ਜਿਸ ਪ੍ਰਕਾਰ ਦੀ ਬੁਨਿਆਦੀ ਤਬਦੀਲੀ ਸਾਡੇ ਸੰਸਾਰਕ ਪ੍ਰਬੰਧਾਂ ਵਿੱਚ ਹੋਈ ਹੈ ਜਾਂ ਹੋ ਰਹੀ ਹੈ ਜਾਂ ਹੋ ਜਾਣ ਦੀ ਸੰਭਾਵਨਾ ਹੈ, ਉਸ ਤਰ੍ਹਾਂ ਦੀ ਤਬਦੀਲੀ ਧਰਮ ਵਿੱਚ ਸੰਭਵ ਨਹੀਂ। ਧਰਮ ਆਪਣੇ ਆਪ ਨੂੰ ਧੁਰੋਂ ਆਇਆ ਮੰਨਦਾ ਹੋਣ ਕਰਕੇ ਧਰਤੀ ਦੇ ਪ੍ਰਭਾਵਾਂ ਨੂੰ ਕਬੂਲਣ ਵਿੱਚ ਆਪਣੀ ਹੇਠੀ ਸਮਝਦਾ ਹੈ। ਉਹ ਕਰਮਕਾਂਡਾਂ ਅਤੇ ਰਸਮਾਂ ਦੇ ਬਾਹਰੀ ਰੂਪ ਬਦਲਦਾ ਆਇਆ ਹੈ; ਪਰ ਇਨ੍ਹਾਂ ਦੀ ਹੋਂਦ ਅਤੇ ਲੋੜ ਤੋਂ ਇਨਕਾਰੀ ਹੋਣ ਵਿੱਚ ਆਪਣਾ ਅੰਤ ਵੇਖਦਾ ਰਿਹਾ ਹੈ। ਉਸ ਨੇ ਪਿਆਰ ਨੂੰ ਰੱਬ ਅਤੇ ਰੱਬ ਨੂੰ ਪਿਆਰ ਆਖਿਆ ਹੈ; ਪਰ ਡਰ ਨੂੰ ਆਪਣੀ ਹੋਂਦ ਦਾ ਆਧਾਰ ਮੰਨਣ ਵਿੱਚ ਕਿਸੇ ਪ੍ਰਕਾਰ ਦਾ ਅਵੇਸਲਾਪਣ ਕਦੇ ਨਹੀਂ ਵਿਖਾਇਆ। ਉਹ ਸੱਚ ਦੀ ਖੋਜ ਅਤੇ ਪ੍ਰਾਪਤੀ ਨੂੰ ਜੀਵਨ ਦਾ ਮਨੋਰਥ ਆਖਦਾ ਆਇਆ ਹੈ; ਪਰ ਸੁਤੰਤਰ ਸੋਚ ਨੂੰ ਸਿਰ ਨਹੀਂ ਚੁੱਕਣ ਦਿੰਦਾ। ਜਗਿਆਸਾ ਵਿੱਚੋਂ ਜਨਮ ਲੈਣ ਵਾਲਾ ਧਰਮ ਆਪਣੀ ਜਨਮ ਭੂਮੀ ਨੂੰ ਬੰਜਰ ਬਣਾਉਣ ਦਾ ਭਰਪੂਰ ਜਤਨ ਕਰਦਾ ਆਇਆ ਹੈ: ਅੱਜ ਵੀ ਕਰ ਰਿਹਾ ਹੈ। ਧਰਮ ਜਿੰਨੀ ਤੀਬਰਤਾ ਨਾਲ ਜਗਿਆਸਾ ਦਾ ਵਿਰੋਧ ਕਰਦਾ ਆਇਆ ਹੈ; ਓਨੀ ਹੀ ਸਫਲਤਾ ਨਾਲ ਭੈ ਦੀ ਵਰਤੋਂ ਵੀ ਕਰਦਾ ਆਇਆ ਹੈ।
ਦੁਨੀਆ ਦੇ ਬਹੁਗਿਣਤੀ ਲੋਕਾਂ ਦੇ ਜੀਵਨ ਵਿੱਚ ਮਹੱਤਵਪੂਰਣ ਅਤੇ ਸਤਿਕਾਰਯੋਗ ਸਥਾਨ ਦਾ ਸੁਆਮੀ ਹੈ ਧਰਮ ਜੀਵਨ ਨੇ ਧਰਮ ਦੀ ਤਾਬਿਦਾਰੀ ਕਰਨ ਵਿੱਚ ਕੋਈ ਕਸਰ ਨਹੀਂ ਰੱਖੀ। ਦੁਖ ਦੀ ਗੱਲ ਹੈ ਕਿ ਦੁਨੀਆ ਦੇ ਛੋਟੇ ਵੱਡੇ ਸਾਰੇ ਧਰਮ ਮਨੁੱਖ ਦੀ ਪ੍ਰਸੰਨਤਾ ਦੀ ਥਾਂ ਆਪਣੀ ਪ੍ਰਭੁਤਾ ਦੀ ਚਿੰਤਾ ਬਹੁਤੀ ਕਰਦੇ ਹਨ। ਪ੍ਰਭੁਤਾ ਬਣਾਉਣ ਅਤੇ ਕਾਇਮ ਰੱਖਣ ਲਈ ਭੈ ਅਤੇ ਸ਼ਕਤੀ ਦੀ ਸ਼ਰਨ ਲੈਣੀ ਪੈਂਦੀ ਹੈ। ਸਾਰੇ ਧਰਮਾਂ ਦੇ ਰੱਬ ਕੋਲ ਉਤਪਤੀ ਵਿਕਾਸ ਅਤੇ ਵਿਨਾਸ਼ ਦੀ ਅਪਾਰ ਸ਼ਕਤੀ ਹੈ; ਬੀਮਾਰੀਆਂ, ਬਰਬਾਦੀਆਂ ਅਤੇ ਭੁੱਖ ਮਰੀਆਂ ਦੇ ਨਾਲ ਨਾਲ ਨਰਕਾਂ ਅਤੇ ਚੁਰਾਸੀ ਲੱਖ ਜੂਨਾਂ ਦੇ ਚੱਕਰ ਦਾ ਭੈ ਵੀ ਹੈ। ਇਸ ਦੁਨਿਆਵੀ ਜੀਵਨ ਦੇ ਅੰਤ ਤੋਂ ਪਿੱਛੋਂ ਕਿਸੇ ਅਗਲੇ ਜੀਵਨ ਦੀ ਗੱਲ ਕਰਕੇ ਮਨੁੱਖੀ ਮਨ ਨੂੰ ਅਗਿਆਤ ਦੇ ਭੈ ਨਾਲ ਭਰਪੂਰ ਕਰ ਕੇ ਅਜੇ ਦਾਨ ਦੇਣ ਦਾ ਇਕਰਾਰ ਕਰਦਾ ਹੈ ਧਰਮ। ਸੰਭਵ ਹੋ