ਇਨ੍ਹਾਂ ਵਿੱਚੋਂ ਕਈ ਇੱਕ ਪਰਵਿਰਤੀਆਂ ਨੂੰ ਜੀਵਨ-ਪਰਵਿਰਤੀ ਨਾਲੋਂ ਕਿਤੇ ਵੱਧ ਸਤਿਕਾਰਯੋਗ ਸਮਝ ਕੇ ਪ੍ਰਚਾਰਦਾ ਹੈ। ਇਸ ਪ੍ਰਕਾਰ ਦੇ ਪ੍ਰਚਾਰ ਵਿੱਚ ਧਰਮ ਨੇ ਹਾਸੋ-ਹੀਣਾ ਹੋਣੋਂ ਵੀ ਸੰਕੋਚ ਨਹੀਂ ਕੀਤਾ। ਭੋਰਿਆਂ ਗੁਫਾਵਾਂ ਵਿੱਚ ਕਈ ਕਈ ਸਾਲ ਬਿਤਾ ਕੇ ਸੂਰਜ ਦੇ ਮੱਥੇ ਨਾ ਲੱਗਣ ਵਾਲੇ ਤਪੱਸਵੀਆਂ ਦੀਆਂ ਕਥਾਵਾਂ ਨਾਲ ਸਾਡਾ ਇਤਿਹਾਸ ਅਤੇ ਮਿਥਿਹਾਸ ਭਰਿਆ ਪਿਆ ਹੈ। ਕਈ ਕਈ ਦਹਾਕੇ ਨਿਰਇਸ਼ਨਾਨ ਰਹਿ ਕੇ ਜੂੰਆਂ ਨਾਲ ਭਰੀਆਂ ਗੋਦੜੀਆਂ ਚੁੱਕੀ ਫਿਰਨ ਦਾ ਮਾਣ ਕਰਨ ਵਾਲੇ ਈਸਾਈ ਸੰਤਾਂ ਦੇ ਜੀਵਨ-ਬਿਰਤਾਂਤ ਮਨੁੱਖ ਦਾ ਇਤਿਹਾਸਕ ਵਿਰਸਾ ਮੰਨੇ ਜਾਂਦੇ ਹਨ।
ਮੌਤ ਦਾ ਭੈ, ਮੌਤੋਂ ਮਗਰਲੇ ਜੀਵਨ ਦਾ ਵਿਸ਼ਵਾਸ ਅਤੇ ਮੌਤ-ਪਰਵਿਰਤੀਆਂ ਦਾ ਸਤਿਕਾਰ ਪੂਰੀ ਈਮਾਨਦਾਰੀ, ਪੂਰੀ ਕੋਸ਼ਿਸ਼ ਅਤੇ ਪੂਰੀ ਸਦਭਾਵਨਾ ਨਾਲ ਧਰਮਾਂ ਦੁਆਰਾ ਪ੍ਰਚਾਰਿਆ ਅਤੇ ਮਨੁੱਖੀ ਮਨ ਵਿੱਚ ਬਿਠਾਇਆ ਜਾਂਦਾ ਹੈ। ਜੀਵਨ ਦੇ ਪਹਿਲੇ ਪੜਾਵਾਂ ਉੱਤੇ ਮਨੁੱਖ ਇਨ੍ਹਾਂ ਬਾਰੇ ਬਹੁਤਾ ਸੋਚਦਾ ਹੀ ਨਹੀਂ। ਉਹ ਦੁਨੀਆ ਦੇ ਧਿਆਨ ਅਤੇ ਜੀਵਨ ਦੇ ਸੰਘਰਸ਼ ਵਿੱਚ ਲੱਗਾ ਹੋਇਆ ਹੁੰਦਾ ਹੈ। ਬਿਰਧ ਅਵਸਥਾ ਵਿੱਚ ਉਸ ਦਾ ਧਰਮ ਨਾਲ ਵਾਸਤਵਿਕ ਵਾਹ ਪੈਂਦਾ ਹੈ। ਪਾਰਗ੍ਰਾਮਤਾ ਅਤੇ ਅਨੁਭਵਅਤੀਤਤਾ ਦੀ ਪ੍ਰਾਪਤੀ ਦਾ ਉਸ ਨੇ ਕੋਈ ਉਪਰਾਲਾ ਨਹੀਂ ਕੀਤਾ ਹੁੰਦਾ, ਇਸ ਲਈ ਪਾਪ ਅਤੇ ਹੀਣਤਾ ਦੀ ਭਾਵਨਾ ਪੈਦਾ ਹੁੰਦੀ ਹੈ। ਜੇ ਉਹ ਅਜੇਹਾ ਕੋਈ ਉਪਰਾਲਾ ਕਰਦਾ ਆ ਰਿਹਾ ਹੈ ਤਾਂ ਮੌਤੋਂ ਮਗਰਲੇ ਜੀਵਨ ਦਾ ਵਿਸ਼ਵਾਸ ਪੱਕਾ ਕਰ ਚੁੱਕਾ ਹੈ ਅਤੇ ਉਸ ਜੀਵਨ ਦੀ ਅਨਿਸਚਿਤਤਾ ਉਸ ਦੇ ਮਨ ਵਿੱਚ ਅਗਿਆਤ ਦਾ ਡਰ ਪੈਦਾ ਕਰਨ ਦੇ ਸਮਰਥ ਹੈ। ਇਸ ਥਰ ਕਾਰਨ ਨਿਰਾਸ਼ਾ, ਅਣਉਪਯੋਗਿਤਾ ਦੀ ਭਾਵਨਾ, ਨਿਰਵਿਵੇਕਤਾ, ਸਿਖਲਤਾ ਅਤੇ ਚਿੰਤਾ ਆਦਿਕ ਦਾ ਪੈਦਾ ਹੋਣਾ ਕੁਦਰਤੀ ਹੈ।
ਅਸੀਂ ਬੁੜ੍ਹਾਪੇ ਨੂੰ ਦੋ ਵੱਡੀਆਂ ਵੰਡਾਂ ਵਿੱਚ ਵੰਡ ਸਕਦੇ ਹਾਂ; ਇੱਕ ਉਹ ਜੋ ਉਦਾਸ ਅਤੇ ਨਿਰਾਸ਼ ਹੈ ਪਰ ਜਦੋਂ ਉਸ ਨਾਲ ਗੱਲ ਕੀਤੀ ਜਾਵੇ ਤਾਂ ਉਸ ਦਾ ਉੱਤਰ ਹੁੰਦਾ ਹੈ, "ਸਭ ਮਾਲਕ ਦੇ ਹੱਥ ਹੈ; ਉਸਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ।" ਦੂਜਾ ਉਹ ਜੋ ਖੁਸ਼ ਹੈ ਅਤੇ ਪੁੱਛਿਆ ਜਾਣ ਉੱਤੇ ਕਹਿੰਦਾ ਹੈ, "ਸਭ ਮਾਲਕ ਦੇ ਹੱਥ ਹੈ; ਉਸ ਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ।" ਪਹਿਲੇ ਦੀ ਉਦਾਸੀ ਧਰਮ ਦੀ ਦਿੱਤੀ ਹੋਈ ਹੈ; ਦੂਜੇ ਦੀ ਖ਼ੁਸ਼ੀ ਉਸ ਦੀ ਜੀਵਨ-ਜਾਚ ਦੀ ਦੇਣ ਹੈ। ਪਹਿਲਾ ਧਰਮ ਕੋਲੋਂ ਧਰਵਾਸ ਦੀ ਆਸ ਕਰ ਰਿਹਾ ਹੈ, ਦੂਜਾ ਆਪਣੇ ਚਾਰ-ਚੁਫੇਰੇ ਪਸਰੇ ਹੋਏ ਜੀਵਨ ਦਾ ਸ਼ੁਕਰਗੁਜ਼ਾਰ ਹੋ ਰਿਹਾ ਹੈ; ਸ਼ਬਦ ਦੋਹਾਂ ਦੇ ਇੱਕ ਜਿਹੇ ਹਨ; ਅਰਥਾਂ ਅਤੇ ਭਾਵ ਅਰਥਾਂ ਵਿੱਚ ਬਹੁਤ ਫਰਕ ਹੈ। ਜੇ ਪਹਿਲੇ ਦੀ ਉਦਾਸੀ ਉਸ ਦੀ ਗਲਤ ਜੀਵਨ ਜਾਚ ਦੇ ਕਾਰਨ ਹੈ ਜਾਂ ਉਸ ਦੇ ਆਪਣੇ ਸਕੇ ਸੰਬੰਧੀਆਂ ਦੀ ਦਿੱਤੀ ਹੋਈ ਹੈ ਤਾਂ ਹੁਣ ਧਰਮ ਉਸ ਦੀ ਉਦਾਸੀ ਵਿੱਚ ਕਿਸੇ ਪ੍ਰਕਾਰ ਦੀ ਕਮੀ ਕਰਨ ਦੀ ਥਾਂ ਵਾਧਾ ਕਰ ਰਿਹਾ ਹੈ। ਅਸਲ ਲੋੜ ਆਪਣੇ ਸੰਸਾਰਕ ਸੰਬੰਧਾਂ ਨੂੰ ਸੁਧਾਰਨ ਦੀ ਹੈ। ਮਾਲਕ ਨੂੰ ਕਸੂਰਵਾਰ ਠਹਿਰਾਉਣ ਦੀ ਨਹੀਂ। ਸੰਬੰਧਾਂ ਦੇ ਸੁਧਾਰ ਦਾ ਤਰੀਕਾ ਹੈ ਸੋਹਣੀਆਂ ਸੱਭਿਅ ਜੀਵਨ ਪਰਵਿਰਤੀਆਂ ਨੂੰ ਸਦਾ ਸੁਰਜੀਤ ਰੱਖਣਾ। ਇਸ ਦੀ ਇੱਕ ਮਿਸਾਲ ਦਿੰਦਾ ਹਾਂ।
ਕਾਮ ਜੀਵਨ ਦੀ ਪ੍ਰਮੁਖ ਪਰਵਿਰਤੀ ਹੈ। ਮੋਹ ਮਮਤਾ, ਮਿੱਤ੍ਰਤਾ, ਮਿਲਵਰਤਣ, ਸਹਾਨੁਭੂਤੀ ਅਤੇ ਨਿਸ਼ਕਾਮ ਸਹਾਇਤਾ ਆਦਿਕ ਹੋਰ ਕਈ ਜੀਵਨ-ਪਰਵਿਰਤੀਆਂ ਇਸ ਪ੍ਰਮੁੱਖ ਪਰਵਿਰਤੀ ਨਾਲ ਸੰਬੰਧਤ ਹਨ। ਇਸ ਕੇਂਦਰੀ ਪਰਵਿਰਤੀ ਦੀ ਚੇਤਨਾ ਅਤੇ ਯੋਗਤਾ ਉਮਰ ਦੇ ਹਰ ਹਿੱਸੇ ਨਾਲ ਵਿਕਾਸ ਕਰਦੀ ਹੋਈ ਅਤਿਅੰਤ ਕੋਮਲ ਪਵਿੱਤਰ ਅਤੇ ਸੁੰਦਰ ਰੂਪ ਧਾਰਦੀ ਰਹਿਣ ਦੀ ਰੁਚੀ ਰੱਖਦੀ ਹੈ। ਮਰਿਆਦਾ ਮਾਨਤਾ ਦੇ ਸਤਿਕਾਰ ਵਾਲਾ ਜੀਵਨ