਮੇਰੇ ਇੱਕ ਮਿੱਤਰ, ਸੰਤ ਮੋਹਣ ਸਿੰਘ ਜੀ ਵੁਲਿਚ (ਲੰਡਨ) ਵਿੱਚ ਰਹਿੰਦੇ ਸਨ। ਸਟ੍ਰੈਕ ਦੀ ਵਜ੍ਹਾ ਨਾਲ ਆਪਣੀ ਉਮਰ ਦੇ ਆਖਰੀ ਪੰਜ-ਛੇ ਸਾਲ ਉਹ ਵੀਲ-ਚੇਅਰ ਵਿੱਚ ਰਹੇ। ਉਨ੍ਹਾਂ ਦੀ ਦੇਖ-ਭਾਲ ਅਤੇ ਸੇਵਾ ਦਾ ਜ਼ਿੰਮਾ ਉਨ੍ਹਾਂ ਦੇ ਵੱਡੇ ਪੁੱਤ ਨੇ ਲਿਆ। ਇਸ ਕੰਮ ਨੂੰ ਕਰਦਿਆਂ ਹੋਇਆਂ ਉਹ ਹੋਰ ਕਿਸੇ ਪ੍ਰਕਾਰ ਦੀ ਨੌਕਰੀ ਆਦਿਕ ਕਰਨ ਦੇ ਯੋਗ ਨਾ ਸਮਝੇ ਗਏ ਅਤੇ ਵੈੱਲਫੇਅਰ ਸਟੇਟ ਨੇ ਉਨ੍ਹਾਂ ਦੇ ਪਰਿਵਾਰ ਦੀ ਪਰਵਰਿਸ਼, ਬੱਚਿਆਂ ਦੀ ਪੜ੍ਹਾਈ ਅਤੇ ਮਨੋਰੰਜਨ ਆਦਿਕ ਦੇ ਸਾਰਿਆਂ ਖ਼ਰਚਾਂ ਦਾ ਭਾਰ ਆਪਣੇ ਜ਼ਿੰਮੇ ਲੈ ਕੇ ਉਨ੍ਹਾਂ ਨੂੰ ਦਿੱਤਾ-ਮੁਕਤ ਕਰ ਦਿੱਤਾ। ਅਜੇਹੀ ਕਿਸੇ ਵੀ ਉਲਝਣ ਵਿੱਚ ਫਸੇ ਹੋਏ ਮਨੁੱਖ ਲਈ ਵੈੱਲਫੇਅਰ ਸਟੇਟ ਇਹ ਕੁਝ ਕਰਦੀ ਹੈ। ਇਨ੍ਹਾਂ ਮਿਸਾਲਾਂ ਨਾਲ ਮਣਾਂ-ਮੂੰਹੀ ਕਾਗਜ਼ ਕਾਲਾ ਕੀਤਾ ਜਾ ਸਕਦਾ ਹੈ।
ਵਲੈਤ ਵਿਚਲੇ ਸਾਰੇ ਧਰਮ ਅਸਥਾਨ ਆਪਣੇ ਆਪ ਨੂੰ, ਜਾਂ ਤਾਂ, ਵੈੱਲਫ਼ੇਅਰ ਸੈਂਟਰ ਆਖਣ ਲੱਗ ਪਏ ਹਨ ਜਾਂ ਉਨ੍ਹਾਂ ਦੇ ਇੱਕ ਹਿੱਸੇ ਨੂੰ ਵੱਖਰਾ ਕਰ ਕੇ ਵੈੱਲਫੇਅਰ ਸੈਂਟਰ ਆਖਿਆ ਜਾਣ ਲੱਗ ਪਿਆ ਹੈ। ਇਹ ਧਰਮ ਅਸਥਾਨਾਂ ਦੀ ਸੰਸਾਰਕ ਲੋੜ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ। ਇਨ੍ਹਾਂ ਸੈਂਟਰਾਂ ਨੂੰ ਕਮਿਊਨਿਟੀ ਸੈਂਟਰ ਵੀ ਆਖਿਆ ਜਾਂਦਾ ਹੈ ਅਤੇ ਡੇ-ਸੈਂਟਰ ਵੀ। ਇਨ੍ਹਾਂ ਸੈਂਟਰਾਂ ਨੂੰ ਸਰਕਾਰੀ ਸਹਾਇਤਾ ਮਿਲਦੀ ਹੈ। ਇਨ੍ਹਾਂ ਸੈਂਟਰਾਂ ਵਿੱਚ ਜਾ ਕੇ ਵੇਖਿਆਂ ਇਹ ਗੱਲ ਸਮਝ ਪੈ ਜਾਂਦੀ ਹੈ ਕਿ ਬੁੜ੍ਹਾਪੇ ਦੀ ਪ੍ਰਸੰਨਤਾ ਨਾਲ ਧਰਮ ਦਾ ਕਿੰਨਾ ਗੂਹੜਾ ਸੰਬੰਧ ਹੈ। ਇਨ੍ਹਾਂ ਸੈਂਟਰਾਂ ਵਿੱਚ ਜਾ ਕੇ ਸੀਨੀਅਰ ਸਿਟੀਜ਼ਨਜ਼ ਦਿਨ ਦਾ ਬਹੁਤਾ ਹਿੱਸਾ ਗੁਜ਼ਾਰਦੇ ਹਨ। ਆਪਣੇ ਵਰਗੇ ਲੋਕਾਂ ਦੇ ਸਾਥ ਵਿੱਚ ਰਹਿ ਕੇ ਘਰ ਦੇ