ਔਰ ਵਕਤ ਕੇ ਸਜਦੇ ਕੋ
ਬੇ-ਵਕਤ ਕਜ਼ਾ ਕਹਿਤੇ ਹੈਂ।"
ਜਨਾਬ ਅਨਾਇਤ ਸਾਹਿਬ ਗੁਰਦਾਸਪੁਰ ਦੇ ਮੰਨੇ-ਪ੍ਰਮੰਨੇ ਸਰਾਵ ਸਨ। ਦੁਸ਼ਮਣ ਉਨ੍ਹਾਂ ਦਾ ਕੋਈ ਨਹੀਂ ਸੀ। ਜੇ ਕੋਈ ਹੁੰਦਾ ਤਾਂ ਵੀ ਉਹ ਉਨ੍ਹਾਂ ਦੀ ਸ਼ਰਾਫ਼ਤ ਉੱਤੇ ਸ਼ੱਕ ਕਰਨ ਦਾ ਸੁਹਦਪੁਣਾ ਕਦੇ ਨਾ ਕਰਦਾ। ਕਾਮ-ਚੇਤਨਾ ਨੂੰ ਆਪਣੀ ਖ਼ੁਸ਼ੀ ਦਾ ਆਧਾਰ ਦੱਸ ਕੇ ਉਨ੍ਹਾਂ ਨੇ ਸੱਚ ਕਹਿਣ ਦੀ ਦਲੇਰੀ ਕੀਤੀ ਸੀ। ਉਨ੍ਹਾਂ ਦੇ ਸੱਚ ਵਿੱਚ ਸੁੰਦਰਤਾ ਵੇਖਣ ਦੀ ਸਿਆਣਪ ਅਸਾਂ ਕਰਨੀ ਹੈ। ਮਨੁੱਖ ਦੇ ਧਰਮਾਂ ਨੇ ਇਹ ਸਿਆਣਪ ਕਦੇ ਨਹੀਂ ਕੀਤੀ, ਕਿਉਂਜੁ ਸੰਸਾਰਕ ਜੀਵਨ ਨੂੰ ਖ਼ੁਸ਼ ਅਤੇ ਖ਼ੂਬਸੂਰਤ ਕਹਿਣਾ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ। ਵਿਸ਼ੇਸ਼ ਕਰਕੇ ਕਾਮ ਦੀ ਪਰਵਿਰਤੀ ਨਾਲ ਖ਼ੁਸ਼ੀ ਅਤੇ ਖੂਬਸੂਰਤੀ ਦਾ ਕੋਈ ਦੁਨਿਆਵੀ ਰਿਸ਼ਤਾ ਵੀ ਉਨ੍ਹਾਂ ਲਈ ਸੰਭਵ ਨਹੀਂ, ਤਾਂ ਵੀ ਅਧਿਆਤਮਕ ਅਨੁਭਵ ਅਤੇ ਅਲੋਕਿਕ ਆਨੰਦ ਦੇ ਵਰਣਨ ਲਈ 'ਸੁਹਾਵੀਆਂ ਸੇਜਾਂ' ਅਤੇ 'ਪਿਰ ਗਲ ਬਾਹੜੀਆਂ' ਨਾਲੋਂ ਸੁਹਣੇ ਪ੍ਰਤੀਕ ਉਨ੍ਹਾਂ ਨੂੰ ਕਦੇ ਨਹੀਂ ਮਿਲੇ।
ਵਿਸ਼ਾਲ ਧਰਮ-ਪ੍ਰਬੰਧਾਂ ਦੀਆਂ ਆਰਥਕ ਲੋੜਾਂ ਨੇ ਗ੍ਰਹਿ-ਤਿਆਗ ਦੀ ਮੌਤ-ਪਰਵਿਰਤੀ ਨੂੰ ਨਿੰਦਣ ਦੀ ਮਜਬੂਰੀ ਬਣਾਈ ਰੱਖਿਆ ਹੈ। ਇਸ ਤੋਂ ਛੁੱਟ ਹੋਰ ਸਾਰੀਆਂ ਮੌਤ-ਪਰਵਿਰਤੀਆਂ ਧਰਮਾਂ ਦੁਆਰਾ ਰੱਜ ਕੇ ਪਰਚਾਰੀਆਂ ਜਾਂਦੀਆਂ ਹਨ। ਇਸ ਦੇ ਸਿੱਟੇ ਵਜੋਂ ਜੀਵਨ ਵਿੱਚ ਖ਼ੁਸ਼ੀ ਦਾ ਘਾਟਾ ਅਤੇ ਉਦਾਸੀ ਦਾ ਵਾਧਾ ਹੁੰਦਾ ਆਇਆ ਹੈ। ਪ੍ਰਸੰਨਤਾ ਦੇ ਵਾਧੇ ਲਈ ਧਰਮ ਦੇ ਇਸ ਰਵੱਈਏ ਉੱਤੇ ਵਿਚਾਰ ਕੀਤੀ ਜਾਣੀ ਜ਼ਰੂਰੀ ਹੈ। ਇਤਿਹਾਸ ਦੱਸਦਾ ਹੈ ਕਿ ਦੁਨੀਆ ਵਿੱਚ ਰਜੋਗੁਣੀ ਸੰਘਰਸ਼ੀ ਲੋਕਾਂ ਦਾ ਬੋਲ-ਬਾਲਾ ਰਿਹਾ ਹੈ। ਇਸੇ ਤਰ੍ਹਾਂ ਇੱਕ ਵਿਅਕਤੀ ਦੀ ਜ਼ਿੰਦਗੀ ਵਿੱਚ ਵੀ ਉਨ੍ਹਾਂ ਦੋ-ਤਿੰਨ ਦਹਾਕਿਆਂ ਨੂੰ ਮਹੱਤਵ ਦਿੱਤਾ ਜਾਂਦਾ ਹੈ ਜਿਨ੍ਹਾਂ ਵਿੱਚ ਸੰਸਾਰਕ ਸੰਘਰਸ਼ ਉਸ ਦੀ ਮੂਲ ਪ੍ਰੇਰਣਾ ਹੁੰਦਾ ਹੈ। ਜਿਸ ਤਰ੍ਹਾਂ ਸਾਡੇ ਘਰ ਜਵਾਨੀ ਦੇ ਦੋ-ਤਿੰਨ ਦਹਾਕਿਆਂ ਨੂੰ ਸਾਹਮਣੇ ਰੱਖ ਕੇ ਬਣਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਉਸਾਰੀ ਸਮੇਂ ਬਿਰਧ ਅਵਸਥਾ ਦੀਆਂ ਲੋੜਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਹੁੰਦਾ। ਇਸੇ ਤਰ੍ਹਾਂ ਸੰਸਾਰ ਦੇ ਸ਼ਕਤੀਸ਼ਾਲੀ ਪ੍ਰਬੰਧਾਂ ਨੂੰ ਵੀ ਬੁੜ੍ਹਾਪੇ ਦੀਆਂ ਲੋੜਾਂ ਬਾਰੇ ਸੋਚਣ ਦਾ ਖਿਆਲ ਘੱਟ ਆਇਆ ਹੈ। ਜੇ ਕਦੀ ਕਿਸੇ ਨੇ ਬੁੜ੍ਹਾਪੇ ਦਾ ਖ਼ਿਆਲ ਕੀਤਾ ਵੀ ਹੈ ਤਾਂ ਕੇਵਲ ਇਸ ਦੇ ਕਸ਼ਟਾਂ-ਕਲੇਸ਼ਾਂ ਦਾ ਚੇਤਾ ਕਰਵਾ ਕੇ ਜੀਵਨ ਨੂੰ ਬਰਾਉਣ ਦੇ ਮਨੋਰਥ ਨਾਲ। ਇਸ ਦੇ ਦੁੱਖਾਂ ਦੇ ਦਾਰੂ ਨੂੰ ਦੁਰਲੱਭ ਦੱਸਦਿਆਂ ਹੋਇਆ ਇਸ ਨੂੰ ਆਪਣੇ ਕੀਤੇ ਦਾ ਫਲ ਭੁਗਤਣ ਲਈ ਛੱਡ ਦਿੱਤਾ ਜਾਂਦਾ ਰਿਹਾ ਹੈ।
ਸਨਅਤੀ ਸਮਾਜਾਂ ਦੀਆਂ ਲੋੜਾਂ ਨੇ ਹਾਲਤ ਬਦਲ ਦਿੱਤੀ ਹੈ । ਹੁਣ ਬੁੜ੍ਹਾਪੇ ਦੀ ਖ਼ੁਸ਼ੀ ਅਤੇ ਖੂਬਸੂਰਤੀ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੋ ਗਿਆ ਹੈ। ਕੀ ਸਾਡੇ ਧਰਮ ਵੀ ਇਸ ਪਾਸੇ ਧਿਆਨ ਦੇਣਗੇ ? ਮਨੁੱਖ ਦੇ ਸੁਧਾਰ ਲਈ ਭੈ ਦੀ ਭਿਆਨਕਤਾ ਦਾ ਸਹਾਰਾ ਲੈਣਾ ਬੰਦ ਕਰ ਕੇ ਧਰਮ ਬੁੜ੍ਹਾਪੇ ਉੱਤੇ ਉਪਕਾਰ ਕਰ ਸਕਦਾ ਹੈ। 'ਕਰ ਸਕਦਾ ਹੈ; ਪਰ ਯਕੀਨ ਨਾਲ ਇਹ ਨਹੀਂ ਆਖਿਆ ਜਾ ਸਕਦਾ ਕਿ ਕਰੇਗਾ। ਸਦੀਆਂ ਦੇ ਸਤਿਕਾਰੇ ਹੋਏ ਸਿਧਾਂਤਾਂ ਦਾ ਸਾਥ ਛੱਡਣਾ ਸੋਖਾ ਨਹੀਂ: ਇਹ ਹੱਥਾਂ ਨਾਲ ਪਾਈਆਂ ਗੰਢਾਂ ਨੂੰ ਦੰਦਾਂ ਨਾਲ ਖੋਲ੍ਹਣ ਵਾਲੀ ਗੱਲ ਹੈ। ਇਸ ਸੰਬੰਧ ਵਿੱਚ ਸਾਨੂੰ ਆਪ ਹੀ ਕੋਈ ਚਾਰਾ ਕਰਨਾ ਪਵੇਗਾ।
––––––––––––
1. ਇਹ ਸ਼ਿਅਰ ਉਨ੍ਹਾਂ ਕੋਲੋਂ ਇਕ ਵਾਰ ਸੁਣਨ ਉੱਤੇ ਯਾਦ ਨਹੀਂ ਸਾਂ ਕਰ ਸਕਿਆ। ਭਾਵ ਨੂੰ ਕੇਂਦਰ ਮੰਨ ਕੇ ਏਧਰੋਂ ਓਧਰੋਂ ਸ਼ਬਦ ਜੋੜ ਦਿੱਤੇ ਹਨ। ਖਿਮਾ ਦਾ ਜਾਚਕ ਹਾਂ।