ਇਹ ਕਹਿਣਾ ਠੀਕ ਨਹੀਂ ਕਿ ਧਰਮ ਵਿਕਸਿਆ ਨਹੀਂ ਜਾਂ ਬਦਲਿਆ ਨਹੀਂ। ਜਿੰਨਾਂ ਭੂਤਾਂ ਤੋਂ ਪਿੱਛਾ ਛੁਡਵਾ ਕੇ ਦੇਵਤਿਆਂ ਦਾ ਸਹਿਯੋਗੀ ਬਣਿਆ ਹੈ ਧਰਮ। ਦੇਵਤਿਆਂ ਦੀ ਗਿਣਤੀ ਘਟਾਉਂਦੇ ਘਟਾਉਂਦੇ ਰੱਬੀ ਏਕਤਾ ਵਿੱਚ ਪ੍ਰਵੇਸ਼ ਕੀਤਾ ਹੈ ਧਰਮ ਨੇ ਅਤੇ ਕਿਧਰੇ ਕਿਧਰੇ ਰੱਬ ਤੋਂ ਬੜੀਰ ਵੀ ਜੀਣ ਦਾ ਜਤਨ ਕੀਤਾ ਹੈ । ਏਨੀਆਂ ਤਬਦੀਲੀਆਂ ਦੇ ਬਾਵਜੂਦ ਡਰ ਦਾ ਆਸਰਾ ਲੈਣੋਂ ਇਨਕਾਰ ਕਰਨ ਦੀ ਦਲੇਰੀ ਕਦੇ ਨਹੀਂ ਕੀਤੀ । ਯੋਗ ਦੇ ਸਾਧਨਾਂ, ਭਜਨ, ਬੰਦਗੀ, ਧਿਆਨ, ਧਾਰਣਾ, ਸਮਾਧੀ ਅਤੇ ਸੁਰਤ-ਸ਼ਬਦ ਦੇ ਸੰਜੋਗ ਰਾਹੀਂ ਅਭੈ ਪਦ ਦੀ ਪ੍ਰਾਪਤੀ ਦੇ ਇਕਰਾਰ ਝੂਠੇ ਨਹੀਂ ਹਨ। ਪਰੰਤੂ ਇਹ ਸਭ ਕੁਝ ਸਾਧਾਰਣ ਸਮਾਜਕ ਜੀਵਨ ਦਾ ਹਿੱਸਾ ਨਹੀਂ। ਇਹ ਅਸਾਧਾਰਣ ਪ੍ਰਾਪਤੀ ਕੁਝ ਕੁ ਅਸਾਧਾਰਣ ਲੋਕਾਂ ਦੇ ਹਿੱਸੇ ਆਉਂਦੀ ਹੈ।
ਯੂਨਾਨੀ ਮਹਾਂਪੁਰਸ਼ ਐਪੀਕਿਉਰਸ ਅਤੇ ਭਾਰਤੀ ਮਹਾਤਮਾ ਬੁੱਧ ਨੇ ਆਪੋ ਆਪਣੇ ਦੇਸ਼ਾਂ ਵਿੱਚ ਧਰਮ ਨੂੰ ਧਰਤੀ ਦਾ ਵਾਸੀ ਅਤੇ ਮਨੁੱਖ ਦੀ ਸੰਸਾਰਕ ਖ਼ੁਸ਼ੀ, ਖ਼ੁਸ਼ਹਾਲੀ ਅਤੇ ਖ਼ੂਬਸੂਰਤੀ ਦਾ ਸਾਧਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਐਪੀਕਿਊਰਸ ਦੇ ਧਰਮ ਨੂੰ ਸਟੋਇਕਾਂ ਅਤੇ ਈਸਾਈਆਂ ਨੇ ਪਿੜੋ ਕੱਢ ਦਿੱਤਾ ਅਤੇ ਬੁੱਧ ਦਾ ਧਰਮ ਹਿੰਦੂ ਧਰਮ ਦੀ ਰੀਸੋ ਰੀਸੇ ਬੁੱਧ ਨੂੰ ਭਗਵਾਨ ਅਤੇ ਆਪਣੇ ਆਪ ਨੂੰ ਭਗਵਾਨ ਦਾ ਮਹਾਂਵਾਕ ਮੰਨਣ ਲੱਗ ਪਿਆ। ਇਸ ਸੰਸਾਰ ਤੋਂ ਪਰੇ ਦੀ ਵਸਤੂ ਬਣਨ ਦੇ ਖ਼ਿਆਲ ਨੇ ਧਰਮ ਨੂੰ ਸੰਸਾਰ ਨਾਲ ਉਹ ਸੰਬੰਧ ਕਾਇਮ ਨਹੀਂ ਕਰਨ ਦਿੱਤਾ, ਜਿਸ ਦੇ ਆਧਾਰ ਉੱਤੇ ਇਹ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਣ ਦਾ ਮਾਣ ਕਰ ਸਕਦਾ ਸੀ । ਆਤਮਾ ਦੇ ਰੂਪ ਵਿੱਚ ਪਰਮਾਤਮਾ ਦੀ ਸਹਵ ਵਿਆਪਕਤਾ ਦਾ ਖਿਆਲ ਧਰਮ ਦੀ ਜੀਵਨ ਨੂੰ ਸਰਵੋਤਮ ਦੇਣ ਹੈ। ਇਹ ਖ਼ਿਆਲ ਜੀਵਨ ਵਿੱਚ ਸਾਂਝਾਂ ਅਤੇ ਸੰਬੰਧਾਂ ਦੀ ਅਣਕਿਆਸੀ ਸੁੰਦਰਤਾ ਪੈਦਾ ਕਰ ਸਕਦਾ ਹੈ। ਪਰੰਤੂ ਧਰਮਾਂ ਦੇ ਸੰਚਾਲਕਾਂ ਨੇ ਇਸ ਖ਼ਿਆਲ ਨੂੰ ਸੰਸਾਰਕ ਜੀਵਨ ਦਾ ਸੇਵਕ ਨਹੀਂ ਬਣਨ ਦਿੱਤਾ। ਇਸ ਨੂੰ ਅਲੋਕਿਕ ਸੱਚ ਬਣਾ ਕੇ ਧਰਤੀ ਦੇ ਤਲ ਤੋਂ ਦੂਰ, ਸਤਵੇਂ ਆਸਮਾਨ ਜਾਂ (ਪਤਾ ਨਹੀਂ ਕਿੰਨਵੇਂ) ਪਾਤਾਲ ਦਾ ਨਿਵਾਸੀ ਬਣਾ ਦਿੱਤਾ ਹੈ।
ਐਪੀਕਿਊਰਸ ਦਾ ਕਥਨ ਹੈ ਕਿ ਜੀਵਨ ਵਿੱਚ ਪ੍ਰਸੰਨਤਾ ਪ੍ਰਾਪਤ ਕਰਨ ਲਈ ਆਦਮੀ ਕੋਲ ਰੋਗ-ਰਹਿਤ ਸਰੀਰ, ਚਿੰਤਾ-ਮੁਕਤ ਮਨ ਅਤੇ ਮਿੱਤ੍ਰਾਂ ਦੀ ਸੁਹਬਤ, ਇਹ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਧਰਮ ਨੇ ਇਨ੍ਹਾਂ ਤਿੰਨਾਂ ਦੀ ਪ੍ਰਾਪਤੀ ਦੇ ਤਰੀਕਿਆਂ ਦੀ ਖੋਜ ਕੀਤੀ ਹੈ। ਸੰਸਾਰ ਉੱਤੇ ਮਿੱਤ੍ਰਤਾ ਦੀ ਭਾਵਨਾ ਦੇ ਵਿਕਾਸ ਲਈ ਇਸ ਤੋਂ ਵਧੀਆ ਵਿਸ਼ਵਾਸ ਹੋਰ ਕੋਈ ਨਹੀਂ ਕਿ ਆਤਮਾ ਦੇ ਰੂਪ ਵਿੱਚ ਪਰਮਾਤਮਾ ਸਾਰੇ ਜੀਵਾਂ ਵਿੱਚ ਵਿਆਪਕ ਹੈ। ਸਰੀਰ ਨੂੰ ਅਰੋਗ ਅਤੇ ਮਨ ਨੂੰ ਚਿੰਤਾ ਮੁਕਤ ਰੱਖਣ ਵਿੱਚ 'ਯੋਗ' ਜਿੰਨੀ ਸਹਾਇਤਾ ਹੋਰ ਕਿਸੇ ਕੋਲੋਂ ਨਹੀਂ ਲਈ ਜਾ ਸਕਦੀ। ਆਤਮਾ ਦੀ ਸਰਵ-ਵਿਆਪਕਤਾ ਅਤੇ ਯੋਗ ਦੇ ਸਿਧਾਂਤ ਧਰਮ ਦੁਆਰਾ ਪ੍ਰੇਰਿਤ ਹਨ। ਸੰਸਾਰਕ ਜੀਵਨ ਦੀ ਪ੍ਰਸੰਨਤਾ ਦਾ ਵੱਡਾ ਆਧਾਰ ਬਣ ਸਕਣ ਦੀਆਂ ਸਾਰੀਆਂ ਸੰਭਾਵਨਾਵਾਂ ਦਾ ਸੁਆਮੀ ਹੁੰਦਾ ਹੋਇਆ, ਧਰਮ, ਜੇ ਆਪਣੀਆਂ ਸੰਭਾਵਨਾਵਾਂ ਨੂੰ ਸਾਕਾਰ ਨਹੀਂ ਕਰ ਸਕਿਆ ਤਾਂ ਇਸ ਦੇ ਦੋ ਬੁਨਿਆਦੀ ਕਾਰਨ ਹਨ। ਪਹਿਲਾ ਇਹ ਕਿ ਧਰਮ ਨੇ ਇਸ ਦੁਨੀਆ ਵਿੱਚ ਜੀਵੇ ਜਾਣ ਵਾਲੇ ਸੰਸਾਰਕ ਜੀਵਨ ਦੀ ਥਾਂ ਮੌਤ